ਸਿਰਸਾ ਨੇ ਸਿੱਖ ਕਤਲੇਆਮ ਦੇ ਦੋਸ਼ੀ ਨੂੰ ਅਦਾਲਤ ਦੇ ਬਾਹਰ ਮਾਰਿਆ ਥੱਪੜ- ਫ਼ੈਸਲਾ ਫਿਰ ਰਾਖਵਾਂ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮਹੀਪਾਲ ਪੁਰ ਵਿਖੇ ਨਵੰਬਰ 1984 ਵਿਚ ਕਤਲ ਕੀਤੇ ਗਏ 24 ਸਾਲਾ ਸ.ਹਰਦੇਵ ਸਿੰਘ ਦੇ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ.........

Manjinder Singh Sirsa

ਨਵੀਂ ਦਿੱਲੀ : ਦਿੱਲੀ ਦੇ ਮਹੀਪਾਲ ਪੁਰ ਵਿਖੇ ਨਵੰਬਰ 1984 ਵਿਚ ਕਤਲ ਕੀਤੇ ਗਏ 24 ਸਾਲਾ ਸ.ਹਰਦੇਵ ਸਿੰਘ ਦੇ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਅੱਜ ਮੁੜ ਫ਼ੈਸਲਾ ਰਾਖਵਾਂ ਰੱਖ ਲਿਆ। ਖਚਾਖਚ ਭਰੀ ਅਦਾਲਤ ਵਿਚ ਦੋਸ਼ੀ ਅਤੇ ਪੀੜਤ ਧਿਰ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਪਿਛੋਂ ਵਧੀਕ ਜ਼ਿਲ੍ਹਾ ਜੱਜ ਅਜੇ ਪਾਂਡੇ ਨੇ 20 ਨਵੰਬਰ ਦੁਪਹਿਰ 2 ਵਜੇ ਤਕ ਫ਼ੈਸਲਾ ਰਾਖਵਾਂ ਰੱਖ ਲਿਆ। ਅਦਾਲਤੀ ਕਮਰੇ ਦੇ ਅੰਦਰ ਤੇ ਬਾਹਰ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧ ਸਨ। ਹਾਲਾਂਕਿ ਅਦਾਲਤ ਦੀ ਕਾਰਵਾਈ ਤੋਂ ਬਾਅਦ ਜਦੋਂ ਦੋਸ਼ੀਆਂ ਨੂੰ ਪਟਿਆਲਾ ਹਾਊਸ ਅਦਾਲਤ 'ਚੋਂ ਹਵਾਲਾਤ ਲਿਜਾਇਆ ਜਾ ਰਿਹਾ ਸੀ

ਤਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਯਸ਼ਪਾਲ ਸਿੰਘ ਨੂੰ ਥੱਪੜ ਮਾਰ ਦਿਤਾ। ਕੇਂਦਰ ਸਰਕਾਰ ਵਲੋਂ ਕਾਇਮ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵਲੋਂ ਦਾਖ਼ਲ ਕੀਤੇ ਗਏ 'ਸਟੇਟ ਬਨਾਮ ਨਰੇਸ਼ ਸਹਿਰਾਵਤ ਤੇ ਯਸ਼ਪਾਲ ਸਿੰਘ' ਮੁਕੱਦਮੇ ਵਿਚ ਬੀਤੇ ਦਿਨ ਅਦਾਲਤ ਨੇ ਦੋ ਜਣਿਆਂ ਯਸ਼ਪਾਲ ਸਿੰਘ, ਪੁੱਤਰ ਹਨੂੰਮੰਤ ਸਿੰਘ,  ਜੋ ਕਿ ਤਕਰੀਬਨ 55 ਸਾਲ ਦਾ ਹੈ ਅਤੇ ਨਰੇਸ਼ ਸਹਿਰਾਵਤ, ਪੁੱਤਰ ਦੇਵੀ ਰਾਮ 68 ਸਾਲਾ ਦਾ ਹੈ, ਨੂੰ ਕਤਲ ਦਾ ਦੋਸ਼ੀ ਐਲਾਨ ਦਿਤਾ ਸੀ। ਦੋਵੇਂ ਦੋਸ਼ੀ ਮਹੀਪਾਲਪੁਰ ਦੇ ਰਹਿਣ ਵਾਲੇ ਹਨ।

ਸਰਕਾਰੀ ਵਕੀਲ ਐਸ.ਕੇ. ਕੇਨ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਕੀਲ ਸ.ਗੁਰਬਖ਼ਸ਼ ਸਿੰਘ ਤੇ ਐਡਵੋਕੇਟ ਐਚ.ਐਸ.ਫੂਲਕਾ ਨੇ ਮੰਗ ਕੀਤੀ ਕਿ ਕਤਲ ਦਾ ਇਹ ਮਾਮਲਾ ਦੁਰਲੱਭ ਤੋਂ ਦੁਰਲੱਭ ਵਿਚ ਆਉਂਦਾ ਹੈ, ਇਸ ਲਈ ਦੋਹਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਤੀ ਜਾਵੇ । ਇਸ ਨਾਲ ਸਮਾਜ ਵਿਚ ਅਜਿਹੇ ਜ਼ੁਰਮਾਂ ਨੂੰ ਰੋਕਿਆ ਜਾ ਸਕੇ। ਸਰਕਾਰੀ ਵਕੀਲ ਨੇ ਕਿਹਾ ਕਿ ਇਹ ਮਾਮਲਾ ਮਨੁੱਖਤਾ ਵਿਰੁਧ ਅਪਰਾਧ ਦਾ ਬਣਦਾ ਹੈ। ਐਡਵੋਕੇਟ ਫੂਲਕਾ ਨੇ ਕਿਹਾ ਕਿ ਅਦਾਲਤ ਨੇ 14 ਨਵੰਬਰ ਨੂੰ ਅਪਣੇ ਫ਼ੈਸਲੇ ਵਿਚ ਦੋਸ਼ੀ ਠਹਿਰਾਉਂਦੇ ਹੋਏ ਸਪਸ਼ਟ ਹੈ

