ਕਰਜ਼ੇ ਤੋਂ ਤੰਗ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦੇ ਸਿਰ 'ਤੇ ਬੈਂਕ ਆੜਤੀਏ ਦਾ 7 ਲੱਖ ਦੇ ਕਰੀਬ ਕਰਜ਼ਾ ਸੀ

Farmer Suicide

ਦੀਨਾਨਗਰ : ਦੀਨਾਨਗਰ ਦੇ ਅਧੀਨ ਪੈਂਦੇ ਥਾਣਾ ਬਹਿਰਾਮਪੁਰ ਦੇ ਪਿੰਡ ਕੋਹਲੀਆਂ 'ਚ ਇਕ ਕਿਸਾਨ ਵਲੋਂ ਕਰਜੇ ਤੋਂ ਦੁੱਖੀ ਹੋ ਕੇ ਖੇਤ 'ਚ ਆਪਣੀ ਮੋਟਰ 'ਤੇ ਫਾਹਾ ਲੈ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦੇ ਸਿਰ 'ਤੇ ਬੈਂਕ ਆੜਤੀਏ ਦਾ 7 ਲੱਖ ਦੇ ਕਰੀਬ ਕਰਜ਼ਾ ਸੀ। ਮ੍ਰਿਤਕ ਦੀ ਪਹਿਚਾਣ ਤਰਲੋਕ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਕੋਹਲੀਆਂ ਵਜੋਂ ਹੋਈ ਹੈ।

ਮ੍ਰਿਤਕ ਤਰਲੋਕ ਸਿੰਘ ਦੀ 3 ਏਕੜ ਜ਼ਮੀਨ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਵਾਰਕ ਮੈਬਰਾਂ ਨੇ ਦੱਸਿਆ ਕਿ ਮ੍ਰਿਤਕ ਤਰਲੋਕ ਸਿੰਘ 'ਤੇ ਬੈਂਕ ਅਤੇ ਆੜਤੀਏ ਦਾ 7 ਲੱਖ ਦੇ ਕਰੀਬ ਕਰਜ਼ਾ ਸੀ। ਮ੍ਰਿਤਕ ਕਿਸਾਨ ਵਲੋਂ ਇਸ ਵਾਰ ਫ਼ਸਲ ਨਾ ਹੋਣ ਕਰਕੇ ਕਰਜਾ ਵਾਪਸ ਨਹੀਂ ਦਿੱਤਾ ਗਿਆ। ਜਿਸ ਕਾਰਨ ਮ੍ਰਿਤਕ ਤਰਲੋਕ ਸਿੰਘ ਨੂੰ ਕਰਜ਼ਾ ਵਾਪਸ ਕਰਨ ਲਈ ਬੈਂਕ ਵਾਲੇ ਕਾਫ਼ੀ ਪ੍ਰੇਸ਼ਾਨ ਕਰ ਰਹੇ ਸਨ 'ਤੇ ਜਿਸ ਤੋਂ ਦੁਖੀ ਹੋ ਕੇ ਤਰਲੋਕ ਸਿੰਘ ਨੇ ਆਤਮ ਹੱਤਿਆ ਕਰ ਲਈ।

ਉਹਨਾਂ ਨੇ ਦੱਸਿਆ ਕਿ ਕੈਪਟਨ ਸਾਹਿਬ ਕਹਿੰਦੇ ਸਨ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ ਪਰ ਕਰਜ਼ਾ ਮਾਫ਼ ਨਹੀਂ ਹੋਇਆ। ਪਰਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਉਹਨਾਂ ਦਾ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬਹਿਰਾਮਪੁਰ ਥਾਣਾ ਦੇ ਅਡਿਸ਼ਨਲ ਐਸਐਚਓ ਨਛੱਤਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਕੋਹਲੀਆਂ 'ਚ ਇਕ ਕਿਸਾਨ ਵਲੋਂ ਆਤਮ ਹਤਿਆ ਕਰਨ ਸਬੰਧੀ ਜਾਣਕਾਰੀ ਮਿਲੀ ਸੀ

ਉਹਨਾਂ ਦੱਸਿਆ ਕਿ ਪਰਵਾਰ ਦੇ ਕਹਿਣ ਅਨੁਸਾਰ ਮ੍ਰਿਤਕ ਤਰਲੋਕ ਸਿੰਘ 'ਤੇ 7 ਲੱਖ ਦੇ ਕਰੀਬ ਬੈਂਕ ਅਤੇ ਆੜਤੀਏ ਦਾ ਕਰਜ਼ਾ ਸੀ ਜਿਸ ਤੋਂ ਮ੍ਰਿਤਕ ਕਾਫੀ ਪ੍ਰੇਸ਼ਾਨ ਸੀ ਜਿਸ ਕਾਰਨ ਉਸਨੇ ਖੇਤ 'ਚ ਲੱਗੀ ਮੋਟਰ ਦੇ ਕਮਰੇ 'ਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਪਰਵਾਰਕ ਮੈਬਰਾਂ ਦੇ ਬਿਆਨਾਂ 'ਤੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