ਕੋਵਿਡ-19: ਲੁਧਿਆਣਾ ਪ੍ਰਸ਼ਾਸਨ ਨੇ ਲਿਆ ਫੈਸਲਾ, ਮੀਡੀਆ ਕਰਮੀਆਂ ਦੀ ਹੋਵੇਗੀ ਰੈਪਿਡ ਟੈਸਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਬੀਤੇ ਦਿਨ ਮੁੰਬਈ ਵਿਚ ਕੁੱਲ 53 ਪੱਤਰਕਾਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ।

Photo

ਲੁਧਿਆਣਾ: ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਬੀਤੇ ਦਿਨ ਮੁੰਬਈ ਵਿਚ ਕੁੱਲ 53 ਪੱਤਰਕਾਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਤੋਂ ਬਾਅਦ ਮੀਡੀਆ ਕਰਮੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਲੁਧਿਆਣਾ ਪ੍ਰਸ਼ਾਸਨ ਵੱਲੋਂ ਮੀਡੀਆ ਕਰਮੀਆਂ ਦੇ ਰੈਪਿਡ ਟੈਸਟ ਕਰਵਾਉਣ ਦਾ ਫੈਸਲਾ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਮੀਡੀਆ ਕਰਮੀ ਸਮਾਜ ਦਾ ਬਹੁਤ ਹੀ ਅਹਿਮ ਹਿੱਸਾ ਹਨ। ਮੌਜੂਦਾ ਕਰਫਿਊ/ਲੌਕਡਾਊਨ ਦੌਰਾਨ ਲੋਕਾਂ ਤੱਕ ਹਰ ਤਰ੍ਹਾਂ ਦੀ ਸੂਚਨਾ ਪਹੁੰਚਾਉਣ ਵਿਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ।

ਉਹਨਾਂ ਕਿਹਾ ਕਿ ਮੀਡੀਆ ਕਰਮੀ ਅਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਕਵਰੇਜ਼ ਕਰ ਰਹੇ ਹਨ, ਇਸ ਕਰ ਕੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਮੀਡੀਆ ਕਰਮੀਆਂ ਦੇ ਰੈਪਿਡ ਟੈਸਟ ਕਰਵਾਉਣ ਦਾ ਫੈਸਲਾ ਲਿਆ ਹੈ। ਉਹਨਾਂ ਦੱਸਿਆ ਕਿ ਜਿਨ੍ਹਾਂ ਮੀਡੀਆ ਕਰਮੀਆਂ ਨੂੰ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਲੁਧਿਆਣਾ ਵੱਲੋਂ ਕਰਫਿਊ ਪਾਸ ਜਾਰੀ ਕੀਤੇ ਗਏ ਹਨ, ਉਹ ਸਥਾਨਕ ਸਿਵਲ ਹਸਪਤਾਲ ਦੇ ਕਮਰਾ ਨੰਬਰ 18 ਵਿਚ ਜਾ ਕੇ ਅਪਣਾ ਟੈਸਟ ਕਰਵਾ ਸਕਦੇ ਹਨ।

ਉਹਨਾਂ ਕਿਹਾ ਕਿ ਸਮਾਜਿਕ ਦੂਰੀ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਹਰ ਰੋਜ਼ 50 ਤੋਂ 100 ਮੀਡੀਆ ਕਰਮੀਆਂ ਦੇ ਟੈਸਟ ਕਰਵਾਏ ਜਾਣਗੇ। ਇਹ ਟੈਸਟ ਕਰਫਿਊ ਪਾਸ ਦੇ ਕ੍ਰਮ ਨੰਬਰ ਅਨੁਸਾਰ ਹੀ ਕੀਤੇ ਜਾਣਗੇ।

ਇਸ ਦੇ ਨਾਲ ਹੀ ਉਹਨਾਂ ਨੇ ਮੀਡੀਆ ਕਰਮੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਤੋਂ ਅਪਣੇ ਆਪ ਅਤੇ ਪਰਿਵਾਰਾਂ ਨੂੰ ਬਚਾਉਣ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰਨ ਕੇ ਘਰਾਂ ਜਾਂ ਅਦਾਰਿਆਂ ਅੰਦਰ ਬੈਠ ਕੇ ਹੀ ਰਿਪੋਰਟਿੰਗ ਕਰਨ।