ਪੰਜਾਬ ਅੰਦਰ ਕਰੋਨਾ ਦੀ ਵਧੀ ਰਫ਼ਤਾਰ ਨੇ ਵਧਾਈ ਚਿੰਤਾ, ਮੁੜ ਤਾਲਾਬੰਦੀ ਦੇ ਅਸਾਰ,CM ਅੱਜ ਲੈਣਗੇ ਫ਼ੈਸਲਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਨਅਤੀ ਸ਼ਹਿਰ ਲੁਧਿਆਣਾ ਸਮੇਤ ਜਲੰਧਰ ਅਤੇ ਪਟਿਆਲਾ 'ਚ ਹਾਲਾਤ ਜ਼ਿਆਦਾ ਗੰਭੀਰ

Capt Amrinder Singh

ਚੰਡੀਗੜ੍ਹ : ਦੇਸ਼ ਅੰਦਰ ਕਰੋਨਾ ਕੇਸਾਂ ਦਾ ਵਧਦਾ ਜਾਰੀ ਹੈ। ਖ਼ਾਸ ਕਰ ਕੇ ਪੰਜਾਬ ਅੰਦਰ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ। ਸੂਬੇ ਦੇ ਵੱਡੇ ਜ਼ਿਲ੍ਹਿਆਂ ਜਲੰਧਰ, ਲੁਧਿਆਣਾ ਅਤੇ ਪਟਿਆਲਾ 'ਚ ਸਥਿਤੀ ਹੋਰ ਵੀ ਖ਼ਰਾਬ ਹੁੰਦੀ ਜਾ ਰਹੀ ਹੈ। ਇੱਥੇ ਕਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵਿਗੜਦੀ ਸਥਿਤੀ ਨੂੰ ਭਾਂਪਦਿਆਂ ਸਰਕਾਰ ਨੇ ਮੁੜ ਤਾਲਾਬੰਦੀ ਬਾਰੇ ਵਿਚਾਰ ਕਰਨਾ ਸ਼ੁਰੂ ਕਰ ਦਿਤਾ ਹੈ।

ਇਸ ਸਬੰਧੀ ਫ਼ੈਸਲਾ ਵੀਰਵਾਰ ਨੂੰ ਹੋਣ ਜਾ ਰਹੀ ਉੱਚ ਪੱਧਰੀ ਸਮੀਖਿਆ ਮੀਟਿੰਗ 'ਚ ਲਏ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਦੀ ਅਗਵਾਈ 'ਚ ਹੋਣ ਵਾਲੀ ਇਸ ਸਮੀਖਿਆ ਮੀਟਿੰਗ ਦੌਰਾਨ ਹਰ ਪਹਿਲੂ 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸਿਹਤ ਸਲਾਹਕਾਰ ਡਾ. ਕੇ.ਕੇ. ਤਲਵਾੜ ਦਾ ਕਹਿਣਾ ਹੈ ਕਿ ਸੂਬਾ ਇਸ ਸਮੇਂ ਮਾੜੇ ਦੌਰ 'ਚੋਂ ਗੁਜ਼ਰ ਰਿਹਾ ਹੈ। ਇਸ ਸਮੇਂ ਸਨਅਤੀ ਸ਼ਹਿਰ ਲੁਧਿਆਣਾ ਅੰਦਰ ਹਾਲਾਤ ਜ਼ਿਆਦਾ ਚਿੰਤਾਜਨਕ ਬਣੇ ਹੋਏ ਹਨ। ਮੀਟਿੰਗ ਦੌਰਾਨ ਇਸ ਸਬੰਧੀ ਵਿਸ਼ੇਸ਼ ਸਮੀਖਿਆ ਕੀਤੇ ਜਾਣ ਦੇ ਅਸਾਰ ਹਨ।

