ਕੋਰੋਨਾ ਜੰਗ 'ਚ ਡਟੇ ਯੋਧਿਆਂ ਦੇ ਬੱਚਿਆਂ ਲਈ ਚੰਡੀਗੜ੍ਹ ਯੂਨੀ. ਵੱਲੋਂ 5 ਕਰੋੜ ਵਜ਼ੀਫ਼ਾ ਸਕੀਮ ਦਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਮੀਡੀਆ, ਸਫ਼ਾਈ ਸੇਵਕਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਬੱਚਿਆਂ ਲਈ ਵਿਸੇਸ਼ ਵਜ਼ੀਫ਼ਾ ਸਕੀਮ ਜਾਰੀ ਕਰਨ ਵਾਲੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣੀ

Chandigarh University Scholarship Corona Virus

ਚੰਡੀਗੜ੍ਹ: ਕੋਰਨਾਵਾਇਰਸ ਦਾ ਪ੍ਰਕੋਪ ਦੁਨੀਆਂ ਭਰ 'ਚ ਸਿਖਰਾਂ 'ਤੇ ਹੈ ਅਤੇ ਇਹ ਮਹਾਂਮਾਰੀ ਵਿਸ਼ਵਵਿਆਪੀ ਪੱਧਰ 'ਤੇ ਸਰਕਾਰਾਂ ਅਤੇ ਲੋਕਾਂ ਲਈ ਚਣੌਤੀ ਬਣ ਗਈ ਹੈ। ਹਾਲਾਂਕਿ ਕੋਰੋਨਾ ਵਾਇਰਸ ਵਿਰੁੱਧ ਜੰਗ ਅਜੇ ਵੀ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਕੋਵਿਡ-19 ਯੋਧੇ ਵਜ਼ੀਫ਼ਾ ਸਕੀਮ ਦਾ ਐਲਾਨ ਕਰਕੇ ਭਾਰਤ ਵਿੱਚ ਮਹਾਂਮਾਰੀ ਵਿਰੁੱਧ ਮੁਹਰਲੀ ਕਤਾਰ ਵਿੱਚ ਲੜ ਰਹੇ ਅਸਲ ਯੋਧਿਆਂ ਨੂੰ ਸੱਚਾ ਸਨਮਾਨ ਦਿੱਤਾ ਹੈ।

ਵਜ਼ੀਫ਼ਾ ਸਕੀਮ ਦਾ ਐਲਾਨ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕੋਵਿਡ-19 ਦੇ ਯੋਧਿਆਂ ਦੇ ਬੱਚਿਆਂ ਨੂੰ 5 ਕਰੋੜ ਦੀ ਵਜ਼ੀਫ਼ਾ ਰਾਸ਼ੀ ਭੇਂਟ ਕੀਤੀ ਜਾਵੇਗੀ, ਜਿਸ ਵਿੱਚ ਡਾਕਟਰ, ਨਰਸਾਂ, ਪੈਰਾ-ਮੈਡੀਕਲ ਸਟਾਫ਼, ਸਫ਼ਾਈ ਸੇਵਕ, ਮੀਡੀਆ ਕਰਮੀ, ਭਾਰਤੀ ਸੂਬਿਆਂ ਦੇ ਪੁਲਿਸ ਮੁਲਾਜ਼ਮ, ਪੈਰਾ ਮਿਲਟਰੀ ਫੋਰਸਾਂ ਅਤੇ ਸੈਨੀਟੇਸ਼ਨ ਵਰਕਰ ਸ਼ਾਮਲ ਹਨ।

