ਕੈਪਟਨ ਅਮਰਿੰਦਰ ਵਲੋਂ ਸੁਲਤਾਨਪੁਰ ਲੋਧੀ ਨੂੰ 'ਸਮਾਰਟ ਸਿਟੀ' ਬਣਾਉਣ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰਦੇ ਹੋਏ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਦੇ ਤੌਰ...
ਚੰਡੀਗੜ੍ਹ (ਪੀਟੀਆਈ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰਦੇ ਹੋਏ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਦੇ ਤੌਰ ‘ਤੇ ਵਿਕਸਿਤ ਕੀਤਾ ਜਾਵੇਗਾ। ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਸਮਾਰੋਹ ਸਬੰਧੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੇ ਦੌਰਾਨ ਸੰਤ ਸਮਾਜ ਦੇ ਨੁਮਾਇੰਦਿਆਂ ਨੂੰ ਸੰਬੋਧਿਤ ਕਰਦੇ ਹੋਏ ਕੈਪਟਨ ਨੇ ਇਸ ਪਵਿੱਤਰ ਅਤੇ ਧਾਰਮਿਕ ਸਮਾਗਮ ਤੋਂ ਰਾਜਨੀਤੀ ਨੂੰ ਦੂਰ ਰੱਖਣ ‘ਤੇ ਜ਼ੋਰ ਦਿਤਾ।
ਮੁੱਖ ਮੰਤਰੀ ਨੇ ਇਸ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਸੰਤ ਸਮਾਜ ਦੇ ਨੁਮਾਇੰਦਿਆਂ ਦੇ ਸਹਿਯੋਗ ਅਤੇ ਮਦਦ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਸਮੂਹ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇਹ ਸਮਾਗਮ ਉਸ ਉਤਸ਼ਾਹ ਦੇ ਨਾਲ ਮਨਾਇਆ ਜਾਵੇ, ਜਿਸ ਉਤਸ਼ਾਹ ਦੇ ਨਾਲ ਮਨਾਇਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦਾ ਲੋਗੋ ਵੀ ਰਿਲੀਜ਼ ਕੀਤਾ।
ਇਹ ਲੋਗੋ ਗਵਰਨਮੈਂਟ ਆਰਟਸ ਕਾਲਜ, ਚੰਡੀਗੜ੍ਹ ਦੀ ਪੋਸਟ ਗਰੈਜੁਏਟ ਵਿਦਿਆਰਥਣ ਤੁਲਸੀ ਦੇਵੀ ਨੇ ਡਿਜ਼ਾਇਨ ਕੀਤਾ ਹੈ ਅਤੇ ਮੁੱਖ ਮੰਤਰੀ ਨੇ ਉਸ ਨੂੰ 21 ਹਜ਼ਾਰ ਰੁਪਏ ਇਨਾਮ ਦਿਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਵਿਚ ਸ਼ਾਮਿਲ ਸਾਰੇ ਦੋਸ਼ੀਆਂ ਨੂੰ ਸੱਜ਼ਾ ਦਿਵਾਉਣ ਦਾ ਵਾਅਦਾ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਡਰੱਗ ਮਾਫ਼ੀਆ ਦੇ ਖਿਲਾਫ਼ ਕਾਰਵਾਈ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ ਅਤੇ ਪੁਲਿਸ ਵਲੋਂ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਪ੍ਰਸਿੱਧ ਵਾਤਾਵਰਣ ਮਾਹਰ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਾਲੀ ਵੇਈ ਵਿਚ 550 ਕਿਊਸਿਕ ਪਾਣੀ ਛੱਡ ਕੇ ਸੁਲਤਾਨਪੁਰ ਲੋਧੀ ਪਵਿੱਤਰ ਕਾਲੀ ਵੇਈ ਨੂੰ ਸਾਫ਼ ਕਰਨ ਦੀ ਸੂਬਾ ਸਰਕਾਰ ਨੂੰ ਅਪੀਲ ਕੀਤੀ।
ਸਹਿਕਾਰੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਮੂਹ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਨੂੰ ਸੱਦਾ ਦਿਤਾ ਕਿ ਉਹ ਆਪਸੀ ਸਦਭਾਵਨਾ ਦੀ ਮਿਸਾਲ ਕਾਇਮ ਕਰਨ ਲਈ ਇਸ ਬਹੁਤ ਵੱਡੇ ਧਾਰਮਿਕ ਸਮਾਗਮ ਨੂੰ ਬੇਮਿਸਾਲ ਢੰਗ ਨਾਲ ਮਨਾਉਣ।