ਸੁਖਨਾ ਝੀਲ ’ਤੇ ‘ਰਨ ਟੂ ਨੋਅ ਸਟ੍ਰੋਕ’ ਜਾਗਰੂਕਤਾ ਦੌੜ ਕਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

​ਲੋਕਾਂ ਨੇ ਭਿਆਨਕ ਬਿਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵੱਧ-ਚੜ੍ਹ ਕੇ ਦੌੜ 'ਚ ਹਿੱਸਾ ਲਿਆ 

Run for awareness at Sukhna Lake organised by GI Rendezvous to commemorate World Stroke Day

ਚੰਡੀਗੜ੍ਹ : ਵਿਸ਼ਵ ਸਟ੍ਰੋਕ ਦਿਵਸ ਮੌਕੇ ‘ਰਨ ਟੂ ਨੋਅ ਸਟ੍ਰੋਕ’ ਨਾਂ ਦੇ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਵਿਸ਼ਵ ਸਟ੍ਰੋਕ ਸੰਸਥਾ ਵਲੋਂ ਹਰ ਸਾਲ 29 ਅਕਤੂਬਰ ਨੂੰ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਜਾਂਦਾ ਹੈ। ਜੀਆਈ ਰੈਂਡਜ਼ਿਵਸ, ਸਿਹਤ ਸੇਵਾਵਾਂ ਸਬੰਧੀ ਪੇਸ਼ੇਵਰਾਂ ਦਾ ਇਕ ਸਮੂਹ, ਜੋ ਕਿ ਮੈਡੀਕੋਜ਼ ਅਤੇ ਆਮ ਲੋਕਾਂ ਨੂੰ ਅਕਾਦਮਿਕ ਤੇ ਸਿਹਤ ਸਬੰਧੀ ਮਾਮਲਿਆਂ ਬਾਬਤ ਜਾਗਰੂਕਤਾ ਫੈਲਾਉਣ ਲਈ ਇਕੱਤਰ ਹੋਏ ਹਨ, ਵਲੋਂ ਇਹ ਸਮਾਗਮ ਕਰਵਾਇਆ ਗਿਆ। ਇਸ ਮੌਕੇ ਟ੍ਰਾਈਸਿਟੀ ਦੇ ਸਟ੍ਰੋਕ ਨਿਊਰੋਲਾਜਿਸਟ ਡਾ. ਦੀਪਕ ਗੁਪਤਾ ਸਮੇਤ ਡਾ. (ਪ੍ਰੋ.) ਧੀਰਜ ਖੁਰਾਨਾ (ਸਟ੍ਰੋਕ ਨਿਊਰੋਲਾਜਿਸਟ, ਪੀ.ਜੀ.ਆਈ) ਅਤੇ ਡਾ. (ਪ੍ਰੋ.) ਵਿਵੇਕ ਗੁਪਤਾ ਨਿਓਰੋ-ਇੰਟਰਵੈਂਸ਼ਨਲ ਰੇਡੀਓਲਾਜਿਸਟ, ਨੇ ਕਰੀਬ 200 ਸਰੋਤਿਆਂ ਨੂੰ ਸਟ੍ਰੋਕ ਸਬੰਧੀ ਜਾਣਕਾਰੀ ਦਿਤੀ। ਇਨਾਂ ਸਰੋਤਿਆਂ ਵਿੱਚੋਂ ਜਿਆਦਾਤਰ ਸੁਖਨਾ ਝੀਲ ’ਤੇ ਦੌੜਨ ਵਾਲੇ ਦੌੜਾਕ ਸਨ।

ਡਾਕਟਰਾਂ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਸਟ੍ਰੋਕ ਇਕ ਖਤਰਨਾਕ ਤੇ ਲਾਚਾਰਤਾ ਵਾਲੀ ਬਿਮਾਰੀ ਹੈ ਅਤੇ ਵਿਸ਼ਵ ਪੱਧਰ ’ਤੇ ਹਰ 4 ਵਿਅਕਤੀਆਂ ਵਿਚੋਂ 1 ਇਸਦਾ ਨਾ-ਮੁਰਾਦ ਰੋਗ ਦਾ ਸ਼ਿਕਾਰ ਹੋ ਰਿਹਾ ਹੈ। ਮੈਡੀਕਲ ਮਾਹਰਾਂ ਮੁਤਾਬਕ ਚਿਹਰੇ ਵਿਚ ਇਕ ਦਮ ਟੇਢਾਪਣ ਆਉਣਾ, ਬਾਂਹ ਜਾਂ ਲੱਤਾਂ ਦੀ ਕਮਜ਼ੋਰੀ ਅਤੇ ਬੋਲਣ ਜਾਂ ਬੋਲੀ ਸਮਝਣ ਵਿਚ ਤਕਲੀਫ ਆਉਣਾ ਇਸ ਦੇ ਮੁੱਖ ਲੱਛਣ ਮੰਨੇ ਜਾਂਦੇ ਹਨ। ਸਟ੍ਰੋਕ ਇਕ ਮੈਡੀਕਲ ਐਮਰਜੈਂਸੀ ਹੈ ਅਤੇ ਲੱਛਣ ਪਤਾ ਲੱਗਣ ਤੋਂ ਸਾਢੇ 4 ਘੰਟੇ ਵਿਚਕਾਰ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਸਮੇਂ (ਪਹਿਲੇ ਸਾਢੇ ਚਾਰ ਘੰਟੇ) ਨੂੰ ਗੋਲਡਨ ਪੀਰੀਅਡ ਜਾਂ ਵਿੰਡੋ ਪੀਰੀਅਡ ਕਿਹਾ ਜਾਂਦਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਅੱਜ-ਕੱਲ ਨਵੀਂ  ਪੀੜੀ ਵਿਚ ਵੀ ਸਟ੍ਰੋਕ ਦੀ ਸਮੱਸਿਆ ਸਾਹਮਣੇ ਆ ਰਹੀ ਹੈ।

