ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀ ਦੇਣ ਖਿਲਾਫ਼ ਸੱਥ ਤੋਂ ਲੈ ਕੇ ਵਿਧਾਨ ਸਭਾ ਤੱਕ ਸੰਘਰਸ਼ ਕਰੇਗੀ 'ਆਪ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਘਰ-ਘਰ ਰੁਜ਼ਗਾਰ ਦਾ ਵਾਅਦਾ ਕੀਤਾ ਸੀ

MLA Kultar Singh Sandhwan

ਚੰਡੀਗੜ੍ਹ-ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਵਿੰਗ ਦੇ ਪ੍ਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੇਵਲ ਕਾਂਗਰਸੀਆਂ ਦੇ ਮੁੱਖ ਮੰਤਰੀ ਨਹੀਂ, ਪੰਜਾਬ ਵਾਸੀਆਂ ਦੇ ਮੁੱਖ ਮੰਤਰੀ ਹਨ। ਪਰ ਕੈਪਟਨ ਨੌਕਰੀਆਂ ਸਿਰਫ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਦਿੰਦੇ ਹਨ। ਸੰਧਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀਆਂ ਦੇਣ ਖਿਲਾਫ਼ ਸੱਥ ਤੋਂ ਲੈ ਕੇ ਵਿਧਾਨ ਸਭਾ ਤੱਕ ਸੰਘਰਸ਼ ਕਰੇਗੀ।  ਐਤਵਾਰ ਨੂੰ ਪਾਰਟੀ ਦੇ ਦਫਤਰ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਜੈ ਕਿ੍ਸ਼ਨ ਸਿੰਘ ਰੋੜੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਨੂੰ ਬਚਾਉਣ ਲਈ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਰੁੱਸੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇ ਰਹੇ ਹਨ ਤਾਂ ਜੋ ਉਨ੍ਹਾਂ ਦੀ ਸਰਕਾਰ ਉੱਤੇ ਕੋਈ ਵਿਧਾਇਕ ਉਂਗਲ ਨਾ ਚੁੱਕ ਸਕੇ।

ਇਹ ਵੀ ਪੜ੍ਹੋ-ਅਸਾਮ ਸਰਕਾਰ ਦਾ ਵੱਡਾ ਫੈਸਲਾ,ਬਿਜਲੀ ਬਿੱਲ ਭਰਨ ਤੋਂ ਬਾਅਦ ਹੀ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ

ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਘਰ-ਘਰ ਰੁਜ਼ਗਾਰ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਸਾਰੇ ਰੁਜ਼ਗਾਰ ਕਾਂਗਰਸੀਆਂ ਦੇ ਘਰ 'ਚ ਦੇ ਰਹੇ ਹਨ ਜੋ ਕਿ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹਜ਼ਾਰਾਂ ਅਜਿਹੇ ਪਰਿਵਾਰ ਹਨ ਜਿਨ੍ਹਾਂ ਨੇ ਕਾਲੇ ਦੌਰ 'ਚ ਆਪਣੇ ਪਰਿਵਾਰਕ ਮੈਂਬਰ ਖੋਏ ਹਨ। ਕੀ ਕੈਪਟਨ ਸਰਕਾਰ ਉਨ੍ਹਾਂ ਸਾਰਿਆਂ ਨੂੰ ਨੌਕਰੀ ਦੇਵੇਗੀ?ਕੀ ਕੈਪਟਨ ਨੇ ਸ਼ਹੀਦ ਫੌਜੀਆਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਹਨ?  ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਕਿ ਉਹ ਇਨ੍ਹਾਂ ਗ਼ੈਰਕਾਨੂੰਨੀ ਅਤੇ ਨਿਯਮਾਂ ਦੇ ਉਲਟ ਦਿੱਤੀਆਂ ਗਈਆਂ ਨੌਕਰੀਆਂ ਨੂੰ ਤੁਰੰਤ ਰੱਦ ਕਰਨ, ਨਹੀਂ ਤਾਂ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਨੂੰ ਵੱਡੇ ਪੱਧਰ ਤੇ ਘੇਰੇਗੀ।

ਇਹ ਵੀ ਪੜ੍ਹੋ-ਉੱਤਰਾਖੰਡ 'ਚ 29 ਜੂਨ ਤੱਕ ਵਧਾਇਆ ਗਿਆ ਕੋਰੋਨਾ ਕਰਫਿਊ, 50 ਫੀਸਦੀ ਸਮੱਰਥਾ ਨਾਲ ਖੁਲ੍ਹਣਗੇ ਰੈਸਟੋਰੈਂਟ

