ਵੇਟ ਲਿਫ਼ਟਿੰਗ ’ਚ ਪੰਜਾਬ ਦੀ ਆਇਰਨ ਲੇਡੀ ਜਗਰੀਤ ਕੌਰ ਨੇ ਮਾਰੀਆਂ ਮੱਲਾਂ
ਕਿਹਾ, ਭਾਰਤ ਤੋਂ ਬਾਅਦ ਵਿਦੇਸ਼ਾਂ ਵਿਚ ਵੀ ਤੋੜਨਾ ਚਾਹੁੰਦੀ ਹਾਂ ਰਿਕਾਰਡ
ਪੰਜਾਬ ਦੀਆਂ ਧੀਆਂ ਜਿਥੇ ਵਿਦਿਅਕ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ, ਉਥੇ ਹੀ ਖੇਡਾਂ ਵਿਚ ਵੀ ਕਿਸੇ ਤੋਂ ਘੱਟ ਨਹੀਂ। ਰੋਜ਼ਾਨਾ ਸਪੋਕਸਮੈਨ ਦੀ ਟੀਮ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਬਾਠਾਂ ’ਚ ਪਹੁੰਚੀ, ਜਿਥੇ ਦੀ ਧੀ ਨੇ ਦੋ ਵਾਰ ਨੈਸ਼ਨਲ ਪੱਧਰ ’ਤੇ ਤਮਗ਼ੇ ਜਿੱਤੇ ਹਨ ਤੇ ਵੇਟ ਲਿਫ਼ਟਿੰਗ ਵਿਚ ਵੱਡੀਆਂ ਮੱਲਾਂ ਮਾਰ ਰਹੀ ਹੈ। ਖਿਡਾਰਨ ਜਗਰੀਤ ਕੌਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਸ੍ਰੀਨਗਰ ਦੀ ਆਲ ਇੰਡੀਆ ਯੂਨੀਵਰਸੀਟੀ ਵਿਚ ਖੇਡਣ ਗਏ ਸਨ। ਜਿੱਥੇ ਅਸੀਂ ਆਪਣੀ ਖੇਡ ਦਾ 100 ਫ਼ੀ ਸਦੀ ਦੇ ਕੇ ਆਏ ਹਾਂ।
ਇਸ ਤੋਂ ਪਹਿਲਾਂ ਅਸੀਂ ਪਿਛਲੇ ਸਾਲ ਪਟਿਆਲਾ ਖੇਡਣ ਗਏ ਸਨ। ਹੁਣ ਸਾਡੀ ਨੈਸ਼ਨਲ ਲਈ ਚੋਣ ਹੋਈ ਹੈ। ਮੇਰੇ ਪਰਿਵਾਰ ਤੇ ਕੋਚ ਵਲੋਂ ਮੈਨੂੰ ਪੂਰਾ ਸਹਿਯੋਗ ਮਿਲਦਾ ਹੈ। ਮੈਨੂੰ ਪਰਿਵਾਰ ਵਲੋਂ ਖੇਡਣ ਲਈ ਪੂਰਾ ਸਮਾਂ ਦਿਤਾ ਗਿਆ ਹੈ। ਮੈਂ ਹਰ ਰੋਜ਼ 5 ਤੋਂ 6 ਘੰਟੇ ਪ੍ਰੈਕਟਿਸ ਕਰਦੀ ਹਾਂ। ਜਦੋਂ ਕਿਸੇ ਵੀ ਖਿਡਾਰੀ ਨੂੰ ਸਹਿਯੋਗ ਤੇ ਹੌਸਲਾ ਮਿਲਦਾ ਹੈ ਤਾਂ ਥਕਾਵਨ ਨਹੀਂ ਹੁੰਦੀ। ਮੈਂ ਆਉਣ ਵਾਲੇ ਸਮੇਂ ਵਿਚ ਪਹਿਲਾਂ ਤਾਂ ਭਾਰਤ ਵਿਚ ਬਣੇ ਰਿਕਾਰਡ ਤੋੜਨੇ ਹਨ ਤੇ ਬਾਅਦ ਵਿਚ ਵਿਦੇਸ਼ਾਂ ਵਿਚੋਂ ਵੀ ਖਿਤਾਬ ਜਿੱਤ ਕੇ ਲਿਆਉਣੇ ਹਨ।