ਡਾ. ਦੀਪਕ ਗੁਪਤਾ ਨੇ ਸਟ੍ਰੋਕ ਤੋਂ ਬਚਣ ਲਈ ਕੁਝ ਪਰਹੇਜ਼ਾਂ ਦੀ ਸਲਾਹ ਦਿੱਤੀ ਜਿਨਾਂ ਵਿਚ ਰੋਜ਼ਾਨਾ ਕਸਰਤ ਕਰਨਾ, ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ’ਤੇ ਕਾਬੂ ਕਰਨਾ, ਸਿਗਰਟਨੋਸ਼ੀ ਤੋਂ ਪਰਹੇਜ਼, ਰਿਸ਼ਟ-ਪੁਸ਼ਟ ਖੁਰਾਕ ਲੈਣਾ ਅਤੇ ਤਣਾਅ ਰਹਿਤ ਜੀਵਨ ਬਤੀਤ ਕਰਨਾ ਸ਼ਾਮਲ ਹੈ। ਇਸ ਮੌਕੇ ਕਮਿਸ਼ਨਰ(ਨਗਰ ਨਿਗਮ) ਤੇ ਸਕੱਤਰ (ਖੇਡਾਂ) ਚੰਡੀਗੜ ਕੇ.ਕੇ. ਯਾਦਵ ਨੇ ਕਿਹਾ ਕਿ ਚੰਗੀ ਸਿਹਤ ਦਾ ਮਹੱਤਵਪੂਰਨ ਟੀਚਾ ਪ੍ਰਾਪਤ ਕਰਨ ਲਈ ਜਾਗਰੂਕਤਾ ਹੀ ਸਭ ਤੋਂ ਸਹੀ ਤਰੀਕਾ ਹੈ। ਉਨ੍ਹਾਂ ਅਜਿਹੇ ਸਾਕਾਰਾਤਮਕ ਕਾਰਜਾਂ ਵਿਚ ਕੰਮ ਕਰ ਰਹੇ ਲੋਕਾਂ ਅਤੇ ਸੰਸਥਾਵਾਂ ਦੀ ਸ਼ਲਾਘਾ ਕੀਤੀ ਅਤੇ ਸਟ੍ਰੋਕ ਸਬੰਧੀ ਸੰਦੇਸ਼ ਨੂੰ ਹੋਰ ਅੱਗੇ ਫੈਲਾਉਣ ਵਾਲੇ ਮੌਜੂਦ ਲੋਕਾਂ ਨੂੰ ਵੀ ਉਤਸ਼ਾਹਿਤ ਕੀਤਾ।

ਸਮਾਰੋਹ ਦੌਰਾਨ ਸਰਕਾਰੀ ਕਾਲਜ ਸੈਕਟਰ -11 ਦੇ ਐਨ.ਸੀ.ਸੀ ਕੈਡਿਟਾਂ ਨੇ ਭਾਗ ਲੈਣ ਵਾਲਿਆਂ ਦੀ ਸਹਾਇਤਾ ਕੀਤੀ। ਸਰਕਾਰੀ ਕਾਲਜ ਸੈਕਟਰ -11 ਦੇ ਹੀ ਡਾ. ਰਾਜੇਸ਼ ਠਾਕੁਰ ਡ੍ਰਾਮੈਟਿਕ ਕਲੱਬ ਦੀ ਟੀਮ ਵਲੋਂ ਬੇ੍ਰਨ ਸਟ੍ਰੋਕ ’ਤੇ ਅਧਾਰਿਤ ਇਕ ਨੁਕੜ ਨਾਟਕ ਵੀ ਖੇਡਿਆ ਗਿਆ। ਜੀਆਈ ਰੈਂਡਜ਼ਿਵਸ ਦੇ ਕਨਵੀਨਰ ਡਾ. ਗੁਰਬਿਲਾਸ ਪੀ.ਸਿੰਘ ਨੇ ਕਿਹਾ ਕਿ ਟ੍ਰਾਈਸਿਟੀ ਦੇ ਵੱਖ ਵੱਖ ਹਸਪਤਾਲਾਂ ਦੇ ਵੱਖ ਵਿਭਾਗਾਂ ਨਾਲ ਸਬੰਧਤ ਮੈਡੀਕਲ ਖੇਤਰ ਦੇ ਸਾਥੀਆਂ ਵਲੋਂ ਕਈ ਹੋਰਨਾਂ ਨਾਲ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ। ਉਨਾਂ ਇਸ ਜਾਗਰੂਕਤਾ ਸਮਾਰੋਹ ਨੂੰ ਕਾਮਯਾਬ ਕਰਨ ਵਾਲੇ ਦੀਪਕ ਸ਼ਰਮਾ, ਰਣਵੀਰ ਸਿੰਘ ਰਾਣਾ ਅਤੇ ਗੁਰਪ੍ਰੀਤ ਸਿੰਘ ਅਤੇ ਹੋਰਾਂ ਦਾ ਵਿਸ਼ੇਸ਼ ਜ਼ਿਕਰ ਕੀਤਾ।