ਪਟਿਆਲਾ ਜ਼ਿਲ੍ਹੇ ਦੇ 623 ਸ਼ਰਾਬ ਠੇਕਿਆਂ ਦੀ ਨਿਲਾਮੀ ਤੋਂ ਪ੍ਰਾਪਤ ਹੋਵੇਗਾ ਚੋਖਾ ਮਾਲੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬਾ ਸਰਕਾਰ ਨੂੰ 272.68 ਕਰੋੜ ਰੁਪਏ ਦਾ ਪ੍ਰਾਪਤ ਹੋਵੇਗਾ ਮਾਲੀਆ

Alcohol Vendors Auction

ਪਟਿਆਲਾ : ਸਾਲ 2019-20 ਲਈ ਆਬਕਾਰੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਿਆਲਾ ਜ਼ਿਲ੍ਹੇ ਦੇ 623 ਠੇਕਿਆਂ ਲਈ ਆਯੋਜਿਤ ਕੀਤੀ ਗਈ ਨਿਲਾਮੀ ਤੋਂ ਸੂਬਾ ਸਰਕਾਰ ਨੂੰ 272.68 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ। ਇਸ ਨਿਲਾਮੀ ਦੀ ਸ਼ੁਰੂਆਤ ਨਾਭਾ ਰੋਡ ’ਤੇ ਸਥਿਤ ਇਕ ਨਿੱਜੀ ਪੈਲੇਸ ਵਿਚ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮਿਸ ਇਨਾਇਤ ਗੁਪਤਾ ਦੀ ਦੇਖ-ਰੇਖ ਵਿਚ ਹੋਈ।

ਜਦਕਿ ਆਬਕਾਰੀ ਅਤੇ ਕਰ ਵਿਭਾਗ ਵਲੋਂ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਸ਼੍ਰੀਮਤੀ ਨਵਦੀਪ ਭਿੰਡਰ, ਡਿਪਟੀ ਆਬਕਾਰੀ ਤੇ ਕਰ ਕਮਿਸ਼ਨਰ ਸ਼੍ਰੀ ਜੀ.ਐਸ. ਗਿੱਲ, ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਸ਼੍ਰੀ ਬਲਵਿੰਦਰ ਸਿੰਘ ਅਤੇ ਆਬਕਾਰੀ ਅਤੇ ਕਰ ਅਫ਼ਸਰ ਸ਼੍ਰੀ ਉਪਕਾਰ ਸਿੰਘ ਮੁੱਖ ਤੌਰ ’ਤੇ ਸ਼ਾਮਲ ਹੋਏ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਬਲਵਿੰਦਰ ਸਿੰਘ ਨੇ ਦੱਸਿਆ ਦੀ ਜ਼ਿਲ੍ਹੇ ਦੇ ਕੁੱਲ 623 ਠੇਕਿਆਂ ਵਿਚੋਂ ਦੇਸੀ ਸ਼ਰਾਬ ਦੇ 380 ਠੇਕੇ ਹਨ ਜਦੋਂ ਕਿ ਅੰਗਰੇਜ਼ੀ ਸ਼ਰਾਬ ਦੇ 243 ਠੇਕੇ ਬਣਾਏ ਗਏ ਹਨ।

ਇਹਨਾਂ ਠੇਕਿਆਂ ਨੂੰ ਕੁੱਲ 69 ਜ਼ੋਨ ਵਿਚ ਵੰਡਿਆ ਗਿਆ ਹੈ। ਇਹਨਾਂ ਵਿਚੋਂ 28 ਨਗਰ ਨਿਗਮ ਪਟਿਆਲਾ ਦੇ ਖੇਤਰ ਵਿਚ ਹਨ ਜਦੋਂ ਕਿ ਬਾਕੀ ਜ਼ਿਲ੍ਹੇ ਦੇ ਹੋਰ ਸ਼ਹਿਰਾਂ, ਕਸਬਿਆਂ ਅਤੇ ਪੇਂਡੂ ਖੇਤਰਾਂ ਵਿਚ ਹਨ। ਇਹਨਾਂ ਠੇਕਿਆਂ ਤੋਂ ਸਰਕਾਰ ਦੇ ਖ਼ਜ਼ਾਨੇ ਵਿਚ 272.68 ਕਰੋੜ ਰੁਪਏ ਪ੍ਰਾਪਤ ਹੋਣਗੇ। ਮਿਲਣ ਵਾਲਾ ਇਹ ਮਾਲੀਆ ਬੀਤੇ ਵਿੱਤੀ ਸਾਲ ਦੀ ਤੁਲਨਾ ਵਿਚ 13.65 ਫ਼ੀ ਸਦੀ ਜ਼ਿਆਦਾ ਹੈ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਬਲਵਿੰਦਰ ਸਿੰਘ ਨੇ ਦੱਸਿਆ ਦੀ ਜ਼ਿਲ੍ਹੇ ਵਿਚ ਇਹਨਾਂ ਠੇਕਿਆਂ ਲਈ ਕੁੱਲ 399 ਅਰਜ਼ੀਆਂ ਪ੍ਰਾਪਤ ਹੋਈਆਂ ਸਨ।

ਇਹਨਾਂ ਅਰਜ਼ੀਆਂ ਨਾਲ ਵੀ ਸਰਕਾਰੀ ਖਜ਼ਾਨੇ ਨੂੰ 1.19 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨੇ ਦੱਸਿਆ ਕਿ ਸਮਾਣਾ ਦੇ ਚਾਰ ਜ਼ੋਨ ਦੇ ਡਰਾਅ 25 ਮਾਰਚ ਨੂੰ ਕੱਢੇ ਜਾਣਗੇ।