ਬਠਿੰਡਾ ਲੋਕ ਸਭਾ ਹਲਕੇ 'ਚ ਹੋਏ ਭਾਰੀ ਮਤਦਾਨ ਨੇ ਸਿਆਸੀ ਪੰਡਤ ਸੋਚੀਂ ਪਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸੀ ਇਸ ਨੂੰ ਮੋਦੀ ਤੇ ਅਕਾਲੀ ਕਾਂਗਰਸ ਸਰਕਾਰ ਵਿਰੁਧ ਦੱਸ ਰਹੇ ਹਨ ਲੋਕਾਂ ਦਾ ਫ਼ਤਵਾ 

Bathinda

ਬਠਿੰਡਾ : ਬੀਤੇ ਕਲ ਸਤਵੇਂ ਗੇੜ 'ਚ ਬਠਿੰਡਾ ਲੋਕ ਸਭਾ ਹਲਕੇ ਲਈ ਪੰਜਾਬ ਭਰ ਵਿਚੋਂ ਹੋਈ ਰਿਕਾਰਡ ਤੋੜ ਵੋਟ ਪ੍ਰਤੀਸ਼ਤ ਨੇ ਸਿਆਸੀ ਆਗੂਆਂ ਦੇ ਨਾਲ-ਨਾਲ ਸਿਆਸੀ ਪੰਡਿਤਾਂ ਨੂੰ ਵੀ ਸਸੋਪੰਜ 'ਚ ਪਾ ਦਿਤਾ ਹੈ। ਹਾਲਾਂਕਿ ਇਸ ਹਲਕੇ 'ਚ ਇਹ ਵੋਟ ਪ੍ਰਤੀਸ਼ਤ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਘੱਟ ਹੈ ਪ੍ਰੰਤੂ ਸੂਬੇ ਦੇ ਦੂਜੇ ਲੋਕ ਸਭਾ ਹਲਕਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਵੱਧ ਹੈ। ਕਾਂਗਰਸੀ ਆਗੂ ਜਿੱਥੇ ਇਸ ਵੋਟ ਪ੍ਰਤੀਸ਼ਤ ਨੂੰ  ਕੇਂਦਰ ਦੀ ਮੋਦੀ ਹਕੂਮਤ ਦੇ ਵਿਰੁਧ ਲੋਕਾਂ ਦਾ ਫ਼ਤਵਾ ਦੱਸ ਰਹੇ ਹਨ, ਉਥੇ ਅਕਾਲੀ ਵੋਟਾਂ ਦੇ ਉਤਸ਼ਾਹ ਨੂੰ ਸੂਬੇ ਦੀ ਕੈਪਟਨ ਹਕੂਮਤ ਦੇ ਢਾਈ ਸਾਲਾਂ ਦਾ ਵਿਰੋਧ ਦੱਸ ਰਹੇ ਹਨ।

ਜ਼ਿਕਰਯੋਗ ਹੈ ਕਿ ਪੂਰੇ ਪੰਜਾਬ ਦੇ ਵਿਚ ਵੋਟ ਪ੍ਰਤੀਸ਼ਤ 65 ਫ਼ੀ ਸਦੀ ਰਹੀ ਹੈ ਜਦੋਂ ਕਿ ਬਠਿੰਡਾ ਵਿਚ 73.90 ਫ਼ੀ ਸਦੀ ਰਹੀ ਹੈ। ਅੰਕੜਿਆਂ ਮੁਤਾਬਕ ਇਸ ਵਾਰ ਲੋਕ ਸਭਾ ਹਲਕੇ 'ਚ ਆਉਂਦੇ ਬੁਢਲਾਡਾ, ਲੰਬੀ ਤੇ ਸਰਦੂਲਗੜ੍ਹ ਹਲਕਿਆਂ 'ਚ ਕ੍ਰਮਵਾਰ ਇਹ ਪ੍ਰਤੀਸ਼ਤਾ 79 ਫ਼ੀ ਸਦੀ, 73.84 ਫ਼ੀ ਸਦੀ ਅਤੇ 77.50 ਫ਼ੀ ਸਦੀ ਵੋਟਾਂ ਰਹੀ ਹੈ। ਜਦੋਂਕਿ ਬਠਿੰਡਾ ਸ਼ਹਿਰੀ ਹਲਕੇ ਵਿਚ ਸੱਭ ਤੋਂ ਘੱਟ ਹੈ, 67.60 ਫ਼ੀ ਸਦੀ ਰਹੀ ਹੈ। ਇਸ ਤੋਂ ਇਲਾਵਾ ਬਠਿੰਡਾ ਦਿਹਾਤੀ ਹਲਕੇ 'ਚ 73 ਫ਼ੀ ਸਦੀ, ਤਲਵੰਡੀ ਸਾਬੋ ਹਲਕੇ 'ਚ 71ਫ਼ੀ ਸਦੀ, ਭੁੱਚੋ ਮੰਡੀ ਹਲਕੇ 'ਚ 74.73 ਫ਼ੀ ਸਦੀ, ਮੌੜ ਹਲਕੇ 'ਚ 73.40 ਫ਼ੀ ਸਦੀ, ਮਾਨਸਾ ਹਲਕੇ 'ਚ 75 ਫ਼ੀ ਸਦੀ ਰਹੀ ਹੈ।

