ਉਦਯੋਗਪਤੀਆਂ ਲਈ ਜਲ ਸੋਧ ਪਲਾਂਟ ਕੀਤੇ ਲਾਜ਼ਮੀ
ਵਾਤਾਵਰਣ ਅਤੇ ਸਿਖਿਆ ਮੰਤਰੀ ਪੰਜਾਬ ਓ.ਪੀ.ਸੋਨੀ ਨੇ ਕਿਹਾ ਹੈ ਕਿ ਉਹ ਸੂਬੇ ਅੰਦਰ ਪਾਣੀ, ਹਵਾ ਤੇ ਅਵਾਜ਼ ਪ੍ਰਦੂਸ਼ਣ ਨੂੰ ਰੋਕਣ ਦੇ ਮੰਤਵ ਲਈ ਸਾਰੇ......
ਜਲੰਧਰ : ਵਾਤਾਵਰਣ ਅਤੇ ਸਿਖਿਆ ਮੰਤਰੀ ਪੰਜਾਬ ਓ.ਪੀ.ਸੋਨੀ ਨੇ ਕਿਹਾ ਹੈ ਕਿ ਉਹ ਸੂਬੇ ਅੰਦਰ ਪਾਣੀ, ਹਵਾ ਤੇ ਅਵਾਜ਼ ਪ੍ਰਦੂਸ਼ਣ ਨੂੰ ਰੋਕਣ ਦੇ ਮੰਤਵ ਲਈ ਸਾਰੇ ਸ਼ਹਿਰਾਂ ਵਿਚ ਉਦਯੋਗਿਕ ਐਸੋਸੀਏਸ਼ਨਾਂ ਤੇ ਉਦਯੋਗਪਤੀਆਂ ਤਕ ਪਹੁੰਚ ਕਰਨਗੇ ਅਤੇ ਉਨ੍ਹਾਂ ਨੂੰ ਦੋ ਮਹੀਨਿਆਂ ਅੰਦਰ ਜਲ ਸੋਧ ਭਾਵ ਵਾਟਰ ਟਰੀਟਮੈਂਟ ਪਲਾਂਟ ਲਾਉਣਾ ਹੋਵੇਗਾ। ਅੱਜ ਇਥੇ ਉਦਯੋਗਪਤੀਆਂ ਦੀਆਂ ਐਸੋਸੀਏਸ਼ਨਾਂ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਖੇਡਾਂ ਅਤੇ ਚਮੜਾ ਉਦਯੋਗ ਸ਼ਾਮਿਲ ਹਨ,
ਨਾਲ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ ਅਗਲੇ 2 ਮਹੀਨਿਆਂ ਵਿੱਚ ਅਪਣੇ ਵਾਟਰ ਟਰੀਟਮੈਂਟ ਪਲਾਂਟਾਂ ਨੂੰ ਚਾਲੂ ਕਰ ਲੈਣਾ ਚਾਹੀਦਾ ਹੈ, ਤਾਂ ਜੋ ਨਦੀਆਂ, ਨਾਲਿਆਂ ਵਿਚ ਗੰਦਾ ਪਾਣੀ ਪੈਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਮਾਂ ਸੀਮਾ ਤੋਂ ਬਾਅਦ ਪਾਣੀ ਪ੍ਰਦੂਸ਼ਣ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਉਦਯੋਗਪਤੀਆਂ ਨੂੰ ਵਾਤਾਵਰਣ ਨਾਲ ਸਬੰਧਿਤ ਦਰਪੇਸ਼ ਮਸਲਿਆਂ ਦੇ ਹੱਲ ਲਈ 21 ਜੂਨ ਨੂੰ ਉਦਯੋਗ ਮੰਤਰੀ ਨਾਲ ਪੰਜਾਬ ਭਵਨ ਵਿੱਚ ਇਕ ਉਚੱ ਪੱਧਰੀ ਸਾਂਝੀ ਮੀਟਿੰਗ ਕੀਤੀ ਜਾ ਰਹੀ ਹੈ
ਜਿਸ ਦੌਰਾਨ ਰਾਜ ਵਿੱਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਭਵਿੱਖ ਵਿੱਚ ਕੁਦਰਤੀ ਸੋਮਿਆਂ ਨੂੰ ਬਚਾਉਣ ਸਬੰਧੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਵਲੋਂ ਲੁਧਿਆਣਾ ਵਿਖੇ ਬੁੱਢਾ ਨਾਲੇ ਦੀ ਅਸਲ ਸਥਿਤੀ ਦਾ ਜਾਇਜ਼ਾ ਲੈਣ ਲਈ ਵੀ ਦੌਰਾ ਕੀਤਾ ਹੈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਲੁਧਿਆਣਾ ਨੂੰ ਦਹਾਕਿਆਂ ਤੋਂ ਵੱਧ ਇਸ ਨਾਲੇ ਵਿੱਚ ਪ੍ਰਦੂਸ਼ਣ ਦੀ ਚਲੀ ਆ ਰਹੀ ਸਮੱਸਿਆ ਦੇ ਹੱਲ ਲਈ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।
ਇਸ ਤੋਂ ਪਹਿਲਾਂ ਉਦਯੋਗਿਕ ਐਸੋਸੀਏਸ਼ਨਾਂ ਵਲੋਂ ਆਪਣੇ ਯਾਦ ਪੱਤਰ ਉਨਾਂ ਨੂੰ ਦਿੱਤੇ ਗਏ ਜਿਸ 'ਤੇ ਉਨਾਂ ਨੇ ਸਾਰਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਵਿਧਾਇਕ ਰਜਿੰਦਰ ਬੇਰੀ, ਚੌਧਰੀ ਸੁਰਿੰਦਰ ਸਿੰਘ, ਸਾਬਕਾ ਮੰਤਰੀ ਅਵਤਾਰ ਹੈਨਰੀ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਕਮਿਸ਼ਨਰ ਪੁਲਿਸ ਪਰਵੀਨ ਕੁਮਾਰ ਸਿਨਹਾ, ਐਸ.ਐਸ.ਪੀ.ਗੁਰਪ੍ਰੀਤ ਸਿੰਘ ਭੁੱਲਰ, ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਅਤੇ ਐਸ.ਡੀ.ਐਮ.ਰਾਜੀਵ ਵਰਮਾ ਵੀ ਹਾਜ਼ਰ ਸਨ।