ਕਿ ਦੋਸ਼ੀ ਨਰੇਸ਼ ਸਹਿਰਾਵਤ ਮਿੱਟੀ ਦੇ ਤੇਲ ਦੀ ਕੇਨੀ ਨਾਲ ਭੀੜ ਦੀ ਅਗਵਾਈ ਕਰ ਰਿਹਾ ਸੀ। ਇਸ ਲਈ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਦਿਤੀ ਜਾਣੀ ਚਾਹੀਦੀ ਹੈ। ਜੱਜ ਨੇ ਪੀੜਤ ਧਿਰ ਤੋਂ ਪੁਛਿਆ ਕਿ ਉਨ੍ਹਾਂ ਨੂੰ ਹੁਣ ਤਕ ਸਰਕਾਰ ਵਲੋਂ ਕਦੋਂ ਤੇ ਕਿੰਨਾ ਮੁਆਵਜ਼ਾ ਮਿਲ ਚੁਕਾ ਹੈ। ਦੋਸ਼ੀਆਂ ਤੋਂ ਵੀ ਉਨ੍ਹਾਂ ਦੀ ਕਮਾਈ ਦਾ ਜ਼ਰੀਆ ਆਦਿ ਦੇ ਵੇਰਵੇ ਜੱਜ ਨੇ ਪੁਛੇ।  ਦੋਸ਼ੀ ਨਰੇਸ਼ ਸਹਿਰਾਵਤ ਦੇ ਵਕੀਲ ਨੇ ਸਜ਼ਾ ਵਿਚ ਰਿਆਇਤ ਦੀ ਮੰਗ ਕਰਦੇ ਹੋਏ ਅਪਣੀ ਦਲੀਲ ਵਿਚ ਕਿਹਾ ਕਿ ਉਹ 68 ਸਾਲ ਦੀ ਉਮਰ ਨੂੰ ਅਪੜ ਚੁਕਾ ਹੈ ਤੇ ਲਿਵਰ ਦਾ ਇਲਾਜ ਕਰਵਾ ਰਿਹਾ ਹੈ।

ਸੁਣਵਾਈ ਵਿਚਕਾਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧ ਕਮੇਟੀ ਦੇ  ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ, ਕਾਨੂੰਨੀ ਮਹਿਕਮੇ ਦੇ ਚੇਅਰਮੈਨ ਸ.ਜਸਵਿੰਦਰ ਸਿੰਘ ਜੌਲੀ ਆਦਿ ਅਦਾਲਤ ਵਿਚ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਜੱਜ ਅਜੇ ਪਾਂਡੇ ਨੇ 14 ਨਵੰਬਰ ਨੂੰ ਦਿਤੇ ਅਪਣੇ ਫ਼ੈਸਲੇ ਦੇ ਪੈਰਾ ਨੰਬਰ 147 ਦੇ ਇਕ ਹਿੱਸੇ ਵਿਚ ਲਿਖਿਆ ਹੈ ਕਿ ਦੋ ਗਵਾਹਾਂ ਨੇ ਗਵਾਹੀ ਦਿਤੀ ਕਿ ਦੋਸ਼ੀ ਨਰੇਸ਼ ਮਿੱਟੀ ਦਾ ਤੇਲ ਲੈ ਕੇ ਆਇਆ।

ਜੇਪੀ ਸਿੰਘ ਤੇ ਨਰੇਸ਼ ਨੇ ਭੀੜ ਨੂੰ ਸਿੱਖਾਂ 'ਤੇ ਹਮਲਾ ਕਰਨ ਲਈ ਉਕਸਾਇਆ। ਇਸੇ ਤਰ੍ਹਾਂ ਪੈਰਾ ਨੰਬਰ 163 ਵਿਚ ਜੱਜ ਨੇ ਦੋਹਾਂ ਦੋਸ਼ੀਆਂ ਨੂੰ ਗ਼ੈਰ-ਕਾਨੂੰਨੀ ਭੀੜ ਇਕੱਠੀ ਕਰਨ ਦਾ ਦੋਸ਼ੀ ਮੰਨਿਆ ਹੈ ਤੇ ਕਿਹਾ ਕਿ ਦੋਵੇਂ ਨੇ ਤਿਆਰੀ ਨਾਲ ਘਰ ਤੋੜਿਆ, ਅਪਣੀ ਮਰਜ਼ੀ ਨਾਲ ਖ਼ਤਰਨਾਕ ਹਥਿਆਰਾਂ ਨਾਲ ਹਮਲਾ ਕੀਤਾ ਤੇ ਸੱਟਾਂ ਮਾਰੀਆਂ, ਡਕੈਤੀ ਪਾਈ ਤੇ ਅਪਰਾਧ ਕੀਤਾ।

Related Stories