ਸਿੱਧੂ ਜੋੜੀ ਦੀ ਕੈਪਟਨ ਵਿਰੁਧ ਬਿਆਨਬਾਜ਼ੀ ਦਾ ਮਾਮਲਾ ਕਾਂਗਰਸ ਹਾਈਕਮਾਨ ਕੋਲ ਪਹੁੰਚਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਸ਼ਾ ਕੁਮਾਰੀ ਨੇ ਵੀਡੀਉ ਰੀਕਾਰਡਿੰਗ ਭੇਜੀਆਂ ਰਾਹੁਲ, ਸੋਨੀਆ, ਅਤੇ ਪ੍ਰਿਯੰਕਾ ਨੂੰ

Navjot Singh Sidhu

ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ, ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਵਲੋਂ ਪਿਛਲੇ ਦਿਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਦਿਤੇ ਬਿਆਨਾਂ ਦਾ ਮਾਮਲਾ ਕਾਂਗਰਸ ਹਾਈਕਮਾਨ ਪਾਸ ਪੁੱਜ ਗਿਆ ਹੈ। ਕਾਂਗਰਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਦੀ ਪੰਜਾਬ ਮਾਮਲਿਆਂ ਬਾਰੇ ਇਨਚਾਰਜ, ਆਸ਼ਾ ਕੁਮਾਰੀ ਨੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਦਿਤੇ ਬਿਆਨਾਂ ਦੀ ਵੀਡੀਉ ਰੀਕਾਰਡਿੰਗ ਦੀਆਂ ਕਾਪੀਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਅਤੇ ਅਹਿਮਦ ਪਟੇਲ ਨੂੰ ਭੇਜੀਆਂ ਹਨ। 

ਇਥੇ ਇਹ ਦੱਸਣਯੋਗ ਹੋਵੇਗਾ ਕਿ ਲੋਕ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਸਮੇਂ ਡਾ. ਨਵਜੋਤ ਕੌਰ ਸਿੱਧੂ ਨੇ ਟੀ.ਵੀ. ਚੈਨਲਾਂ ਨਾਲ ਗਲਬਾਤ ਕਰਦਿਆਂ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਟਿਕਟ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਮਾਮਲਿਆਂ ਦੀ ਇਨਚਾਰਜ ਆਸ਼ਾ ਕੁਮਾਰੀ ਨੇ ਕਟਵਾਈ ਹੈ। ਇਸੀ ਤਰ੍ਹਾਂ ਪੰਜਾਬ ਵਿਚ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਬਠਿੰਡਾ ਹਲਕੇ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਬਿਨਾਂ ਨਾਮ ਲਏ ਕੈਪਟਨ ਅਮਰਿੰਦਰ ਸਿੰਘ ਵਿਰੁਧ ਦੋਸ਼ ਲਾਏ ਕਿ ਚੋਣਾਂ ਵਿਚ ਅਕਾਲੀਆਂ ਨਾਲ ਦੋਸਤਾਨਾ ਮੈਚ ਖੇਡਿਆ ਜਾ ਰਿਹਾ ਹੈ ਅਤੇ ਦੋਸਤਾਨਾ ਮੈਚ ਖੇਡਣ ਵਾਲਿਆਂ ਨੂੰ ਸਬਕ ਸਿਖਾਇਆ ਜਾਵੇ। 

ਮਿਲੀ ਜਾਣਕਾਰੀ ਅਨੁਸਾਰ ਆਸ਼ਾ ਕੁਮਾਰੀ ਪਿਛਲੇ ਇਕ ਮਹੀਨੇ ਦੌਰਾਨ ਸ. ਸਿੱਧੂ ਅਤੇ ਡਾ. ਨਵਜੋਤ ਕੌਰ ਵਲੋਂ ਟੀ.ਵੀ. ਚੈਨਲਾਂ ਉਪਰ ਦਿਤੇ ਬਿਆਨਾਂ ਦੀਆਂ ਵੀਡੀਉ ਕਾਪੀਆਂ ਤਿਆਰ ਕਰ ਕੇ ਹਾਈਕਮਾਨ ਨੂੰ ਭੇਜੀਆਂ ਜਾ ਰਹੀਆਂ ਹਨ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ. ਸਿੱਧੂ ਵਲੋਂ ਦਿਤੇ ਬਿਆਨਾਂ ਦਾ ਕੋਈ ਇਤਰਾਜ ਨਹੀਂ, ਪਰ ਜੋ ਉਨ੍ਹਾਂ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਬਿਆਨਬਾਜ਼ੀ ਕੀਤੀ ਉਸ ਨਾਲ ਪਾਰਟੀ ਨੂੰ ਚੋਣਾਂ ਵਿਚ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਡਾ. ਨਵਜੋਤ ਕੌਰ ਨੂੰ ਅੰਮ੍ਰਿਤਸਰ ਅਤੇ ਬਠਿੰਡਾ ਤੋਂ ਟਿਕਟ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਖੁਦ ਹੀ ਠੁਕਰਾ ਦਿਤੀ, ਦੂਸਰਾ ਸ. ਸਿੱਧੂ ਜੋ ਕਹਿਣਾ ਚਾਹੁੰਦੇ ਸਨ ਉਨ੍ਹਾਂ ਨੂੰ ਹਾਈਕਮਾਨ ਪਾਸ ਮਾਮਲਾ ਰਖਣਾ ਚਾਹੀਦਾ ਸੀ।