ਕੁੰਵਰ ਵਿਜੇ ਵਿਰੁਧ ਮਾਣਹਾਨੀ ਦਾ ਕੇਸ ਕਰਾਂਗਾ : ਸੁਖਬੀਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਸਪਸ਼ਟ ਹੈ ਕਿ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਕਾਲੀ ਦਲ ਅਤੇ ਬਾਦਲ ਪ੍ਰਵਾਰ ਨੂੰ ਨਿਸ਼ਾਨਾ ਬਣਾਉਣ ਦਾ ਖੁਮਾਰ ਚੜ੍ਹਿਆ ਹੋਇਆ ਸੀ- ਬਾਦਲ

Sukhbir Badal and Kunwar vijay Pratap

ਚੰਡੀਗੜ੍ਹ (ਭੁੱਲਰ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਕੋਟਕਪੁਰਾ ਫ਼ਾਇਰਿੰਗ ਕੇਸ ਦੇ ਗਵਾਹ ਅਜੀਤ ਸਿੰਘ ਨੂੰ ਕਦੇ ਨਹੀਂ ਮਿਲੇ ਅਤੇ ਉਹ ਕੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਇਹ ਝੂਠਾ ਦਾਅਵਾ ਕਿ ਮੈਂ ਗਵਾਹ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਨੌਕਰੀ ਦੇਣ ਦਾ ਵਾਅਦਾ ਕਰ ਕੇ ਉਸ ਨੂੰ ਭਲੋਣ ਦੀ ਕੋਸ਼ਿਸ਼ ਕੀਤੀ, ਕਰਨ ਲਈ ਉਨ੍ਹਾਂ ਵਿਰੁਧ ਮਾਣਹਾਨੀ ਦਾ ਕੇਸ ਕਰਨਗੇ। 

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਕਾਲੀ ਦਲ ਅਤੇ ਬਾਦਲ ਪ੍ਰਵਾਰ ਨੂੰ ਨਿਸ਼ਾਨਾ ਬਣਾਉਣ ਦਾ ਖੁਮਾਰ ਚੜ੍ਹਿਆ ਹੋਇਆ ਸੀ ਤੇ ਇਸੇ ਮਕਸਦ ਲਈ ਉਸ ਨੇ ਇਹ ਦੂਸ਼ਣਬਾਜ਼ੀ ਦਾ ਪੱਤਰ ਸੂਬੇ ਦੇ ਡੀ ਜੀ ਪੀ ਨੂੰ ਭੇਜ ਕੇ ਝੂਠੇ ਦੋਸ਼ ਲਗਾਏ।

ਉਨ੍ਹਾਂ ਕਿਹਾ ਕਿ ਆਈ ਜੀ ਨੂੰ ਪਹਿਲਾਂ ਹੀ ਹਾਈ ਕੋਰਟ ਵਿਚ ਚਲ ਰਹੇ ਕੋਟਕਪੁਰਾ ਗੋਲੀਬਾਰੀ ਕੇਸ ਦੀ ਕਾਰਵਾਈ ਤੋਂ ਪਤਾ ਸੀ ਕਿ ਉਸ ਦੀ ਜਾਂਚ ਰੱਦ ਕਰ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤਾਜ਼ਾ ਦੂਸ਼ਣਬਾਜ਼ੀ ਅਸਲ ਵਿਚ ਉਸ ਦੀ ਭਾਰੀ ਨਮੋਸ਼ੀ ਦਾ ਨਤੀਜਾ ਹੈ ਜਿਸ ਦਾ ਮਕਸਦ ਕਾਂਗਰਸ ਪਾਰਟੀ ਦੇ ਸਿਆਸੀ ਏਜੰਡੇ ’ਤੇ ਤਿੰਨ ਸਾਲ ਚਲਣ ਮਗਰੋਂ ਕੇਸ ਦਾ ਸਿਆਸੀਕਰਨ ਕਰਨਾ ਹੈ। ਉਨ੍ਹਾਂ ਕਿਹਾ ਕਿ ਆਈ ਜੀ ਨੇ ਕਾਂਗਰ ਸਰਕਾਰ ਦੇ ਇਸ਼ਾਰੇ ’ਤੇ ਅਕਾਲੀ ਦਲ ਅਤੇ ਇਸ ਦੀ ਸੀਨੀਅਰ ਲੀਡਰਸ਼ਿਪ ਨੂੰ ਕੇਸ ਵਿਚ ਫਸਾਉਣ ਦਾ ਯਤਨ ਕੀਤਾ ਪਰ ਉਹ ਇਸ ਕੰਮ ਵਿਚ ਅਸਫ਼ਲ ਰਿਹਾ।