ਉਨਾਂ ਕਿਹਾ ਕਿ ਇਹ ਯੋਧੇ ਸਾਡੇ ਸਮਾਜ ਦੇ ਅਜਿਹੇ ਯੋਧੇ ਹਨ ਜੋ ਨਾ ਕੇਵਲ ਕੋਰੋਨਾ ਦੇ ਖ਼ਾਤਮੇ ਲਈ ਜੰਗ ਦੇ ਮੈਦਾਨ 'ਚ ਦਿਨ-ਰਾਤ ਡਟੇ ਹੋਏ ਹਨ ਬਲਕਿ ਜਿਨਾਂ ਨੇ ਨਿਰਸੁਆਰਥ ਭਾਵਨਾ, ਇਮਾਨਦਾਰੀ ਅਤੇ ਦਿੜ੍ਰਤਾ ਨਾਲ ਆਪਣੇ ਪਰਿਵਾਰਾਂ ਤੋਂ ਜ਼ਿਆਦਾ ਡਿਊਟੀ ਅਤੇ ਫਰਜ਼ ਨੂੰ ਪਹਿਲ ਦਿੱਤੀ ਹੈ।ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ ਜਿਸ ਨੇ ਕੋਵਿਡ-19 ਯੋਧਿਆਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ।  

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ. ਸੰਧੂ ਨੇ ਦੱਸਿਆ ਕਿ ਵਜ਼ੀਫ਼ਾ ਸਕੀਮ ਦੇ ਅੰਤਰਗਤ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਪੇਸ਼ ਕੀਤੇ ਗਏ ਸਾਰੇ ਅੰਡਰ-ਗ੍ਰੈਜ਼ੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ 10 ਫ਼ੀਸਦੀ ਸੀਟਾਂ ਇਨਾਂ ਯੋਧਿਆਂ ਦੇ ਬੱਚਿਆਂ ਲਈ ਰਾਖਵੀਂਆਂ ਹੋਣੀਆਂ ਜਦਕਿ ਪੂਰੀ ਕੋਰਸ ਫ਼ੀਸ ਉਤੇ 10 ਫ਼ੀਸਦੀ ਦੀ ਖਾਸ ਰਿਆਇਤ ਦਿੱਤੀ ਜਾਵੇਗੀ।

ਉਨਾਂ ਕਿਹਾ ਕਿ ਇਨਾਂ ਸੈਨਿਕਾਂ ਦੇ ਬੱਚਿਆਂ ਲਈ ਚੰਡੀਗੜ੍ਹ ਯੂਨੀਵਰਸਿਟੀ ਬਤੌਰ ਸਹੀ ਮਾਰਗ ਦਰਸ਼ਕ ਕੰਮ ਕਰੇਗੀ ਕਿ ਉਨਾਂ ਨੇ ਸਿੱਖਿਆ ਦੇ ਕਿਹੜੇ  ਖਿੱਤੇ ਵਿੱਚ ਜਾਣਾ ਹੈ। ਸ. ਸੰਧੂ ਨੇ ਕਿਹਾ ਕਿ ਅਜਿਹੀ ਭਿਆਨਕ ਸਥਿਤੀ 'ਚ ਦੇਸ਼ ਦੀ ਸੇਵਾ 'ਚ ਡਟੇ ਇਨਾਂ ਯੋਧਿਆਂ ਦੀਆਂ ਸੇਵਾਵਾਂ ਬੇਮਿਸਾਲ ਹਨ ਅਤੇ ਸਮੁੱਚੀ ਕੌਮ ਇਨਾਂ ਯੋਧਿਆਂ ਦੇ ਬੱਚਿਆਂ ਦੇ ਭਵਿੱਖ ਦੀ ਦੇਖਭਾਲ ਲਈ ਕਰਜ਼ਦਾਰ ਰਹੇਗੀ।

ਉਨਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਐਲਾਨੀ ਵਜ਼ੀਫ਼ਾ ਸਕੀਮ ਇਨਾਂ ਯੋਧਿਆਂ ਨੂੰ ਸਨਮਾਨ ਅਤੇ ਧੰਨਵਾਦ ਵਿਅਕਤ ਕਰਨ ਲਈ  ਇੱਕ ਨਿਮਾਣਾ ਉਪਰਾਲਾ ਹੈ, ਜੋ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਦੇਸ਼ ਸੇਵਾ 'ਚ ਨਿਰੰਤਰ ਜੁਟੇ ਹਨ।

