ਨਵਾਂ ਗਾਉਂ 'ਚ ਤਮਾਕੂ ਵਿਰੋਧੀ ਟੀਮ ਨੇ ਕੱਟੇ 17 ਚਾਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੇਘਾਲਿਆ, ਤੇਲੰਗਾਨਾ, ਉੜੀਸਾ ਤੇ ਪੁੱਡੂਚੇਰੀ ਤੋਂ ਆਏ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪੰਜਾਬ ਵਿੱਚ ਤੰਬਾਕੂ ਦੀ ਰੋਕਥਾਮ....

Anti-Tobacco Team

ਐਸ.ਏ.ਐਸ. ਨਗਰ (ਦਿਹਾਤੀ)/ਨਵਾਂ ਗਾਉਂ/ਮੁੱਲਾਂਪੁਰ ਗਰੀਬਦਾਸ : ਮੇਘਾਲਿਆ, ਤੇਲੰਗਾਨਾ, ਉੜੀਸਾ ਤੇ ਪੁੱਡੂਚੇਰੀ ਤੋਂ ਆਏ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪੰਜਾਬ ਵਿੱਚ ਤੰਬਾਕੂ ਦੀ ਰੋਕਥਾਮ ਲਈ ਕੀਤੇ ਜਾਂਦੇ ਉਪਰਾਲਿਆਂ ਨੂੰ ਅੱਖੀਂ ਵੇਖਿਆ ਅਤੇ ਇਸ ਸਬੰਧੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਤੰਬਾਕੂ ਰੋਕਥਾਮ ਦਾ ਕੰਮ ਬਿਹਤਰ ਢੰਗ ਨਾਲ ਚੱਲ ਰਿਹਾ ਹੈ। ਤੰਬਾਕੂ ਕੰਟਰੋਲ ਬਾਰੇ ਪੀਜੀਆਈ ਵਿੱਚ ਸ਼ੁਰੂ ਹੋਈ ਦੋ ਰੋਜ਼ਾ ਵਿਸ਼ੇਸ਼ ਟਰੇਨਿੰਗ ਵਿਚ ਵੱਖ-ਵੱਖ ਸੂਬਿਆਂ ਦੇ ਸਿਹਤ ਅਧਿਕਾਰੀ ਹਿੱਸਾ ਲੈ ਰਹੇ ਹਨ।

ਸਿਵਲ ਸਰਜਨ ਐਸ.ਏ.ਐਸ. ਨਗਰ ਡਾ. ਰੀਟਾ ਭਾਰਦਵਾਜ, ਜਿਨ੍ਹਾਂ ਨੂੰ ਇਸ ਟਰੇਨਿੰਗ ਵਿਚ ਗੈਸਟ ਆਫ਼ ਆਨਰ ਵਜੋਂ ਸੱਦਾ ਦਿਤਾ ਗਿਆ ਸੀ, ਨੇ ਜ਼ਿਲ੍ਹਾ ਐਸ.ਏ.ਐਸ ਨਗਰ ਵਿਚ ਤੰਬਾਕੂ ਰੋਕਥਾਮ ਦੇ ਉਪਰਾਲਿਆਂ, ਭਵਿੱਖੀ ਯੋਜਨਾਵਾਂ ਅਤੇ ਚੁਣੌਤੀਆਂ ਬਾਰੇ ਵਿਸਥਾਰ ਨਾਲ ਦਸਿਆ।  ਉਨ੍ਹਾਂ ਦਸਿਆ ਕਿ ਤੰਬਾਕੂ ਰੋਕਥਾਮ ਲਈ ਜ਼ਿਲ੍ਹਾ ਟਾਸਕ ਫ਼ੋਰਸ ਬਣੀ ਹੋਈ ਹੈ ਜਿਸ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ।

ਡਾ. ਭਾਰਦਵਾਜ ਨੇ ਦੱਸਿਆ ਕਿ ਟਰੇਨਿੰਗ ਤੋਂ ਬਾਅਦ ਵੱਖ-ਵੱਖ ਸੂਬਿਆਂ ਦੇ ਸਿਹਤ ਅਧਿਕਾਰੀਆਂ ਨੂੰ ਪੀਜੀਆਈ ਨਾਲ ਲਗਦੇ ਨਵਾਂ ਗਾਉਂ ਦੇ ਬਾਜ਼ਾਰ ਵਿਚ ਲਿਜਾਇਆ ਗਿਆ, ਜਿਥੇ ਜ਼ਿਲ੍ਹੇ ਦੀ ਟਾਸਕ ਫ਼ੋਰਸ ਪਹਿਲਾਂ ਹੀ ਤੰਬਾਕੂ ਦੇ ਚਲਾਨ ਕੱਟ ਰਹੀ ਸੀ। ਮੇਘਾਲਿਆ ਦੇ ਡਾ. ਸਟਾਰ ਪਾਲਾ ਨੇ ਕਿਹਾ ਕਿ ਉਹ ਪੰਜਾਬ ਵਿੱਚ ਤੰਬਾਕੂ ਰੋਕਥਾਮ ਕਾਨੂੰਨ ਦੀ ਪਾਲਣਾ ਲਈ ਕੀਤੀਆਂ ਜਾ ਰਹੀਆਂ ਸਿਹਤ ਵਿਭਾਗ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋਏ ਹਨ ਕਿਉਂਕਿ ਉਨ੍ਹਾਂ ਦੇ ਸੂਬੇ ਵਿਚ ਇਸ ਕਾਨੂੰਨ ਨੂੰ ਏਨੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ।

