ਜ਼ਮੀਨੀ ਵਿਵਾਦ 'ਚ ਭਤੀਜੇ ਨੇ ਚਾਚੀ ਨੂੰ ਗੋਲੀਆਂ ਨਾਲ ਭੁੰਨਿਆ
ਅੱਜ ਬਾਅਦ ਦੁਪਹਿਰ ਕਰੀਬ ਪੰਜ ਵਜੇ ਸਥਾਨਕ ਅਨਾਜ ਮੰਡੀ 'ਚ ਇਕ ਭਤੀਜੇ ਨੇ ਜ਼ਮੀਨੀ ਵਿਵਾਦ 'ਚ ਅਪਣੀ ਤਾਈ ਨੂੰ ਸ਼ਰੇਆਮ ਗੋਲੀਆਂ ਮਾਰ ਦਿਤੀਆਂ..............
ਬਠਿੰਡਾ : ਅੱਜ ਬਾਅਦ ਦੁਪਹਿਰ ਕਰੀਬ ਪੰਜ ਵਜੇ ਸਥਾਨਕ ਅਨਾਜ ਮੰਡੀ 'ਚ ਇਕ ਭਤੀਜੇ ਨੇ ਜ਼ਮੀਨੀ ਵਿਵਾਦ 'ਚ ਅਪਣੀ ਤਾਈ ਨੂੰ ਸ਼ਰੇਆਮ ਗੋਲੀਆਂ ਮਾਰ ਦਿਤੀਆਂ। ਘਟਨਾ ਦਾ ਪਤਾ ਲਗਦੇ ਹੀ ਪੁਲਿਸ ਨੇ ਮੌਕੇ ਉਪਰ ਹੀ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਜ਼ਖ਼ਮੀ ਔਰਤ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜ਼ਖ਼ਮੀ ਔਰਤ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਡਾਕਟਰਾਂ ਮੁਤਾਬਕ ਉਸ ਦੇ ਲੱਤ ਅਤੇ ਪੱਟ ਉਪਰ ਗੋਲੀਆਂ ਲੱਗੀਆਂ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਜ਼ਖ਼ਮੀ ਔਰਤ ਪ੍ਰਮਿਲਾ ਦੇਵੀ (50) ਪਤਨੀ ਹਰੀਰਾਮ ਵਾਸੀ ਦੁਕਾਨ ਨੰਬਰ 59-ਬੀ, ਅਨਾਜ ਮੰਡੀ ਬਠਿੰਡਾ 'ਚ ਅਪਣੇ ਪਤੀ ਸਮੇਤ ਰਹਿੰਦੀ ਹੈ। ਪ੍ਰਮਿਲਾ ਦੇਵੀ ਦੀ ਹੇਠਾਂ ਕਰਿਆਨੇ ਦੀ ਦੁਕਾਨ ਹੈ ਤੇ ਉਪਰ ਰਿਹਾਇਸ਼ ਹੈ। ਸੂਚਨਾ ਮੁਤਾਬਕ ਪ੍ਰਮਿਲਾ ਦੇਵੀ ਦੇ ਪਰਵਾਰ ਦਾ ਅਪਣੇ ਭਤੀਜੇ ਕ੍ਰਿਸ਼ਨ ਕੁਮਾਰ ਪੁੱਤਰ ਹੇਮ ਰਾਜ ਵਾਸੀ ਦੀਪ ਸਿੰਘ ਨਗਰ ਬਠਿੰਡਾ ਨਾਲ ਜ਼ਮੀਨ-ਜਾਇਦਾਦ ਦਾ ਝਗੜਾ ਚੱਲ ਰਿਹਾ ਸੀ। ਦੋਹਾਂ ਧਿਰਾਂ ਵਿਚਕਾਰ ਕੁੱਝ ਦਿਨ ਪਹਿਲਾਂ ਵੀ ਤਕਰਾਰ ਹੋਈ ਸੀ।
ਇਸ ਦੌਰਾਨ ਇਸੇ ਵਿਵਾਦ ਨੂੰ ਲੈ ਕੇ ਅੱਜ ਕਰੀਬ ਪੰਜ ਵਜੇ ਕ੍ਰਿਸ਼ਨ ਕੁਮਾਰ ਪਿਸਤੌਲ ਲੈ ਕੇ ਅਨਾਜ ਮੰਡੀ ਪੁੱਜਾ ਜਿਥੇ ਪ੍ਿਰਮਲਾ ਦੇਵੀ ਅਪਣੀ ਕਰਿਆਨੇ ਦੀ ਦੁਕਾਨ 'ਚ ਬੈਠੀ ਹੋਈ ਸੀ। ਦੋਹਾਂ ਧਿਰਾਂ 'ਚ ਇਸ ਮੌਕੇ ਹੋਈ ਤੂੰ-ਤੂੰ, ਮੈਂ-ਮੈਂ ਵਧ ਗਈ ਤੇ ਗੁੱਸੇ ਵਿਚ ਆ ਕੇ ਕ੍ਰਿਸ਼ਨ ਕੁਮਾਰ ਨੇ ਪਿਸਤੌਲ ਨਾਲ ਪ੍ਰਮਿਲਾ ਦੇਵੀ ਉਪਰ ਗੋਲੀ ਚਲਾ ਦਿਤੀ ਜਿਸ ਕਾਰਨ ਉਹ ਜ਼ਖ਼ਮੀ ਹੋ ਕੇ ਡਿੱਗ ਪਈ। ਗੋਲੀਆਂ ਦੀ ਆਵਾਜ਼ ਸੁਣ ਕੇ ਅਨਾਜ ਮੰਡੀ ਵਿਚ ਰੌਲਾ ਪੈ ਗਿਆ ਤੇ ਲੋਕ ਇਕੱਠੇ ਹੋ ਗਏ।
ਇਸ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਿਤ ਕਰ ਦਿਤਾ ਤੇ ਪੀ.ਸੀ.ਆਰ. ਟੀਮ ਨੇ ਮੌਕੇ 'ਤੇ ਹੀ ਕ੍ਰਿਸ਼ਨ ਕੁਮਾਰ ਨੂੰ ਪਿਸਤੌਲ ਸਮੇਤ ਕਾਬੂ ਕਰ ਲਿਆ। ਥਾਣਾ ਕੋਤਵਾਲੀ ਦੀ ਕਾਰਜਕਾਰੀ ਮੁਖੀ ਸਬ ਇੰਸਪੈਕਟਰ ਸੁਖਬੀਰ ਕੌਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਦੋਸ਼ੀ ਵਿਰੁਧ ਧਾਰਾ 307, 452 ਅਤੇ 25, 27 ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।