ਨਾਰਾਜ਼ ਜਾਖੜ ਵਲੋਂ ਕੈਪਟਨ ਨੂੰ 'ਸ਼ੀਸ਼ਾ' ਦਿਖਾਉਣ ਦੀ ਕੋਸ਼ਿਸ਼, ਕਹਿ ਦਿਤੀ ਵੱਡੀ ਗੱਲ!

ਏਜੰਸੀ

ਖ਼ਬਰਾਂ, ਪੰਜਾਬ

ਅਫ਼ਸਰਸ਼ਾਹੀ ਦੀ ਬੇਲਗਾਮੀ ਦਾ ਮੁੱਦਾ ਚੁਕਿਆ

file photo

ਚੰਡੀਗੜ੍ਹ : ਅਫ਼ਸਰਸ਼ਾਹੀ ਦੀ ਬੇਲਗਾਮੀ ਦੇ ਮੁੱਦੇ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ ਚੱਲ ਰਹੇ ਹਨ। ਇਹ ਨਾਰਾਜ਼ਗੀ ਸਨਿੱਚਰਵਾਰ ਨੂੰ ਵਿਧਾਇਕਾਂ ਨਾਲ ਹੋਈ ਪ੍ਰੀ-ਬਜਟ ਮੀਟਿੰਗ ਦੌਰਾਨ ਜੱਗ-ਜਾਹਰ ਹੋ ਗਈ। ਉਨ੍ਹਾਂ ਨੇ ਮੁੱਖ ਮੰਤਰੀ ਸਾਹਮਣੇ ਇਹ ਨਾਰਾਜ਼ਗੀ ਖੁੱਲ੍ਹ ਕੇ ਪ੍ਰਗਟ ਕੀਤੀ। ਇਹ ਮਾਮਲਾ ਪਟਿਆਲਾ ਜ਼ਿਲ੍ਹੇ ਦੇ ਵਿਧਾਇਕਾਂ ਮਦਨ ਲਾਲ ਜਲਾਲਪੁਰ ਤੇ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਵਲੋਂ ਪੁਲਿਸ ਅਫ਼ਸਰਾਂ ਦੇ ਦੁਰਵਿਹਾਰ ਸਬੰਧੀ ਰੱਖੀਆਂ ਸ਼ਕਾਇਤਾਂ ਦੌਰਾਨ ਸਾਹਮਣੇ ਆਇਆ।

ਸ਼ਿਕਾਇਤਾਂ ਦੀ ਗਿਣਤੀ ਵੇਖ ਕੇ ਸੁਨੀਲ ਜਾਖੜ ਤੈਸ਼ ਵਿਚ ਆ ਗਏ। ਉਨ੍ਹਾਂ ਜਲਾਲਾਬਾਦ ਥਾਣੇ ਦੀ ਉਦਾਹਰਣ ਦਿੰਦਿਆਂ ਮੁੱਖ ਮੰਤਰੀ ਨੂੰ ਕਿਹਾ ਕਿ 70 ਤੋਂ ਜ਼ਿਆਦਾ ਸਰਪੰਚ ਜਦੋਂ ਅਪਣੀ ਫ਼ਰਿਆਦ ਲੈ ਕੇ ਐੱਸਐੱਚਓ ਨੂੰ ਮਿਲਣ ਜਾਂਦੇ ਹਨ ਤਾਂ ਉਹ ਉੁਨ੍ਹਾਂ ਨੂੰ ਬਾਹਰ ਕੱਢ ਦਿੰਦੇ ਹਨ। ਫਿਰੋਜ਼ਪੁਰ ਦਾ ਆਈਜੀ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕਰਦਾ। ਜਿਸ ਹਲਕੇ ਦੀ ਜਨਤਾ ਨੇ ਸੁਖਬੀਰ ਸਿੰਘ ਬਾਦਲ ਦੀ ਜਿੱਤੀ ਹੋਈ ਸੀਟ ਭਾਰੀ ਫ਼ਰਕ ਨਾਲ ਜਿਤਵਾ ਕੇ ਸਾਡੇ 'ਤੇ ਭਰੋਸਾ ਪ੍ਰਗਟਾਇਆ, ਕੀ ਉਨ੍ਹਾਂ ਨੇ ਗ਼ਲਤੀ ਕਰ ਲਈ ਹੈ?

