ਜਲੰਧਰ ਦੀ ਡਾ. ਗਗਨਦੀਪ ਕੌਰ ਕੰਗ ਨੇ ਰਚਿਆ ਇਤਿਹਾਸ
ਵਿਸ਼ਵ ਦੀ ਸਭ ਤੋਂ ਪੁਰਾਣੀ ਵਿਗਿਆਨ ਸੁਸਾਇਟੀ ਦੀ ਮੈਂਬਰ ਬਣੀ
ਚੰਡੀਗੜ੍ਹ : ਜਲੰਧਰ ਦੇ ਪ੍ਰੋ. ਗਗਨਦੀਪ ਕੌਰ ਕੰਗ ਨੂੰ ਵਿਸ਼ਵ ਦੀ ਸਭ ਤੋਂ ਪੁਰਾਣੀ ਵਿਗਿਆਨ ਸੁਸਾਇਟੀ ਦੀ ਮੈਂਬਰ ਬਣਨ ਦਾ ਮਾਣ ਹਾਸਲ ਹੋਇਆ ਹੈ। ਇਹ ਮਾਣ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਮਹਿਲਾ ਬਣ ਗਏ ਹਨ। 56 ਸਾਲਾ ਡਾ. ਗਗਨਦੀਪ ਕੰਗ ਨੂੰ ਇਹ ਮਾਣ ਮੈਡੀਕਲ ਸਾਇੰਸ ਅਤੇ ਜਨ ਸਿਹਤ 'ਚ ਉਨ੍ਹਾਂ ਵਲੋਂ ਪਾਏ ਗਏ ਬਹੁਮੁੱਲੇ ਯੋਗਦਾਨ ਕਾਰਨ ਸਾਲ 2019 ਲਈ ਮਿਲਿਆ ਹੈ। ਡਾ. ਕੰਗ ਫਰੀਦਾਬਾਦ ਸਥਿਤ ਟ੍ਰਾਂਸਲੇਸ਼ਨਲ ਤਕਨੀਕ ਅਤੇ ਸੰਸਥਾਨ ਦੀ ਕਾਰਜਕਾਰੀ ਨਿਦੇਸ਼ਕ ਹਨ।
ਮਹਿਲਾ ਵਿਗਿਆਨੀ ਕੰਗ ਨੂੰ ਭਾਰਤ 'ਚ ਵੈਕਸੀਨ ਵਿਕਸਤ ਕਰਨ ਅਤੇ ਕਲੀਨਿਕਲ ਟ੍ਰਾਂਸਲੇਟਿਵ ਦਵਾਈਆਂ ਲਈ ਟ੍ਰੇਨਿੰਗ ਪ੍ਰੋਗਰਾਮ ਚਲਾਉਣ ਲਈ ਇਹ ਮੈਂਬਰਸ਼ਿਪ ਦਿਤੀ ਗਈ ਹੈ। ਇਸ ਫੈਲੋਸ਼ਿਪ ਦੇ 360 ਸਾਲਾਂ ਦੇ ਇਤਿਹਾਸ ਵਿਚ ਹਾਲੇ ਤਕ ਕਿਸੇ ਭਾਰਤੀ ਮਹਿਲਾ ਨੂੰ ਇਹ ਮਾਣ ਹਾਸਲ ਨਹੀਂ ਹੋ ਸਕਿਆ। ਰਾਇਲ ਸੁਸਾਇਟੀ ਦੀ ਸਥਾਪਨਾ 1663 ਈਸਵੀ ਵਿਚ ਹੋਈ ਸੀ। ਰਾਇਲ ਸੁਸਾਇਟੀ ਨੇ ਭਾਰਤੀ ਵਿਗਿਆਨ ਨੂੰ ਬੱਚਿਆਂ ਵਿਚ ਹੋਣ ਵਾਲੇ ਆਂਤ ਦੇ ਇਨਫੈਕਸ਼ਨ ਅਤੇ ਇਸ ਦੇ ਕਾਰਨ ਹੋਰ ਬਿਮਾਰੀਆਂ ਦੇ ਖ਼ਤਰੇ ਤੋਂ ਬਚਾਅ ਖੋਜ ਦੀ ਵੀ ਸ਼ਲਾਘਾ ਕੀਤੀ ਹੈ।
ਰਾਇਲ ਸੁਸਾਇਟੀ ਦੀ ਵੈਬਸਾਈਟ 'ਤੇ ਗਗਨਦੀਪ ਕੰਗ ਦਾ ਪ੍ਰੋਫਾਈਲ 2019 ਵਿਚ ਚੁਣੇ ਗਏ ਮੈਂਬਰਾਂ ਵਿਚ ਸ਼ਾਮਲ ਕੀਤਾ ਗਿਆਹ ਹੈ। ਪ੍ਰੋਫਾਈਲ ਵਿਚ ਡਾ. ਕੰਗ ਦੀਆਂ ਉਪਲਬਧੀਆਂ ਦੱਸੀਆਂ ਗਈਆਂ ਹਨ। ਗਗਨਦੀਪ ਕੰਗ ਨੇ ਰੋਟਾ ਵਾਇਰਸ, ਟਾਈਫਾਈਡ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਰਾਸ਼ਟਰੀ ਪੱਧਰ 'ਤੇ ਨਿਗਰਾਨੀ ਤੰਤਰ ਬਣਾਉਣ ਵਿਚ ਮਦਦ ਕੀਤੀ ਹੈ। ਗਗਨਦੀਪ ਕੰਗ ਨੇ ਦੋ ਭਾਰਤੀ ਕੰਪਨੀਆਂ ਨੂੰ ਵਿਸ਼ਵ ਸਿਹਤ ਸੰਗਠਨ ਦੀ ਮਦਦ ਲਈ ਸਫ਼ਲ ਵੈਕਸੀਨ ਬਣਾਉਣ ਵਿਚ ਸਹਾਇਤਾ ਕੀਤੀ ਹੈ।
ਮੌਜੂਦਾ ਸਮੇਂ ਵੀ ਗਗਨਦੀਪ ਕੰਗ ਮਨੁੱਖੀ ਪ੍ਰਤੀਰੱਖਿਆ ਤੰਤਰ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰ ਰਹੀ ਹੈ। ਉਂਝ ਮੂਲ ਰੂਪ ਵਿਚ ਉਹ ਸਮਰਾਲਾ ਦੇ ਰਹਿਣ ਵਾਲੇ ਹਨ ਪਰ ਲੰਮੇ ਸਮੇਂ ਤੋਂ ਉਹ ਜਲੰਧਰ ਵਿਚ ਰਹਿੰਦੇ ਰਹੇ ਹਨ। ਡਾ. ਗਗਨਦੀਪ ਕੰਗ ਨੇ ਇਹ ਪ੍ਰਾਪਤੀ ਹਾਸਲ ਕਰ ਕੇ ਸੁਸਾਇਟੀ ਦੇ ਬੀਤੇ 400 ਸਾਲ ਦੇ ਇਤਿਹਾਸ ਨੂੰ ਬਦਲ ਦਿਤਾ ਹੈ। ਪੂਰੇ ਦੇਸ਼ ਨੂੰ ਉਨ੍ਹਾਂ ਦੀ ਇਸ ਮਹਾਨ ਪ੍ਰਾਪਤੀ 'ਤੇ ਮਾਣ ਹੈ।