ਪੇਸ਼ੀ ਤੋਂ ਬਚਣ ਲਈ ਨਹੀਂ ਚੱਲਿਆ ‘ਅਕਸ਼ੇ’ ਦਾ ਬਹਾਨਾ, ਐਸਆਈਟੀ ਨੇ ਦਿਖਾਈ ਸਖ਼ਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਲੀਵੁਡ ਸਟਾਰ ਅਕਸ਼ੇ ਕੁਮਾਰ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਐਸ.ਆਈ.ਟੀ ਟੀਮ ਦੇ ਸਾਹਮਣੇ ਪੇਸ਼ ਹੋਣਗੇ ਜਾਂ...

Akshay Kumar

ਚੰਡੀਗੜ੍ਹ (ਪੀਟੀਆਈ) : ਬਾਲੀਵੁਡ ਸਟਾਰ ਅਕਸ਼ੇ ਕੁਮਾਰ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਐਸ.ਆਈ.ਟੀ ਟੀਮ ਦੇ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ, ਇਸ ‘ਤੇ ਸ਼ੱਕ ਖ਼ਤਮ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਕਸ਼ੇ ਕੁਮਾਰ ਨੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਦੇ ਸੀਨੀਅਰ ਅਧੀਕਾਰੀਆਂ ਨਾਲ ਫੋਨ ‘ਤੇ ਪੇਸ਼ੀ ਤੋਂ ਛੂਟ ਮੰਗੀ ਸੀ, ਪਰ ਉਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਹੁਣ ਉਹ ਐਸ.ਆਈ.ਟੀ ਦੇ ਸਾਹਮਣੇ 21 ਜਾਂ 22 ਨਵੰਬਰ ਨੂੰ ਚੰਡੀਗੜ੍ਹ ‘ਚ ਪੇਸ਼ ਹੋਣਗੇ।

ਸੂਤਰਾਂ ਦੇ ਮੁਤਾਬਿਕ, ਅਕਸ਼ੇ ਕੁਮਾਰ ਨੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਉਹਨਾਂ ਦਾ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨਾਲ ਕੋਈ ਸੰਬੰਧ ਨਹੀਂ ਸੀ। ਉਹ ਇਹ ਗੱਲ ਟਵੀਟਰ ‘ਤੇ ਵੀ ਕਹਿ ਚੁੱਕੇ ਹਨ। ਚੰਡੀਗੜ੍ਹ ‘ਚ ਵੀ ਪੁਛਗਿਛ ‘ਤੇ ਇਹ ਕਹਿਣਗੇ, ਇਸ ਲਈ ਉਹਨਾਂ ਨੇ ਪੇਸ਼ ਨਾ ਹੋਣ ਦੀ ਇਜ਼ਾਜ਼ਤ ਦਿਤੀ ਜਾਵੇ। ਸੂਤਰਾਂ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਅਕਸ਼ੇ ਨੂੰ ਦੋ ਵਾਰ ਕਿਹਾ ਕਿ ਉਹਨਾਂ ਤੋਂ ਪੁਛਗਿਛ ਕਰਨਾ ਕਾਨੂੰਨੀ ਪ੍ਰੀਕ੍ਰਿਆ ਹੈ ਅਤੇ ਉਹਨਾਂ ਨੂੰ ਪੇਸ਼ ਹੋਣਾ ਹੀ ਪਵੇਗਾ।

ਐਸ.ਆਈ.ਟੀ ਦੀ ਇਕ ਪ੍ਰਸ਼ਨਾਵਲੀ ਹੁੰਦੀ ਹੈ, ਜਿਸ ਦਾ ਜਵਾਬ ਉਹਨਾਂ ਨੂੰ ਦੇਣਾ ਪਵੇਗਾ। ਇਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਕਿਹਾ ਕਿ ਉਹ 21 ਜਾਂ 22 ਨਵੰਬਰ ਨੂੰ ਐਸ.ਆਈ.ਟੀ ਦੇ ਸਾਹਮਣੇ ਪੇਸ਼ ਹੋਣਗੇ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਐਸ.ਆਈ.ਟੀ ਅਕਸ਼ੇ ਕੁਮਾਰ ਨੂੰ ਪੰਜ ਪ੍ਰਸ਼ਨ ਪੁੱਛੇਗੀ। ਦੱਸ ਦਈਏ ਕਿ ਪੁਲਿਸ ਨੇ ਉਹਨਾਂ ਨੂੰ ਇਹ ਵੀ ਸਹੂਲਤ ਦਿਤੀ ਹੈ ਕਿ ਅੰਮ੍ਰਿਤਸਰ ਜਾਂ ਚੰਡੀਗੜ੍ਹ ਉਹਨਾਂ ਨੂੰ ਜਿਥੇ ਵੀ ਚੰਗਾ ਲਗਦਾ ਉਥੇ ਹੀ ਜਾਂਚ ‘ਚ ਸ਼ਾਮਲ ਲਈ ਪੇਸ਼ ਹੋਣ।

ਅਕਸ਼ੇ ਕੁਮਾਰ ‘ਤੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਮੁਲਾਕਾਤ ਕਰਵਾਉਣ ਦਾ ਦੋਸ਼ ਹੈ। ਦੋਸ਼ ਲਗਾਇਆ ਗਿਆ ਹੈ ਕਿ ਇਸ ਲਈ 100 ਕਰੋੜ ਦੀ ਡੀਲ ਹੋਈ ਸੀ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਮੁਤਾਬਿਕ ਵੀ ਗੁਰਮੀਤ ਰਾਮ ਰਹੀਮ ਦੀ ਫਿਲਮ ‘ਮੈਸੇਂਜਰ ਆਫ਼ ਗੋਡ’ ਨੂੰ ਰੀਲੀਜ਼ ਕਰਾਉਣ ਲਈ ਅਕਸ਼ੇ ਕੁਮਾਰ ਦੇ ਘਰ ‘ਤੇ ਮੀਟਿੰਗ ਹੋਈ ਸੀ।

ਐਸ.ਆਈ.ਟੀ ਨੇ ਇਸ ਮਾਮਲੇ ‘ਚ ਸੰਮਨ ਜਾਰੀ ਕਰਕੇ ਬਾਲੀਵੁਡ ਸਟਾਰ ਅਕਸ਼ੇ ਕੁਮਾਰ ਨੂੰ 21 ਨਵੰਬਰ ਨੂੰ ਅੰਮ੍ਰਿਤਸਰ ‘ਚ ਪੇਸ਼ ਹੋਣ ਨੂੰ ਕਿਹਾ ਸੀ। ਜ਼ਿਕਰਯੋਗ ਹੈ ਕਿ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 16 ਨਵੰਬਰ ਨੂੰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 19 ਨਵੰਬਰ ਨੂੰ ਐਸ.ਆਈ.ਟੀ ਦੇ ਸਾਹਮਣੇ ਪੇਸ਼ ਹੋ ਕੇ ਬਿਆਨ ਦਰਜ ਕਰਵਾ ਚੁੱਕੇ ਹਨ।