ਕਪੂਰਥਲਾ ਦੇ ਬ੍ਰਿਟਿਸ਼ ਸਿੱਖ ਸਕੂਲ 'ਚ ਇਨਕਮ ਟੈਕਸ ਵਿਭਾਗ ਦਾ ਛਾਪਾ, 8 ਘੰਟੇ ਤੱਕ ਚੱਲੀ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਕੂਲ ਦੇ ਬਾਹਰ CRPF ਰਹੀ ਤਾਇਨਾਤ

Income Tax Department raided British Sikh School in Kapurthala

 

ਕਪੂਰਥਲਾ: ਆਮਦਨ ਕਰ ਵਿਭਾਗ ਦੀ ਟੀਮ ਨੇ ਕਪੂਰਥਲਾ 'ਚ ਜਲੰਧਰ ਰੋਡ 'ਤੇ ਪਿੰਡ ਇਬਨ 'ਚ ਸਥਿਤ ਬ੍ਰਿਟਿਸ਼ ਸਿੱਖ ਸਕੂਲ 'ਚ ਛਾਪਾ ਮਾਰਿਆ ਹੈ। ਦੱਸਿਆ ਜਾ ਰਿਹਾ ਹੈ ਸਕੂਲ ਵਿਚ ਕਈ ਘੰਟਿਆਂ ਤੱਕ ਜਾਂਚ ਜਾਰੀ ਰਹੀ। ਹਾਲਾਂਕਿ ਇਸ ਦੀ ਅਧਿਕਾਰਤ ਤੌਰ 'ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ।  ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਛਾਪੇਮਾਰੀ 'ਚ ਅੰਮ੍ਰਿਤਸਰ, ਜਲੰਧਰ, ਜੰਮੂ-ਕਸ਼ਮੀਰ ਦੇ ਡਿਪਟੀ ਡਾਇਰੈਕਟਰ ਆਫ ਇਨਵੈਸਟੀਗੇਸ਼ਨ ਅਫਸਰਾਂ ਸਮੇਤ 100 ਲੋਕਾਂ ਦੀ ਟੀਮ ਸ਼ਾਮਲ ਸੀ। ਟੀਮ ਵਿਚ ਸੀਆਰਪੀਐਫ ਦੀਆਂ ਦੀ ਟੁਕੜੀਆਂ ਵੀ ਮੌਜੂਦ ਸਨ। 

ਆਮਦਨ ਕਰ ਵਿਭਾਗ ਦੀ ਇਹ ਛਾਪੇਮਾਰੀ ਪੂਰੀ ਤਰ੍ਹਾਂ ਗੁਪਤ ਰਹੀ। ਸੂਤਰਾਂ ਅਨੁਸਾਰ ਵਿਭਾਗ ਨੇ ਬ੍ਰਿਟਿਸ਼ ਸਿੱਖ ਸਕੂਲ ਨੂੰ ਆਮਦਨ ਸਬੰਧੀ ਪੱਤਰ ਭੇਜ ਕੇ ਜਾਣਕਾਰੀ ਮੰਗੀ ਸੀ, ਜੋ ਸਕੂਲ ਵੱਲੋਂ ਉਪਲਬਧ ਨਹੀਂ ਕਰਵਾਈ ਗਈ।  ਇਸ ਤੋਂ ਬਾਅਦ ਆਮਦਨ ਕਰ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ ਅਤੇ ਟੀਮ ਦਸਤਾਵੇਜ਼ ਆਪਣੇ ਨਾਲ ਲੈ ਗਈ ਹੈ।

ਆਮਦਨ ਕਰ ਵਿਭਾਗ ਨੇ ਸ਼ੁੱਕਰਵਾਰ ਸਵੇਰੇ ਕਰੀਬ 12 ਵਜੇ ਪਿੰਡ ਇਬਨ ਸਥਿਤ ਬ੍ਰਿਟਿਸ਼ ਸਿੱਖ ਸਕੂਲ 'ਤੇ ਛਾਪਾ ਮਾਰਿਆ। ਇਸ ਦੌਰਾਨ ਕਿਸੇ ਨੂੰ ਵੀ ਸਕੂਲ ਦੇ ਅੰਦਰ ਅਤੇ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸਕੂਲ ਦੇ ਗੇਟ 'ਤੇ ਸੀਆਰਪੀਐਫ ਦੀ ਟੀਮ ਤਾਇਨਾਤ ਸੀ। ਮਿਲੀ ਜਾਣਕਾਰੀ ਅਨੁਸਾਰ 100 ਲੋਕਾਂ ਦੀ ਟੀਮ 15 ਗੱਡੀਆਂ ਵਿਚ ਪਹੁੰਚੀ ਸੀ। ਟੀਮ ਵੱਲੋਂ ਸਕੂਲ ਦੇ ਹੋਰਨਾਂ ਦਫ਼ਤਰਾਂ ’ਤੇ ਵੀ ਛਾਪੇਮਾਰੀ ਕੀਤੀ ਗਈ ਹੈ।