ਉਨਾਂ ਦੱਸਿਆ ਕਿ ਇਸ ਸਕੀਮ ਦੇ ਅੰਤਰਗਤ 'ਵਰਸਿਟੀ ਦੇ ਵੱਖ-ਵੱਖ ਪ੍ਰੋਗਰਾਮਾਂ 'ਚ ਆਨਲਾਈਨ ਦਾਖ਼ਲੇ ਦੀ ਪ੍ਰੀਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਵਿਦਿਆਰਥੀ ਵਧੇਰੇ ਜਾਣਕਾਰੀ ਲਈ 'ਵਰਸਿਟੀ ਦੀ ਵੈਬਸਾਈਟ www.cuchd.in 'ਤੇ ਪਹੁੰਚ ਕੀਤੀ ਜਾ ਸਕਦੀ ਹੈ ਜਾਂ ਫਿਰ ਹੈਲਪਲਾਈਨ ਨੰਬਰ 1800121288800 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸੀਯੂ-ਏਡ ਮੁਹਿੰਮ ਅਧੀਨ ਤਾਲਾਬੰਦੀ ਦੇ ਪਹਿਲੇ ਦਿਨ ਤੋਂ ਹੀ ਮੋਹਾਲੀ ਅਤੇ ਚੰਡੀਗੜ੍ਹ ਦੇ ਨੇੜਲੇ ਇਲਾਕਿਆਂ 'ਚ ਰੋਜ਼ਾਨਾਂ 2 ਹਜ਼ਾਰ  ਦੇ ਕਰੀਬ ਲੋੜਵੰਦਾਂ ਨੂੰ ਖਾਣਾ ਪਹੁੰਚਾਇਆ ਜਾ ਰਿਹਾ ਹੈ, ਜਿਸ ਦੇ ਅੰਤਰਗਤ ਹੁਣ ਤੱਕ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਿਆਰਾ ਅਤੇ ਸਿਹਤਵੰਦ ਖਾਣਾ ਪਰੋਸਿਆ ਜਾ ਚੁੱਕਾ ਹੈ।

ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਅਨਾਥ ਆਸ਼ਰਮਾਂ, ਏਮਜ਼ ਦਿੱਲੀ, ਪੁਲਿਸ ਪ੍ਰਸ਼ਾਸਨ ਅਤੇ ਪਿੰਡਾਂ 'ਚ 3500 ਲੀਟਰ ਦੇ ਕਰੀਬ ਹੈਂਡ ਸੈਨੇਟਾਈਜ਼ਰ ਦੀ ਵੰਡ ਕੀਤੀ ਗਈ ਹੈ। ਜ਼ਿਲਾ ਪ੍ਰਸ਼ਾਸਨ ਮੋਹਾਲੀ ਦੇ ਸਹਿਯੋਗ ਨਾਲ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਘੜੂੰਆਂ ਵਿਖੇ 1000 ਬੈਂਡਾਂ ਤੋਂ ਵੱਧ ਸਮਰਥਾ ਦੀ ਆਈਸੋਲੇਸ਼ਨ ਸਹੂਲਤ ਕਾਇਮ ਕੀਤੀ ਹੈ ਜਦਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਪ੍ਰਭਾਵਿਤ ਹੋਏ ਬੇਸਹਾਰਾ ਪਸ਼ੂਆਂ ਨੂੰ ਭੋਜਨ ਪਹੁੰਚਾਉਣ ਲਈ 'ਵਰਸਿਟੀ ਦੇ ਵਲੰਟੀਅਰ ਨਿਰੰਤਰ ਕਾਰਜਸ਼ੀਲ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।