ਉਂਜ ਇਹ ਸਾਲ 2014 ਅਤੇ ਸਾਲ 2009 ਦੀਆਂ ਚੋਣਾਂ ਦੇ ਮੁਕਾਬਲੇ ਕਾਫ਼ੀ ਘੱਟ ਵੋਟ ਪ੍ਰਤੀਸ਼ਤ ਹੈ। ਵੋਟਾਂ ਤੋਂ ਬਾਅਦ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਪਈਆਂ ਵੋਟਾਂ ਦੇ ਸਿਆਸੀ ਅਨੁਮਾਨ ਵੀ ਲਗਾਏ ਗਏ। ਚਰਚਾ ਮੁਤਾਬਕ ਪੇਂਡੂ ਖੇਤਰਾਂ ਵਿਚ ਪਈ ਵੱਧ ਵੋਟ ਨੂੰ ਅਕਾਲੀ ਦਲ ਅਪਣੇ ਹੱਕ ਵਿਚ ਮੰਨਦਾ ਹੈ। ਹਾਲਾਂਕਿ ਕਾਂਗਰਸੀਆਂ ਦਾ ਦਾਅਵਾ ਹੈ ਕਿ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਅਕਾਲੀ ਉਮੀਦਵਾਰ ਦਾ ਪਿੰਡਾਂ ਵਿਚ ਭਾਰੀ ਵਿਰੋਧ ਹੋਇਆ ਸੀ, ਅਜਿਹੇ ਹਾਲਾਤ 'ਚ ਪੇਂਡੂ ਖੇਤਰ ਵਿਚ ਕਾਂਗਰਸ ਹੀ ਅੱਗੇ ਰਹੇਗੀ।

ਹੈਰਾਨੀ ਵਾਲੀ ਇਹ ਵੀ ਦੇਖਣ ਨੂੰ ਮਿਲੀ ਕਿ ਵੋਟਾਂ ਦੇ ਭੁਗਤਾਨ ਦੀ ਪ੍ਰੀਕ੍ਰਿਆ ਵਿਚ ਬਾਅਦ ਦੁਪਹਿਰ ਅਚਾਨਕ ਤੇਜ਼ੀ ਆਈ ਅਤੇ ਸ਼ਾਮ 5 ਵਜੇ ਤਕ 62 ਪ੍ਰਤੀਸ਼ਤ ਤੋਂ ਵੀ ਵੱਧ ਵੋਟਰਾਂ ਵਲੋਂ ਵੋਟਾਂ ਭੁਗਤਾ ਦਿਤੀਆਂ ਗਈਆਂ ਸਨ। ਸੂਤਰਾਂ ਮੁਤਾਬਕ ਇਸ ਵਾਰ ਉਮੀਦ ਦੇ ਉਲਟ ਸਿਆਸੀ ਪਾਰਟੀਆਂ ਨੇ ਵੋਟਰਾਂ ਨੂੰ ਵੰਡਣ ਵਾਲੇ ਪੈਸੇ ਪ੍ਰਤੀ ਹੱਥ ਘੁੱਟ ਕੇ ਹੀ ਰਖਿਆ ਸੀ। ਜਿਸ ਦੇ ਕਾਰਨ ਇਸ ਝਾਕ 'ਚ ਇੰਤਜ਼ਾਰ ਕਰਨ ਵਾਲਿਆਂ ਨੇ ਬਾਅਦ ਦੁਪਿਹਰ ਹੀ ਮਸ਼ੀਨਾਂ 'ਤੇ ਬਟਨ ਦਬਾਇਆ।

ਜਿੱਥੇ ਆਮ ਲੋਕ ਇਨ੍ਹਾਂ ਚੋਣਾਂ 'ਚ ਪੈਸਾ ਘੱਟ ਚੱਲਣ ਤੋਂ ਕਾਫ਼ੀ ਖ਼ੁਸ਼ ਦਿਖ਼ਾਈ ਦੇ ਰਹੇ ਹਨ, ਉਥੇ ਸਿਆਸੀ ਮਾਹਰ ਇਸ ਨੂੰ ਵੀ ਕਾਂਗਰਸ ਦੇ ਹੱਕ ਵਿਚ ਇਕ ਵੱਡਾ ਫ਼ੈਕਟਰ ਦੱਸ ਰਹੇ ਹਨ। ਦਲੀਲ ਦੇਣ ਵਾਲਿਆਂ ਮੁਤਾਬਕ ਜ਼ਿਆਦਾਤਰ ਉਮੀਦ ਅਕਾਲੀ ਉਮੀਦਵਾਰ ਤੋਂ ਹੀ ਲੋਕਾਂ ਨੂੰ ਲੱਗੀ ਹੋਈ ਸੀ ਤੇ ਅਜਿਹੀ ਹਾਲਾਤ 'ਚ ਸ਼ਾਮ ਨੂੰ ਵੋਟਾਂ ਭੁਗਤਾਉਣ ਵਾਲਿਆਂ ਨੇ ਜ਼ਿਆਦਾਤਰ ਗੁੱਸਾ ਵੀ ਇਸ ਪਾਰਟੀ ਦੇ ਉਮੀਦਵਾਰ ਪ੍ਰਤੀ ਹੀ ਕਢਿਆ ਹੈ। ਜਿਸ ਦਾ ਕਾਂਗਰਸੀ ਉਮੀਦਵਾਰ ਨੂੰ ਯਕੀਨਨ ਫ਼ਾਇਦਾ ਹੋਣ ਦੀ ਉਮੀਦ ਹੈ।