1984 ਕਤਲੇਆਮ ਮਾਮਲੇ ‘ਚ ਆਏ ਫ਼ੈਸਲੇ ਦਾ ਮੁੱਖ ਮੰਤਰੀ ਨੇ ਕੀਤਾ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਕਤਲੇਆਮ ਮਾਮਲੇ ਵਿਚ ਪਟਿਆਲਾ ਹਾਊਸ ਕੋਰਟ ਦੇ ਫ਼ੈਸਲੇ ਦਾ ਸਵਾਗਤ...

Chief Minister welcomed the decision in the 1984 riots case

ਚੰਡੀਗੜ੍ਹ (ਪੀਟੀਆਈ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਕਤਲੇਆਮ ਮਾਮਲੇ ਵਿਚ ਪਟਿਆਲਾ ਹਾਊਸ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ 1984 ਦੇ ਬਾਕੀ ਦੋਸ਼ੀਆਂ ਨੂੰ ਵੀ ਛੇਤੀ ਤੋਂ ਛੇਤੀ ਸਖ਼ਤ ਸਜ਼ਾ ਦਿਤੀ ਜਾਵੇਗੀ। 1984 ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭੜਕੇ ਸਿੱਖ ਵਿਰੋਧੀ ਕਤਲੇਆਮ ਮਾਮਲੇ ਵਿਚ 34 ਸਾਲ ਬਾਅਦ ਫ਼ੈਸਲਾ ਆਇਆ ਹੈ।

ਪਟਿਆਲਾ ਹਾਊਸ ਅਦਾਲਤ ਨੇ ਮੰਗਲਵਾਰ ਨੂੰ ਦੋਸ਼ੀ ਯਸ਼ਪਾਲ ਸਿੰਘ ਨੂੰ ਫ਼ਾਂਸੀ ਅਤੇ ਦੂਜੇ ਦੋਸ਼ੀ ਨਿਰੇਸ਼ ਸੇਹਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 14 ਨਵੰਬਰ ਨੂੰ ਦੋਵਾਂ ਨੂੰ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਸਾੜਨ ਅਤੇ ਹੋਰ ਧਾਰਾਵਾਂ ਦੇ ਤਹਿਤ ਦੋਸ਼ੀ ਕਰਾਰ ਦਿਤਾ ਸੀ। 

ਇਹ ਵੀ ਪੜ੍ਹੋ : ਸਿੱਖ ਕਤਲੇਆਮ ਮਾਮਲੇ ‘ਚ ਪ੍ਰੌਸੀਕਿਊਸ਼ਨ ਨੇ ਇਨ੍ਹਾਂ ਦੰਗਿਆਂ ਨੂੰ ਨਸਲਕੁਸ਼ੀ ਅਤੇ ਘਿਨੌਣਾ ਦੱਸਦੇ ਹੋਏ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ।  ਉਥੇ ਹੀ, ਬਚਾਅ ਪੱਖ ਨੇ ਇਸ ਨੂੰ ਅਸਥਿਰ ਗੁੱਸਾ ਦੱਸਦੇ ਹੋਏ ਸਜ਼ਾ ਵਿਚ ਨਰਮਾਈ ਵਰਤਣ ਦੀ ਮੰਗ ਕੀਤੀ ਸੀ। ਪਟਿਆਲਾ ਹਾਊਸ ਅਦਾਲਤ ਤੋਂ ਇਲਾਵਾ ਸਤਰ ਜੱਜ ਅਜੈ ਪਾਂਡੇ ਨੇ ਨਿਰੇਸ਼ ਸੇਹਰਾਵਤ ਅਤੇ ਯਸ਼ਪਾਲ ਸਿੰਘ ਦੀ ਸਜ਼ਾ ਅਤੇ ਲਾਸ਼ਾਂ ਦੇ ਪਰਵਾਰ ਵਾਲਿਆਂ ਅਤੇ ਜ਼ਖ਼ਮੀ ਹੋਏ ਪੀੜਿਤਾਂ ਨੂੰ ਮੁਆਵਜ਼ੇ ਦੇ ਮੁੱਦੇ ‘ਤੇ ਦਲੀਲਾਂ ਸੁਣਨ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

ਅਦਾਲਤ ਨੇ ਨਿਰੇਸ਼ ਸੇਹਰਾਵਤ ਅਤੇ ਯਸ਼ਪਾਲ ਸਿੰਘ ਨੂੰ ਮਹਿਪਾਲਪੁਰ ਖੇਤਰ ਨਿਵਾਸੀ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਦੇ ਕਤਲ ਦਾ ਦੋਸ਼ੀ ਕਰਾਰ ਦਿਤਾ ਸੀ। ਅਦਾਲਤ ਨੇ ਇਨ੍ਹਾਂ ਦੋਵਾਂ ਨੂੰ ਮਹਿਪਾਲਪੁਰ ਵਿਚ 1 ਨਵੰਬਰ 1984 ਨੂੰ ਹੋਏ ਕਤਲ, ਕਤਲ ਦੀ ਕੋਸ਼ਿਸ਼, ਹਥਿਆਰਾਂ ਨਾਲ ਨੁਕਸਾਨ ਪਹੁੰਚਾਉਣ, ਦੰਗੇ ਕਰਨ, ਅਣਅਧਕਾਰਿਤ ਪਹੁੰਚ ਅਤੇ ਸਾੜਨ ਦੀਆਂ ਧਾਰਾਵਾਂ ਵਿਚ ਦੋਸ਼ੀ ਕਰਾਰ ਦਿਤਾ ਸੀ। ਕੋਰਟ ਦੇ ਸਾਹਮਣੇ ਪ੍ਰੌਸੀਕਿਊਸ਼ਨ ਵਲੋਂ ਪੇਸ਼ ਵਕੀਲ ਨੇ ਕਿਹਾ ਕਿ ਇਨ੍ਹਾਂ ਦੋਸ਼ੀਆਂ ਨੇ ਵਿਉਂਤਬੱਧ ਤਰੀਕੇ ਨਾਲ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ।

ਉਨ੍ਹਾਂ ਦੇ ਘਰ ਅਤੇ ਦੁਕਾਨਾਂ ਨੂੰ ਸਾੜ ਦਿਤਾ। ਪੰਜ ਸਿੱਖਾਂ ਨੂੰ ਇਕ ਮਕਾਨ ਤੋਂ ਹੇਠਾਂ ਸੁੱਟ ਦਿਤਾ ਗਿਆ। ਇਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਇਹ ਇਕ ਤਰ੍ਹਾਂ ਨਾਲ ਨਸਲਕੁਸ਼ੀ ਸੀ ਅਤੇ ਇਹ ਅਪਣੇ ਆਪ ਵਿਚ ਘਿਨੌਣਾ ਮਾਮਲਾ ਹੈ। ਇਸ ਮਾਮਲੇ ਵਿਚ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿਤੀ ਜਾਵੇ ਤਾਂ ਜੋ ਸਮਾਜ ਵਿਚ ਇਕ ਕਰੜਾ ਸੁਨੇਹਾ ਜਾਵੇ।