ਉਨ੍ਹਾਂ ਨੇ ਕਿਹਾ ਕਿ ਜਿਹੜੇ ਅਫ਼ਸਰਾਂ ਨੇ ਸਾਡੇ ਵਰਕਰਾਂ ਨਾਲ ਦੁਰਵਿਵਹਾਰ ਕੀਤਾ ਹੈ, ਉਨ੍ਹਾਂ ਨੂੰ ਅੱਜ ਐਸਐਸਪੀ ਲਾਇਆ ਹੋਇਆ ਹੈ।  ਉਨ੍ਹਾਂ ਨੇ ਅੰਮ੍ਰਿਤਸਰ 'ਚ ਲੱਗੇ ਐੱਸਐੱਸਪੀ ਦੀ ਵੀ ਉਦਾਹਰਣ ਦਿਤੀ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਰਹਿੰਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ 'ਤੇ ਛਾਪਾ ਮਾਰਿਆ ਸੀ।

ਜਾਖੜ ਨੇ ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੂੰ ਪੁੱਛਿਆ ਕਿ ਅਜਿਹੇ ਅਫ਼ਸਰਾਂ ਨੂੰ ਕਿਉਂ ਲਾਇਆ ਗਿਆ ਹੈ ਜਿਹੜੇ ਵਿਧਾਇਕਾਂ ਦੀ ਗੱਲ ਨਹੀਂ ਸੁਣਦੇ। ਜ਼ਿਕਰਯੋਗ ਹੈ ਕਿ ਜਾਖੜ ਨੇ ਇਸ ਤੋਂ ਪਹਿਲਾਂ ਵੀ ਪ੍ਰਰੀ-ਬਜਟ ਮੀਟਿੰਗ ਦੌਰਾਨ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੁਲ ਨੰਦਾ 'ਤੇ ਅਪਣਾ ਗੁੱਸਾ ਕੱਢਿਆ ਸੀ। ਉਨ੍ਹਾਂ ਇੱਥੋਂ ਤਕ ਕਹਿ ਦਿਤਾ ਸੀ ਕਿ ਤੁਸੀਂ ਲਗਾਤਾਰ ਸਰਕਾਰ ਦੇ ਕੇਸ ਹਾਰ ਰਹੇ ਹੋ, ਅਸੀਂ ਇਹ ਸਰਕਾਰ ਤੁਹਾਡੀ ਦੁਕਾਨ ਚਲਾਉਣ ਲਈ ਨਹੀਂ ਬਣਾਈ।

ਪਾਰਟੀ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਇਸ ਮੁੱਦੇ 'ਤੇ ਹੁਣ ਹੋਰ ਨਹੀਂ ਬੋਲਣਗੇ। ਇਹ ਗੱਲ ਆਖਰੀ ਵਾਰੀ ਕਹਿ ਰਹੇ ਹਨ। ਮੈਨੂੰ ਲੱਗਦਾ ਹੈ ਕਿ ਜਾਂ ਤਾਂ ਅਫ਼ਸਰ ਤੁਹਾਡੇ ਆਦੇਸ਼ਾਂ ਨੂੰ ਕੁਝ ਸਮਝਦੇ ਹੀ ਨਹੀਂ ਜਾਂ ਫਿਰ ਤੁਸੀਂ ਉਨ੍ਹਾਂ ਨੂੰ ਕੁਝ ਜ਼ਿਆਦਾ ਹੀ ਛੋਟ ਦਿਤੀ ਹੋਈ ਹੈ। ਜਾਖੜ ਇਸ ਤੋਂ ਪਹਿਲਾਂ ਵੀ ਅਫ਼ਸਰਸ਼ਾਹੀ ਦੀ ਬੇਲਗਾਮੀ ਬਾਰੇ ਨਾਰਾਜਗੀ ਜਾਹਰ ਕਰ ਚੁੱਕੇ ਹਨ।