ਭਾਈ ਰਾਜੋਆਣਾ ਤੋਂ ਬਾਅਦ ਪ੍ਰੋ. ਭੁੱਲਰ ਦੀ ਸਜ਼ਾ ਬਰਕਰਾਰ ਰਖਣ 'ਤੇ ਸਿੱਖ ਕੌਮ 'ਚ ਨਿਰਾਸ਼ਾ ਦੀ ਲਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਿਹਾਈ ਦੀ ਥਾਂ ਪ੍ਰੋ. ਭੁੱਲਰ ਦੀ ਸਜ਼ਾ ਪਹਿਲਾਂ ਵਾਂਗ ਰਹਿਣ 'ਤੇ ਸੁਪਰੀਮ ਕੋਰਟ ਜਾਵਾਂਗੇ: ਪ੍ਰੋ ਬਲਜਿੰਦਰ ਸਿੰਘ

File Photo

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਪ੍ਰੋ ਦਵਿੰਦਰ ਸਿੰਘ ਭੁੱਲਰ ਦੀ ਸਜ਼ਾ ਬਰਕਰਾਰ ਹੋਣ 'ਤੇ ਸਿੱਖ ਕੌਮ ਵਿਚ ਨਿਰਾਸ਼ਤਾ ਦੀ ਲਹਿਰ ਹੈ। ਇਸ ਤੋਂ ਪਹਿਲਾਂ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਵੀ ਬਰਕਰਾਰ ਰੱਖੀ ਗਈ। ਉਕਤ ਦੋਹਾਂ ਸਿੱਖ ਆਗਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਸਿੱਖ ਕੌਮ ਦੇ ਆਗੂਆਂ ਦੀ ਮੰਗ ਤੇ ਸਰਕਾਰ ਨੇ ਫਾਂਸੀ ਦੀ ਸਜ਼ਾ ਨੂੰ ਸਜ਼ਾ-ਏ- ਮੌਤ ਵਿਚ ਤਬਦੀਲ ਕਰ ਦਿਤਾ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼-ਪੁਰਬ ਤੇ ਸਰਕਾਰ ਨੇ ਸਜ਼ਾ ਮਾਫ਼ ਕਰ ਦਿਤੀ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਰਿਹਾਈ ਦੀ ਉਡੀਕ ਕਰ ਰਹੇ ਸਨ ਪਰ ਬਲਵੰਤ ਸਿੰਘ ਰਾਜੋਆਣਾ ਦੀ ਲੇਟ ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਮੈਂਬਰ ਲੋਕ ਸਭਾ ਨੇ ਸੰਸਦ ਵਿਚ ਰਿਹਾਈ ਦੀ ਵਿਰੋਧਤਾ ਕਰ ਦਿਤੀ ਤੇ ਸੰਸਦ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਮੁਕਰ ਗਏ ਕਿ ਮੀਡੀਆ 'ਤੇ ਯਕੀਨ ਨਾ ਕਰੋ, ਕੋਈ ਸਜ਼ਾ ਮਾਫ਼ ਨਹੀਂ ਕੀਤੀ ਗਈ।

ਹੁਣ ਸੁਪਰੀਮ ਕੋਰਟ ਵਿਚ ਪ੍ਰੋ. ਦਵਿੰਦਰ ਸਿੰਘ ਭੁੱਲਰ ਦੀ ਸਜ਼ਾ ਮਾਫ਼ ਕਰਨ ਵਿਰੁਧ ਮਨਿੰਦਰਜੀਤ ਸਿੰਘ ਬਿੱਟਾ ਨੇ ਪਟੀਸ਼ਨ ਪਾ ਕੇ ਵਿਰੋਧਤਾ ਕਰ ਦਿਤੀ, ਇਸ ਪ੍ਰਤੀ ਸੁਪਰੀਮ ਕੋਰਟ ਨੇ ਪ੍ਰੋ ਭੁੱਲਰ ਦੀ ਰਿਹਾਈ 'ਤੇ ਰੋਕ ਲਾ ਦਿਤੀ ਹੈ। ਇਸ ਸਬੰਧੀ ਜਗਤਾਰ ਸ਼ਿੰਘ ਹਵਾਰਾ ਕਮੇਟੀ ਦੇ ਬੁਲਾਰੇ ਨੇ ਦਸਿਆ ਕਿ ਪ੍ਰੋ. ਭੁੱਲਰ ਨੂੰ 10 ਪੈਰੋਲ ਮਿਲ ਚੁਕੀਆਂ ਹਨ ਤੇ ਉਸ ਨੂੰ ਡਾਕਟਰਾਂ ਦੇ ਪੈਨਲ ਨੇ ਮਾਨਸਿਕ ਰੋਗੀ ਕਰਾਰ ਦਿਤਾ ਹੈ ਤੇ ਉਹ ਜ਼ੇਰੇ ਇਲਾਜ ਹੈ ਤੇ 26 ਸਾਲ ਤੋਂ ਜੇਲ ਵਿਚ ਹੈ।

ਪ੍ਰੋ. ਬਲਜਿੰਦਰ ਸਿੰਘ ਮੁਤਾਬਕ ਮਨਜਿੰਦਰ ਸਿੰਘ ਬਿੱਟਾ ਨੂੰ ਠਰੰਮੇ ਤੋਂ ਕੰਮ ਲੈਣਾ ਚਾਹੀਦਾ ਸੀ। ਹੁਣ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁਧ ਅਪੀਲ ਦਾਇਰ ਕਰਨਗੇ ਤਾਂ ਜੋ ਅਦਾਲਤੀ ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘ ਰਿਹਾਅ ਕਰਵਾਏ ਜਾ ਸਕਣ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਨੇ ਅਫ਼ਸੋਸ ਪ੍ਰਗਟਾਇਆ ਹੈ ਕਿ ਜੇ ਸਾਧਵੀ ਪ੍ਰੀਗਿਆ ਠਾਕੁਰ ਨੂੰ ਰਿਹਾਈ ਮਿਲ ਸਕਦੀ ਹੈ ਤਾਂ ਸਿੱਖਾਂ ਨਾਲ ਵੀ ਇਨਸਾਫ਼ ਹੋਣਾ ਚਾਹੀਦਾ ਹੈ।

ਉਕਤ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਚਾਹੇ ਤਾਂ ਉਹ ਹੁਣ ਵੀ ਸੱਭ ਕੁੱਝ ਕਰ ਸਕਦੀ ਹੈ ਪਰ ਸਿੱਖਾਂ ਨਾਲ ਹਮੇਸ਼ਾ ਵਿਤਕਰਾ ਹੁੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।