ਮੌਸਮ ਦੇ ਬਦਲੇ ਮਿਜ਼ਾਜ਼ ਨੇ ਕਿਸਾਨਾਂ ਦੀ ਵਧਾਈ ਚਿੰਤਾ, ਕਣਕ ਦੀ ਵਢਾਈ ਤੇ ਖਰੀਦ ਪ੍ਰਭਾਵਤ ਹੋਣ ਦਾ ਖਦਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਡੀਆਂ ਵਿਚ ਖੁਲੇ ਅਸਮਾਨ ਹੇਠ ਪਈ ਕਣਕ ਭਿੱਜਣ ਦਾ ਡਰ

weather

ਚੰਡੀਗੜ੍ਹ : ਕਈ ਦਿਨਾਂ ਦੀ ਖੁਸ਼ਕੀ ਤੋਂ ਬਾਅਦ ਮੌਸਮ ਵਿਚ ਅਚਾਨਕ ਆਏ ਬਦਲਾਅ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਮੰਗਲਵਾਰ ਸਵੇਰ ਤੋਂ ਹੀ ਅਸਮਾਨ ਵਿਚ ਕਾਲੀਆਂ ਘਟਾਵਾਂ ਨੇ ਡੇਰਾ ਜਮਾਉਣਾ ਸ਼ੁਰੂ ਕਰ ਦਿਤਾ ਜਿਸ ਤੋਂ ਬਾਅਦ ਕਣਕ ਦੀ ਵੱਢਾਈ ਅਤੇ ਖਰੀਦ ਦੇ ਚੱਲ ਰਹੇ ਕੰਮ ਵਿਚ ਖੜੋਤ ਆਉਣ ਦਾ ਖਦਸ਼ਾ ਪੈਦਾ ਹੋ ਗਿਆ ਹੈ।

ਇਸ ਦੌਰਾਨ ਕੰਬਾਈਨ ਨਾਲ ਵੱਢੀ ਕਣਕ ਵਾਲੇ ਖੇਤਾਂ ਵਿਚ ਤੂੜੀ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ। ਬੱਦਲ ਪੈਣ ਦੀ ਸੂਰਤ ਵਿਚ ਇਸ ਵਿਚ ਖੜੋਤ ਆਉਣ ਦੀ ਸੰਭਾਵਨਾ ਹੈ। ਮੀਂਹ ਦੇ ਨਾਲ-ਨਾਲ ਹਨੇਰੀ ਚੱਲਣ ਕਾਰਨ ਖੁਲੇ ਵਿਚ ਪਈ ਤੂੜੀ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।

ਭਾਵੇਂ ਜ਼ਿਆਦਾਤਰ ਇਲਾਕੇ ਵਿਚ ਕਣਕ ਦੀ ਵੱਢਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਪਰ ਮੰਡੀਆਂ ਵਿਚ ਕਣਕ ਦੇ ਖੁਲ੍ਹੇ ਅਸਮਾਨ ਹੇਠ ਅੰਬਾਰ ਲੱਗੇ ਹੋਏ ਹਨ। ਇਸ ਬਾਰੇ ਮੌਸਮ ਵਿਭਾਗ ਨੇ ਅਗਾਊ ਚਿਤਾਵਨੀ ਵੀ ਜਾਰੀ ਕਰ ਦਿਤੀ ਸੀ। ਮੌਸਮ ਵਿਚ ਆਏ ਬਦਲਾਅ ਨੂੰ ਵੇਖਦਿਆਂ ਕਿਸਾਨ ਇੰਦਰ ਦੇਵਤਾ ਅੱਗੇ ਮੀਂਹ ਨਾ ਪਾਉਣ ਦੀਆਂ ਅਰਦਾਸਾਂ ਕਰ ਰਹੇ ਹਨ। ਕਿਉਂਕਿ ਬਾਰਿਸ਼ ਹੋਣ ਦੀ ਸੂਰਤ ਵਿਚ ਸਭ ਤੋਂ ਵੱਡਾ ਨੁਕਸਾਨ ਕਿਸਾਨਾਂ ਨੂੰ ਹੀ ਸਹਿਣਾ ਪੈਂਦਾ ਹੈ।

ਮੰਡੀਆਂ ਅੰਦਰ ਬੈਠੇ ਕਿਸਾਨ ਹੁਣ ਆਪਣੀ ਫ਼ਸਲ ਦੇ ਬਚਾਅ ਲਈ ਆਪਣੇ ਪੱਧਰ ’ਤੇ ਪ੍ਰਬੰਧ ਕਰਨ ਲੱਗੇ ਹਨ। ਬਾਰਿਸ਼ ਦੇ ਪਾਣੀ ਤੋਂ ਬਚਾਅ ਲਈ ਤਰਪਾਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਕਈ ਕਈ ਦਿਨਾਂ ਤੋਂ ਮੰਡੀਆਂ ਵਿਚ ਬੈਠੇ ਕਿਸਾਨਾਂ ਦੇ ਸਬਰ ਦਾ ਪਿਆਲਾ ਹੁਣ ਭਰ ਗਿਆ ਹੈ। ਕਈ ਥਾਈ ਕਣਕ ਦੀ ਸਫਾਈ ਤੇ ਤੁਲਾਈ ਦੀ ਵਾਰੀ ਨੂੰ ਲੈ ਕੇ ਕਿਸਾਨਾਂ ਅਤੇ ਲੇਵਰ ਵਿਚਾਲੇ ਖਿਚੋਤਾਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਕਿਸਾਨਾਂ ਮੁਤਾਬਕ ਕਟਾਈ ਦੇ ਸੀਜ਼ਨ ਦਾ 10 ਤੋਂ 15 ਦਿਨਾਂ ਤਕ ਵਧੇਰੇ ਜ਼ੋਰ ਹੁੰਦਾ ਹੈ ਤੇ ਜੇਕਰ ਇਸ ਅਰਸੇ ਦੌਰਾਨ ਬਾਰਿਸ਼ ਨਹੀਂ ਹੁੰਦੀ ਤਾਂ ਕਟਾਈ ਸਮੇਂ ਸਿਰ ਹੋਣ ਦੇ ਨਾਲ ਕਿਸਾਨਾਂ ਦੀ ਮੰਡੀ ਵਿਚ ਹੋਣ ਵਾਲੀ ਖੱਜਲ-ਖੁਆਰੀ ਤੋਂ ਬਚਾਅ ਹੋ ਜਾਂਦਾ ਹੈ।