ਪੰਜਾਬ 'ਚ ਅਤਿ ਮਹਿੰਗੀ ਬਿਜਲੀ ਦਾ ਮਾਮਲਾ ਸੋਨੀਆ ਦੇ ਦਿੱਲੀ ਦਰਬਾਰ 'ਚ ਗੂੰਜਿਆ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਨੂੰ ਬਿਜਲੀ ਦਰਾਂ ਘਟਾਉਣ ਤੇ ਗ਼ੌਰ ਕਰਨ ਦਾ ਦਿਤਾ ਭਰੋਸਾ

File Photo

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਵਿਚ ਇਕ ਪਾਸੇ ਜਿਥੇ ਵਿਰੋਧੀ ਧਿਰਾਂ ਅਤਿ ਮਹਿੰਗੀ ਬਿਜਲੀ ਦਰਾਂ ਦੇ ਮੁੱਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੀਆਂ ਉਥੇ ਹੀ ਪਾਰਟੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਲੀ ਮਿਲਣ ਪੁੱਜੇ ਮੁੱਖ ਮੰਤਰੀ ਨੂੰ ਉਥੇ ਵੀ ਬਿਜਲੀ ਦਰਾਂ ਦੇ ਮੁੱਦੇ 'ਤੇ ਹੀ ਜਵਾਬ ਤਲਬੀ ਝੱਲਣੀ ਪੈ ਗਈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਹੈ ਕਿ ਕੌਮੀ ਕਾਂਗਰਸ ਪ੍ਰਧਾਨ ਨੇ ਪੰਜਾਬ 'ਚ ਬਿਜਲੀ ਦਰਾਂ ਅਤੇ ਉਚੀਆਂ ਹੋਣ 'ਤੇ ਡਾਢ੍ਹੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਨ ਲਈ ਕਿਹਾ ਹੈ। ਮੁੱਖ ਮੰਤਰੀ ਨੇ ਵੀ ਜਲਦ ਤੋਂ ਜਲਦ ਬਿਜਲੀ ਦਰਾਂ ਘੱਟ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਕੌਮੀ ਕਾਂਗਰਸ ਪ੍ਰਧਾਨ ਨੂੰ ਦਿਤਾ ਹੈ।

ਪੰਜਾਬ ਵਜ਼ਾਰਤ ਵਿਚ ਵਾਧੇ ਅਤੇ ਮਹਿਕਮਿਆਂ ਦੀ ਅੰਤਰ ਤਬਦੀਲੀ ਦੇ ਮੁੱਦੇ ਉਤੇ ਮੁੱਖ ਮੰਤਰੀ ਪਹਿਲਾਂ ਤੋਂ ਹੀ ਬਜਟ ਸੈਸ਼ਨ ਤੋਂ ਬਾਅਦ ਇਹ ਕਾਰਵਾਈ ਪੂਰੀ ਪਾਉਣ ਲਈ ਸਹਿਮਤੀ ਬਣਾਉਣ ਦਾ ਰਾਹ ਬਣਾਉਣ ਲਈ ਗਏ ਦੱਸੇ ਜਾਂਦੇ ਹਨ। ਦਸਣਯੋਗ ਹੈ ਕਿ ਵਿਭਾਗ ਦੇ ਕਈ ਅਹਿਮ ਮੰਤਰੀਆਂ ਤੋਂ ਮਹਿਕਮੇ ਇਕ ਦੂਜੇ ਨੂੰ ਤਬਦੀਲ ਕਰਨ ਅਤੇ ਇਕ ਮੰਤਰੀ ਦੀ ਛੁੱਟੀ ਕਰਨ ਦੇ ਨਾਲ-ਨਾਲ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਕੈਬਨਿਟ 'ਚ ਸ਼ਾਮਲ ਕਰਨ ਅਤੇ ਸੀਨੀਅਰ ਕੈਬਨਿਟ ਬ੍ਰਹਮਮਹਿੰਦਰਾ ਨੂੰ ਸਪੀਕਰ ਲਾਏ ਜਾਣ ਦੀਆਂ ਸੰਭਾਵਨਾਵਾਂ 'ਤੇ ਚਰਚਾਵਾਂ ਸੂਬੇ ਦੀ ਰਾਜਨੀਤੀ ਵਿਚ ਪ੍ਰਬਲ ਹਨ।

ਉਧਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਸੋਮਵਾਰ  ਤੋਂ ਅਪਣੇ ਕਾਂਗਰਸੀ ਸਿਆਸੀ ਸ਼ਰੀਕ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਕਰਦੇ ਹੋਏ ਕੁਝ ਸਬੂਤ ਵੀ ਸੋਨੀਆ ਗਾਂਧੀ ਨੂੰ ਸੌਂਪੇ ਗਏ ਪਰ ਸੋਨੀਆ ਗਾਂਧੀ ਵਲੋਂ ਇਸ ਮਾਮਲੇ ਵਿਚ ਕੁਝ ਵੀ ਹੁੰਗਾਰਾ ਨਹੀਂ ਦਿਤਾ ਗਿਆ ਦਸਿਆ ਜਾ ਰਿਹਾ ਹੈ ਹੈ।

ਸੋਨੀਆ ਗਾਂਧੀ ਨੇ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਆਦੇਸ਼ ਦਿਤੇ ਹਨ ਕਿ ਸਰਕਾਰ ਪੱਧਰ ਦੇ ਨਾਲ ਹੀ ਪਾਰਟੀ ਪੱਧਰ ਤੇ ਆਮ ਜਨਤਾ ਕੋਲ ਜਾਂਦੇ ਹੋਏ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਬਾਰੇ ਜਾਣਕਾਰੀ ਦਿਤੀ ਜਾਵੇ ਕਿ ਕਿਹੜੇ ਕਾਰਨਾਂ ਦੇ ਚਲਦੇ ਇਸ ਦਾ ਵਿਰੋਧ ਕੀਤਾ ਜਾ ਰਿਹਾ।
ਦਿੱਲੀ ਵਿਖੇ ਅਮਰਿੰਦਰ ਸਿੰਘ ਨੇ ਕੁੱਝ ਸਮੇਂ ਲਈ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਨਾਲ ਵੀ ਇਕੱਲੇ ਤੌਰ 'ਤੇ ਮੁਲਾਕਾਤ ਕੀਤੀ ਹੈ।

ਸੋਨੀਆ ਗਾਂਧੀ ਨਾਲ ਹੋਈ ਮੁਲਾਕਾਤ ਦੌਰਾਨ ਅਮਰਿੰਦਰ ਸਿੰਘ ਦੇ ਨਾਲ ਹੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲੇ ਦੀ ਪ੍ਰਭਾਰੀ ਆਸ਼ਾ ਕੁਮਾਰੀ ਵੀ ਮੌਕੇ 'ਤੇ ਮੌਜੂਦ ਸਨ ਪਰ ਇਨ੍ਹਾਂ ਦੋਹਾਂ ਨੂੰ ਇਕ ਪਾਸੇ ਕਰ ਕੇ ਅਮਰਿੰਦਰ ਸਿੰਘ ਨੇ ਕੁਝ ਮਿੰਟ ਖ਼ੁਦ ਮੁਲਾਕਾਤ ਕੀਤੀ ਅਤੇ ਉਸ ਤੋਂ ਬਾਅਦ ਤਿੰਨਾਂ ਨਾਲ ਲੰਮੀ ਮੁਲਾਕਾਤ ਕੀਤੀ।

ਦਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਪ੍ਰਤਾਪ ਸਿੰਘ ਬਾਜਵਾ ਵਲੋਂ ਕੈਪਟਨ ਅਮਰਿੰਦਰ ਸਿੰਘ ਵਿਰੁਧ ਖਾਸਕਰ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਸੁਪਰੀਮ ਕੋਰਟ 'ਚ ਬਿਜਲੀ ਸਮਝੌਤਿਆਂ ਦੇ ਕੇਸਾਂ ਬਾਰੇ ਕਾਰਗੁਜ਼ਾਰੀ ਨੂੰ ਲੈ ਕੇ ਸਖ਼ਤ ਸ਼ਬਦਾਂ 'ਚ ਨਿੰਦਿਆ ਕੀਤੀ ਜਾਂਦੀ ਰਹੀ ਹੈ। ਬਾਜਵਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੂੰ ਅਗਲੀਆਂ ਚੋਣਾਂ ਲਈ ਮਜਬੂਤ ਕਰਨ ਦੇ ਦੋਸ਼ ਵੀ ਅਪਣੇ ਮੁੱਖ ਮੰਤਰੀ 'ਤੇ ਲਗਾਏ ਗਏ ਹਨ। ਇਸੇ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਵੀ ਐਡਵੋਕੇਟ ਜਨਰਲ ਦੀ ਮੁੱਖ ਮੰਤਰੀ ਦੀ ਹਾਜ਼ਰੀ 'ਚ ਰੱਜਵੀਂ ਝਾੜ ਝੰਬ ਕੀਤੀ ਜਾ ਚੁੱਕੀ ਹੈ।