ਜਗਰੀਤ ਕੌਰ ਨੇ ਕਿਹਾ ਕਿ ਜਿਵੇਂ ਰੱਬ ਨੂੰ ਮਨ ਲਿਆ ਉਦਾਂ ਹੀ ਕੋਚ ਸਾਹਬ ਨੂੰ ਮਨ ਲਿਆ। ਜਿਸ ਮੁਕਾਮ ਤਕ ਮੈਂ ਅੱਜ ਪਹੁੰਚੀ ਹਾਂ ਤਾਂ ਮੇਰੇ ਕੋਚ ਕਰ ਕੇ ਹੀ ਪਹੁੰਚੀ ਹਾਂ। ਸਾਡੇ ਅੰਦਰ ਜਜਬਾ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਕੁੱਝ ਹਾਸਲ ਕਰ ਸਕਦੇ ਹਾਂ। ਅਸੀਂ ਜਿਹੜੀ ਵੀ ਫੀਲਡ ਵਿਚ ਕੰਮ ਕਰਨਾ ਹੈ ਤਾਂ ਵਿਸ਼ਵਾਸ਼ ਤੇ ਜਜਬੇ ਨਾਲ ਕਰੋ ਤਾਂ ਹੀ ਅਸੀਂ ਕਾਮਯਾਬ ਹੋ ਸਕਾਂਗੇ। ਜਗਰੀਤ ਕੌਰ ਦੇ ਕੋਚ ਅਮਜਦ ਖ਼ਾਨ ਨੇ ਕਿਹਾ ਕਿ ਖਿਡਾਰੀ ਕਦੇ ਵੀ ਪੈਦਾ ਨਹੀਂ ਹੁੰਦਾ। ਖਿਡਾਰੀ ਪੈਦਾ ਕਰਨੇ ਪੈਂਦੇ ਹਨ ਤੇ ਤਿਆਰ ਕਰਨਾ ਪੈਂਦਾ ਹੈ।
ਮੈਂ ਜਗਰੀਤ ਕੌਰ ਨੂੰ 5 ਤੋਂ 6 ਘੰਟੇ ਪ੍ਰੈਕਟਿਸ ਕਰਵਾਉਂਦਾ ਹਾਂ, ਜਿਸ ਵਿਚ ਇਸ ਨੂੰ ਆਰਾਮ ਵੀ ਦਿਤਾ ਜਾਂਦਾ ਹੈ। ਅਸੀਂ ਖਿਡਾਰੀ ਨੂੰ ਸ਼ੁਰੂ ਵਿਚ ਸਰਕਲ ਟ੍ਰੇਨਿੰਗ ਕਰਵਾਉਂਦੇ ਹਾਂ। ਅਸੀਂ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਸਿਖਲਾਈ ਦਿੰਦੇ ਹਾਂ। ਸਾਡੇ ਕੋਲ 55 ਖਿਡਾਰੀ ਸਿਖਲਾਈ ਲੈਂਦੇ ਹਨ। ਜੋ ਕਿ ਪੰਜਾਬ ਲਈ ਇਕ ਵੱਡੀ ਗੱਲ ਹੈ, ਕਿ ਇਕ ਸਿਖਲਾਈ ਸੈਂਟਰ ਵਿਚ 55 ਬੱਚੇ ਸਿਖਲਾਈ ਲੈਂਦੇ ਹਨ ਤੇ ਉਚ ਪੱਧਰ ਤਕ ਖੇਡਦੇ ਹਨ। ਜਗਰੀਤ ਕੌਰ ਦੀ ਨੈਸ਼ਨਲ ਖੇਡਾਂ ਤੇ ਕਿੱਟ ਕੰਪੀਟੀਸ਼ਨ ਲਈ ਚੋਣ ਹੋਈ ਹੈ। ਸ਼ੁਰੂ ਵਿਚ ਅਸੀਂ ਜਗਰੀਤ ਕੌਰ ਤੋਂ 40 ਕਿਲੋ ਦੀ ਵੇਟ ਲਿਫ਼ਟਿੰਗ ਕਰਵਾਈ।
ਖੇਡੋ ਇੰਡੀਆ ਪੰਜਾਬ ਵਿਚ ਇਸ ਨੇ 90 ਕਿਲੋ ਦੀ ਵੇਟ ਲਿਫ਼ਟਿੰਗ ਕੀਤੀ ਸੀ। ਫਿਰ ਅਗਲੇ ਕੰਪੀਟੀਸ਼ਨ ਵਿਚ ਅਸੀਂ 135 ਕਿਲੋ ਤਕ ਵੇਟ ਲਿਫ਼ਟਿੰਗ ਕਰ ਕੇ ਆਏ ਸਨ ਤੇ ਅੱਜ ਜਗਰੀਤ ਕੌਰ 250 ਕਿਲੋਂ ਦੀ ਵੇਟ ਲਿਫ਼ਟਿੰਗ ਕਰ ਰਹੀ ਹੈ। ਸਾਨੂੰ ਨਹੀਂ ਲਗਦਾ ਕਿ ਹੁਣ ਤਕ ਕਿਸੇ ਹੋਰ ਖਿਡਾਰਾਣ ਨੇ 200 ਕਿਲੋ ਤੋਂ ਵਧ ਵੇਟ ਲਿਫ਼ਟਿੰਗ ਕੀਤੀ ਹੋਵੇਗੀ। ਜਗਰੀਤ ਕੌਰ ਪੰਜਾਬ ਦੀ ਪਹਿਲੀ ਖਿਡਾਰਣ ਹੈ ਜਿਸ ਨੇ 250 ਕਿਲੋ ਦੀ ਵੇਟ ਲਿਫ਼ਟਿੰਗ ਕੀਤੀ ਹੈ। ਜਗਰੀਤ ਕੌਰ ਨੂੰ ਆਈਰਨ ਲੀਡੀ ਦਾ ਖਿਤਾਬ ਮਿਲਿਆ ਹੈ ਤੇ ਦੋ ਵਾਰ ਸਟਰੋਂਗ ਲੇਡੀ ਦਾ ਖਿਤਾਬ ਵੀ ਜਿੱਤਿਆ ਹੈ।