ਅੰਮ੍ਰਿਤਸਰ ਧਮਾਕਾ: ਮੁੱਖ ਮੰਤਰੀ ਵਲੋਂ ਹਮਲਾਵਰਾਂ ਦੀ ਸੂਚਨਾ ਦੇਣ ਵਾਲੇ ਨੂੰ 50 ਲੱਖ ਇਨਾਮ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੇ ਪਿੰਡ ਅਦਲੀਵਾਲ (ਰਾਜਾਸਾਂਸੀ) ਵਿਚ ਹੋਏ ਬੰਬ ਧਮਾਕੇ...
ਅੰਮ੍ਰਿਤਸਰ (ਪੀਟੀਆਈ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਦੇ ਪਿੰਡ ਅਦਲੀਵਾਲ (ਰਾਜਾਸਾਂਸੀ) ਵਿਚ ਹੋਏ ਬੰਬ ਧਮਾਕੇ ਦੇ ਹਮਲਾਵਰਾਂ ਦੀ ਸੂਚਨਾ ਦੇਣ ਵਾਲੇ ਨੂੰ 50 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੁਲਿਸ ਹੈਲਪ ਲਾਈਨ ਨੰਬਰ 181 ‘ਤੇ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਨੂੰ ਗੁਪਤ ਰੱਖਿਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘਟਨਾ ਸਥਾਨ ਦਾ ਜਾਇਜ਼ਾ ਲੈਣ ਅੱਜ ਪਿੰਡ ਅਦਲੀਵਾਲ ਜਾਣਗੇ।
ਉਹ ਹਸਪਤਾਲ ਵਿਚ ਜਖ਼ਮੀਆਂ ਨਾਲ ਵੀ ਮੁਲਾਕਾਤ ਕਰਣਗੇ। ਕੈਪਟਨ ਨੇ ਇਸ ਦੇ ਪਿਛੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਸਮਰਥਿਤ ਖਾਲਿਸਤਾਨੀ-ਕਸ਼ਮੀਰੀ ਅਤਿਵਾਦੀ ਸੰਗਠਨਾਂ ਦਾ ਹੱਥ ਹੋਣ ਦੀ ਸੰਭਾਵਨਾ ਨੂੰ ਨਾਕਾਰਿਆ ਨਹੀਂ ਜਾ ਸਕਦਾ ਹੈ। ਆਈਐਸਆਈ ਕਾਫ਼ੀ ਸਮੇਂ ਤੋਂ ਪੰਜਾਬ ਵਿਚ ਗੜਬੜ ਕਰਵਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ।
ਮੁੱਖ ਮੰਤਰੀ ਨੇ ਨਿਰੰਕਾਰੀ ਭਵਨ ਦੇ ਬਾਹਰ ਹੋਏ ਬੰਬ ਧਮਾਕੇ ਤੋਂ ਬਾਅਦ ਸੂਬੇ ‘ਚ ਕਾਨੂੰਨ ਵਿਵਸਥਾ ਦੀ ਹਾਲਤ ਦੀ ਸਮੀਖਿਆ ਕਰਨ ਲਈ ਪੰਜਾਬ ਦੇ ਗ੍ਰਹਿ ਸਕੱਤਰ, ਡੀਜੀਪੀ, ਡੀਜੀਪੀ (ਕਾਨੂੰਨ ਵਿਵਸਥਾ) ਅਤੇ ਡੀਜੀਪੀ (ਇੰਟੈਲੀਜੈਂਸ) ਦੇ ਨਾਲ ਉੱਚ ਪੱਧਰੀ ਬੈਠਕ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਗਏ ਹਨ ਕਿ ਉਹ ਅੰਮ੍ਰਿਤਸਰ ਵਿਚ ਜਾਂਚ ਕਰ ਕੇ ਵਿਅਕਤੀਗਤ ਤੌਰ ‘ਤੇ ਨਿਗਰਾਨੀ ਰੱਖਦੇ ਹੋਏ ਅਤੇ ਜ਼ਿੰਮੇਵਾਰ ਅਤਿਵਾਦੀਆਂ ਦਾ ਛੇਤੀ ਪਤਾ ਲਗਾਇਆ ਜਾਵੇ।
ਕੈਪਟਨ ਨੇ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿਤੇ ਹਨ ਕਿ ਉਹ ਸੂਬੇ ਵਿਚ ਸਾਰੇ ਸੰਵੇਦਨਸ਼ੀਲ ਸਥਾਨਾਂ ‘ਤੇ ਸੁਰੱਖਿਆ ਨੂੰ ਵਧਾ ਦੇਣ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ਵਿਚ 15 ਅਤਿਵਾਦੀ ਸੰਗਠਨਾਂ ਦੀਆਂ ਸਾਜਿਸ਼ਾਂ ਨੂੰ ਸੂਬਾ ਪੁਲਿਸ ਨੇ ਨਾਕਾਮ ਕੀਤਾ ਅਤੇ ਕੁਝ ਮਾਮਲਿਆਂ ਵਿਚ ਕਸ਼ਮੀਰੀ ਅਤਿਵਾਦੀਆਂ ਦੇ ਸੰਪਰਕਾਂ ਦਾ ਵੀ ਪਤਾ ਲੱਗਿਆ। ਜਲੰਧਰ ਵਿਚ ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਹੋਈ, ਜਿਨ੍ਹਾਂ ਦੇ ਸੰਪਰਕ ਮਕਸੂਦਾਂ ਪੁਲਿਸ ਥਾਣੇ ‘ਤੇ ਹੋਏ ਗਰੇਨੇਡ ਧਮਾਕੇ ਨਾਲ ਜੁੜੇ ਹੋਏ ਸਨ।