ਕਾਬਲੇਗੌਰ ਹੈ ਕਿ ਪੰਜਾਬ ਸਰਕਾਰ ਵਲੋਂ ਮੁੜ ਤਾਲਾਬੰਦੀ ਦੀਆਂ ਸੰਭਾਵਨਾਵਾਂ ਬਾਰੇ ਚਿਤਾਵਨੀ ਪਹਿਲਾਂ ਹੀ ਦਿਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ 17 ਅਗੱਸਤ ਨੂੰ ਸੰਕੇਤ ਦਿਤੇ ਸਨ ਕਿ ਹਾਲਾਤ ਨਾ ਸੁਧਰਨ ਦੀ ਸੂਰਤ 'ਚ ਤਾਲਾਬੰਦੀ 'ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਆਰਥਿਕਤਾ ਨੂੰ ਹੋਣ ਵਾਲੇ ਨੁਕਸਾਨ ਦਾ ਹਵਾਲਾ ਦਿੰਦਿਆਂ ਸਨਅਤੀ ਯੂਨਿਟਾਂ ਨੂੰ ਰਿਆਇਤ ਦੇਣ ਦੀ ਗੱਲ ਵੀ ਕਹੀ ਸੀ।

ਪੰਜਾਬ ਅੰਦਰ ਪਿਛਲੇ ਦਿਨਾਂ ਦੌਰਾਨ ਕਰੋਨਾ ਦੇ ਕੇਸਾਂ 'ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਬੀਤੇ ਕੱਲ੍ਹ ਇਕ ਦਿਨ 'ਚ 26 ਮੌਤਾਂ ਹੋਈਆਂ ਸਨ ਜਦਕਿ 1700 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆਏ ਸਨ।  ਸੂਬੇ ਅੰਦਰ ਹੁਣ ਤਕ ਹੋਈਆਂ ਮੌਤਾਂ ਦੀ ਗਿਣਤੀ ਵੀ 923 ਤਕ ਪਹੁੰਚ ਚੁੱਕੀ ਹੈ। ਉਥੇ ਹੀ ਸੂਬੇ ਅੰਦਰ ਪਾਜ਼ੇਟਿਵ ਕੇਸਾਂ ਦਾ ਅੰਕੜਾ 36000 ਤੋਂ ਪਾਰ ਚਲਾ ਗਿਆ ਹੈ।

ਇਸੇ ਦੌਰਾਨ 22703 ਮਰੀਜ਼ ਠੀਕ ਵੀ ਹੋਏ ਹਨ ਜਦਕਿ 12460 ਮਰੀਜ਼ ਇਲਾਜ ਅਧੀਨ ਹਨ।  ਇਨ੍ਹਾਂ ਵਿਚੋਂ 400 ਦੇ ਕਰੀਬ ਮਰੀਜ਼ ਜ਼ਿਆਦਾ ਗੰਭੀਰ ਹਾਲਤ ਵਾਲੇ ਹਨ ਜਦਕਿ 36 ਮਰੀਜ਼ਾਂ ਨੂੰ ਵੈਟੀਲੇਟਰ 'ਤੇ ਰੱਖਿਆ ਹੋਇਆ ਹੈ। ਸੂਬੇ ਅੰਦਰ 8 ਲੱਖ 9 ਹਜ਼ਾਰ 657 ਸੈਂਪਲ ਲਏ ਜਾ ਚੁੱਕੇ ਹਨ। ਸਰਕਾਰ ਵਲੋਂ ਕਰੋਨਾ ਨਾਲ ਨਜਿੱਠਣ ਲਈ ਹਰ ਪਹਿਲੂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਸ਼ੁਰੂਆਤੀ ਦੌਰ ਦੌਰਾਨ ਵੀ ਪੰਜਾਬ ਪਹਿਲਾ ਸੂਬਾ ਸੀ, ਜਿਸ ਨੇ ਵਧੇਰੇ ਸਖ਼ਤੀ ਵਰਤਿਆਂ ਕਰਫਿਊ ਦਾ ਐਲਾਨ ਕੀਤਾ ਸੀ। ਹੁਣ ਵੀ ਹਾਲਾਤਾਂ ਨੂੰ ਵੇਖਦਿਆਂ ਸਰਕਾਰ ਵਲੋਂ ਕੋਈ ਸਖ਼ਤ ਐਕਸ਼ਨ ਲੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।