ਤੇਲੰਗਾਨਾ ਦੇ ਮੁੱਖ ਮੰਤਰੀ ਦੀ ਜਾਇਦਾਦ 'ਚ 41 ਫ਼ੀ ਸਦੀ ਦਾ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੇਲੰਗਾਨਾ ਦੇ ਕਾਰਜਕਾਰੀ ਮੁੱਖ ਮਤਰੀ ਕੇ. ਚੰਦਰਸ਼ੇਖਰ ਰਾਉ ਦੀ ਕੁਲ ਜਾਇਦਾਦ ਪਿਛਲੇ ਸਾਢੇ ਚਾਰ ਸਾਲਾਂ 'ਚ ਲਗਭਗ 41 ਫ਼ੀ ਸਦੀ ਵੱਧ ਕੇ 22.61 ਕਰੋੜ ਰੁਪਏ ਹੋ ਗਈ........

Kalvakuntla Chandrashekar Rao

ਹੈਦਰਾਬਾਦ : ਤੇਲੰਗਾਨਾ ਦੇ ਕਾਰਜਕਾਰੀ ਮੁੱਖ ਮਤਰੀ ਕੇ. ਚੰਦਰਸ਼ੇਖਰ ਰਾਉ ਦੀ ਕੁਲ ਜਾਇਦਾਦ ਪਿਛਲੇ ਸਾਢੇ ਚਾਰ ਸਾਲਾਂ 'ਚ ਲਗਭਗ 41 ਫ਼ੀ ਸਦੀ ਵੱਧ ਕੇ 22.61 ਕਰੋੜ ਰੁਪਏ ਹੋ ਗਈ ਹੈ। ਰੋਚਕ ਗੱਲ ਇਹ ਹੈ ਕਿ ਭਾਵੇਂ ਹੀ ਉਨ੍ਹਾਂ ਦੀ ਪਾਰਟੀ ਦਾ ਚੋਣ ਚਿਨ੍ਹ 'ਕਾਰ' ਹੋਵੇ ਪਰ ਉਹ ਕਾਰ ਦੇ ਮਾਲਕ ਨਹੀਂ ਹਨ। ਉਨ੍ਹਾਂ ਦੇ ਚੋਣ ਹਲਫ਼ਨਾਮੇ 'ਚ ਇਹ ਪ੍ਰਗਟਾਵਾ ਹੋਇਆ ਹੈ। ਤੇਲੰਗਾਨਾ ਰਾਸ਼ਟਰ ਸਮਿਤੀ ਦੇ ਪ੍ਰਧਾਨ ਰਾਉ ਨੇ ਗਜਰੇਲ ਵਿਧਾਨ ਸਭਾ ਸੀਟ ਲਈ ਨਾਮਜ਼ਦਗੀ ਨਾਲ ਹਲਫ਼ਨਾਮਾ ਸੌਂਪਿਆ। ਤੇਲੰਗਾਨਾ 'ਚ ਵਿਧਾਨ ਸਭਾ ਚੋਣਾਂ ਸੱਤ ਦਸਬਰ ਨੂੰ ਹੋਣਗੀਆਂ।

ਰਾਉ ਦੀ ਕੁਲ ਚੱਲ ਅਤੇ ਅਚੱਲ ਜਾਇਦਾਦ ਦੀ ਕੀਮਤ 2018 'ਚ 22.61 ਕਰੋੜ ਰੁਪਏ ਹੈ ਜਦਕਿ 2014 'ਚ ਉਨ੍ਹਾਂ ਨੇ ਅਪਣੀ ਜਾਇਦਾਦ 15.95 ਕਰੋੜ ਰੁਪਏ ਦੱਸੀ ਸੀ। ਯਾਨੀ ਕਿ ਸਾਢੇ ਚਾਰ ਸਾਲ 'ਚ ਉਨ੍ਹਾਂ ਦੀ ਜਾਇਦਾਦ 'ਚ ਲਗਭਗ 41 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਰਾਉ ਕੋਲ ਅਪਣੀ ਕੋਈ ਕਾਰ ਨਹੀਂ ਹੈ।

ਹਲਫ਼ਨਾਮੇ 'ਚ ਕਿਹਾ ਗਿਆ ਹੈ ਕਿ ਇਸ ਦੌਰਾਨ ਰਾਉ ਨੇ ਹੋਰ 16 ਏਕੜ ਵਾਹੀਯੋਗ ਜ਼ਮੀਨ ਖ਼ਰੀਦੀ ਹੈ। ਰਾਉ ਨੇ 2014 ਦੀਆਂ ਆਮ ਚੋਣਾਂ ਦੌਰਾਨ ਹਲਫ਼ਨਾਮੇ 'ਚ ਕਿਹਾ ਸੀ ਕਿ ਉਨ੍ਹਾਂ ਕੋਲ 37.70 ਏਕੜ ਜ਼ਮੀਨ ਹੈ ਜੋ 2018 'ਚ ਵੱਧ ਕੇ 54.24 ਏਕੜ ਹੋ ਗਈ। ਰਾਉ 'ਤੇ 8.89 ਕਰੋੜ ਰੁਪਏ ਦਾ ਕਰਜ਼ਾ ਵੀ ਹੈ। ਉਨ੍ਹਾਂ ਵਿਰੁਧ ਵਖਰੇ ਤੇਲੰਗਾਨਾ ਸੂਬੇ ਦੇ ਅੰਦੋਲਨ ਨਾਲ ਜੁੜੇ 64 ਅਪਰਾਧਕ ਮਾਮਲੇ ਚਲ ਰਹੇ ਹਨ।  (ਪੀਟੀਆਈ)