ਉਨ੍ਹਾਂ ਕਿਹਾ ਕਿ ਉਹ ਅਪਣੇ ਸੂਬੇ ਵਿਚ ਜਾ ਕੇ ਉਥੋਂ ਦੇ ਸਬੰਧਤ ਅਧਿਕਾਰੀਆਂ ਨਾਲ ਪੰਜਾਬ ਵਿੱਚ ਕੀਤੀ ਜਾ ਰਹੀ ਕਾਰਵਾਈ ਬਾਰੇ ਵਿਚਾਰ ਵਟਾਂਦਰਾ ਕਰਨਗੇ।  ਡਾ. ਭਾਰਦਵਾਜ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਸਾਂਝੀ ਟੀਮ ਨੇ ਤੰਬਾਕੂ ਰੋਕਥਾਮ ਕਾਨੂੰਨ ਦੀ ਉਲੰਘਣਾ ਕਰ ਕੇ ਤੰਬਾਕੂ ਪਦਾਰਥ ਵੇਚਣ ਦੇ ਦੋਸ਼ ਹੇਠ ਦੁਕਾਨਦਾਰਾਂ ਦੇ 17 ਚਲਾਨ ਕੱਟੇ ਤੇ 3700 ਰੁਪਏ ਜੁਰਮਾਨੇ ਵਜੋਂ ਵਸੂਲੇ ਗਏ।

ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦੱਸਿਆ ਕਿ ਟੀਮ ਨੇ ਸਿਗਰਟ ਤੇ ਹੋਰ ਤੰਬਾਕੂ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਦੀ ਅਚਨਚੇਤ ਚੈਕਿੰਗ ਕੀਤੀ। ਕਈ ਰੇਹੜੀ-ਫੜ੍ਹੀ ਵਾਲਿਆਂ ਦੁਆਰਾ ਖੁਲ੍ਹੀ ਸਿਗਰਟ ਵੇਚੀ ਜਾ ਰਹੀ ਸੀ। ਇਸ ਮੌਕੇ ਦੁਕਾਨਦਾਰਾਂ ਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਦਸਿਆ ਗਿਆ ਕਿ ਤੰਬਾਕੂ ਪਦਾਰਥਾਂ ਦੀ ਵਿਕਰੀ ਲਈ ਉਨ੍ਹਾਂ ਵੱਲੋਂ ਕਿਹੜੇ-ਕਿਹੜੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਲਾਜ਼ਮੀ ਹੈ। 

ਸਿਵਲ ਸਰਜਨ ਨੇ ਦੱਸਿਆ ਕਿ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਸ਼ਨ ਐਕਟ, 2003 ਤਹਿਤ ਕਿਸੇ ਵੀ ਜਨਤਕ ਥਾਂ ਜਿਵੇਂ ਹਸਪਤਾਲ, ਆਡੀਟੋਰੀਅਮ, ਸਿਨੇਮਾ ਹਾਲ, ਬਾਜ਼ਾਰ, ਜਨਤਕ ਬੱਸ, ਰੇਲਵੇ ਸਟੇਸ਼ਨ, ਹੋਟਲ, ਬਾਰ, ਸਰਕਾਰੀ ਤੇ ਨਿਜੀ ਦਫ਼ਤਰ ਆਦਿ ਵਿਚ ਸਿਗਰਟ ਪੀਣ ਦੀ ਮਨਾਹੀ ਹੈ। ਉਨ੍ਹਾਂ ਦਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਪਦਾਰਥ ਨਹੀਂ ਵੇਚੇ ਜਾ ਸਕਦੇ ਅਤੇ ਸਕੂਲ ਜਾਂ ਹੋਰ ਵਿਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ ਨਹੀਂ ਕੀਤੀ ਜਾ ਸਕਦੀ। ਖੁੱਲ੍ਹੀ ਅਤੇ ਚੇਤਾਵਨੀ ਰਹਿਤ ਤਸਵੀਰ ਵਾਲੀ ਡੱਬੀ ਵਿਚੋਂ ਸਿਗਰਟ ਵੇਚਣ 'ਤੇ ਵੀ ਪਾਬੰਦੀ ਹੈ।

ਤੰਬਾਕੂ ਪਦਾਰਥ ਪੈਕੇਟ ਵਿੱਚ ਹੀ ਵੇਚੇ ਜਾ ਸਕਦੇ ਹਨ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਤੇ ਸਜ਼ਾ ਜਾਂ ਦੋਵੇਂ ਹੋ ਸਕਦੇ ਹਨ।  ਚੈਕਿੰਗ ਟੀਮ ਵਿਚ ਪੀਜੀਆਈ ਦੇ ਡਾ. ਸੋਨੂ ਗੋਇਲ, ਡਾ. ਰਾਣਾ ਜੇ ਸਿੰਘ, ਉੜੀਸਾ ਤੋਂ ਡਾ. ਬਿਨੋਤ ਪਾਤਰੋ,  ਤੇਲੰਗਾਨਾ ਤੋਂ ਡਾ. ਸੁਭਾਨੀ ਸ਼ੇਖ਼, ਪੁੱਡੂਚੇਰੀ ਤੋਂ ਡਾ. ਵਿਸ਼ਵਰੰਜਨ, ਪੰਜਾਬ ਸਿਹਤ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਰਾਕੇਸ਼ ਗੁਪਤਾ, ਤੰਬਾਕੂ ਦੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਨਵਦੀਪ ਸਿੰਘ, ਡਰੱਗ ਇੰਸਪੈਕਟਰ ਮਨਪ੍ਰੀਤ ਕੌਰ, ਫ਼ੂਡ ਸੇਫ਼ਟੀ ਅਫ਼ਸਰ ਰਾਖੀ ਵਿਨਾਇਕ, ਸਹਾਇਕ ਨੋਡਲ ਅਫ਼ਸਰ ਭੁਪਿੰਦਰ ਸਿੰਘ ਸ਼ਾਮਲ ਸਨ।