ਉਨ੍ਹਾਂ ਕਿਹਾ ਕਿ ਜੋ ਕਾਂਗਰਸੀ ਵਿਧਾਇਕ ਅਤੇ ਪਾਰਟੀ ਦੇ ਆਗੂ ਇਨ੍ਹਾਂ ਗੈਰਕਾਨੂੰਨੀ ਨੌਕਰੀਆਂ ਦੇ ਖਿਲਾਫ ਆਵਾਜ਼ ਚੁੱਕ ਰਹੇ ਹਨ ਉਹ ਖੁੱਲ੍ਹ ਕੇ ਇਸ ਦੇ ਖ਼ਿਲਾਫ਼ ਆਉਣ ਨਹੀਂ ਤਾਂ ਇਸ ਨੂੰ ਸਿਰਫ ਰਾਜਨੀਤੀ ਹੀ ਸਮਝਿਆ ਜਾਵੇਗਾ। ਅਸਲ 'ਚ ਇਹ ਕਾਂਗਰਸੀ ਆਗੂ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਸੌਦੇਬਾਜ਼ੀ ਕਰਨ ਦੇ ਚੱਕਰ 'ਚ ਇਨ੍ਹਾਂ ਨੌਕਰੀਆਂ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਹਨ। ਵਿਧਾਇਕ ਜੈ ਕਿ੍ਸ਼ਨ ਸਿੰਘ ਰੋੜੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਤਰਸ ਕੇਵਲ ਅਮੀਰ ਕਾਂਗਰਸੀਆਂ ਤੇ ਹੀ ਆਉਂਦਾ ਹੈ ਆਮ ਲੋਕਾਂ ਤੇ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਕੈਪਟਨ ਦੀ ਸਰਕਾਰ ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀਆਂ ਦੇਣ ਲਈ ਨਹੀਂ ਸੀ ਬਣਾਈ।

ਇਹ ਵੀ ਪੜ੍ਹੋ-ਪਾਕਿਸਤਾਨ 'ਚ ਸਕੂਲ ਵੈਨ 'ਤੇ ਗੋਲੀਬਾਰੀ, 4 ਅਧਿਆਪਕ ਜ਼ਖਮੀ

ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾਇਆ ਅੱਜ ਉਨ੍ਹਾਂ ਨਾਲ ਹੀ ਧੋਖਾ ਕੀਤਾ ਜਾ ਰਿਹਾ ਹੈ। ਵਿਧਾਇਕ ਰੋੜੀ ਨੇ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਕੈਪਟਨ ਅਮਰਿੰਦਰ ਸਿੰਘ ਕੋਲੋਂ ਹਿਸਾਬ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੜੇ ਲਿਖੇ ਬੱਚੇ ਜਦੋਂ ਨੌਕਰੀਆਂ ਮੰਗਣ ਜਾਂਦੇ ਹਨ ਤਾਂ ਕੈਪਟਨ ਦੀ ਪੁਲਿਸ ਉਨ੍ਹਾਂ ਦੇ ਡੰਡੇ ਮਾਰਦੀ ਹੈ। ਦੇਸ਼ ਦਾ ਨਾਮ ਦੁਨੀਆਂ 'ਚ ਰੌਸ਼ਨ ਕਰਨ ਵਾਲੇ ਖਿਡਾਰੀ ਖੇਤਾਂ 'ਚ ਦਿਹਾੜੀਆਂ ਕਰਨ ਲਈ ਮਜ਼ਬੂਰ ਹਨ। 
ਆਪ ਆਗੂਆਂ ਨੇ ਕਿਹਾ ਕਿ ਸਰਕਾਰ ਬਣਨ ਤੇ ਕਾਂਗਰਸੀਆਂ ਦੇ ਪੁੱਤਾਂ ਨੂੰ ਦਿੱਤੀਆਂ ਨੌਕਰੀਆਂ ਰੱਦ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ-ਮਹਾਰਾਸ਼ਟਰ ਦੇ ਇਨ੍ਹਾਂ 3 ਜ਼ਿਲ੍ਹਿਆਂ 'ਚ ਮਿਲਿਆ ਕੋਰੋਨਾ ਦਾ ਨਵਾਂ ਰੂਪ