ਕੌਮਾਂਤਰੀ ਯੋਗ ਦਿਵਸ ਸਮਾਗਮ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂ.ਟੀ. ਪ੍ਰਸ਼ਾਸਨ ਵਲੋਂ 21 ਜੂਨ ਚੌਥਾ ਕੌਮਾਂਤਰੀ ਯੋਗ ਦਿਵਸ ਸੈਕਟਰ-17 ਦੇ ਪਲਾਜ਼ਾ ਮੈਦਾਨ ਵਿਚ ਸਵੇਰੇ 6:30 ਵਜੇ ਮਨਾਇਆ ਜਾ ਰਿਹਾ ਹੈ......

VP Badnaur Singh Participating In Practice in Burail jail

ਚੰਡੀਗੜ੍ਹ : ਯੂ.ਟੀ. ਪ੍ਰਸ਼ਾਸਨ ਵਲੋਂ 21 ਜੂਨ ਚੌਥਾ ਕੌਮਾਂਤਰੀ ਯੋਗ ਦਿਵਸ ਸੈਕਟਰ-17 ਦੇ ਪਲਾਜ਼ਾ ਮੈਦਾਨ ਵਿਚ ਸਵੇਰੇ 6:30 ਵਜੇ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਕੇਂਦਰੀ ਟੈਕਸਟਾਈਲ ਮੰਤਰਾਲੇ ਦੀ ਮੰਤਰੀ ਸਮਰਿਤੀ ਜੂਬਨ ਇਰਾਨੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ ਜਦਕਿ ਪੰਜਾਬ ਅਤੇ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। 

ਇਹ ਕੌਮੀ ਯੋਗਾ ਦਿਵਸ ਕੇਂਦਰ ਸਰਕਾਰ ਦੇ ਆਯੁਰਵੈਦਿਕ, ਯੋਗਾ ਅਤੇ ਨੇਚਰੋਪੈਥੀ ਯੂਨਾਨੀ, ਹੋਮੀਉਪੈਥੀ ਆਯੁਸ਼ ਮੰਤਰਾਲੇ ਵਲੋਂ ਕਰਵਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਭਾਰਤ ਸਰਕਾਰ ਵਲੋਂ ਇਹ ਚੌਥਾ ਯੋਗਾ ਦਿਵਸ ਪੰਜਾਬ, ਹਰਿਆਣਾ, ਹਿਮਾਚਲ ਅਤੇ ਦੇਸ਼ ਭਰ 'ਚ ਮਨਾਇਆ ਜਾਵੇਗਾ। ਇਸ ਯੋਗਾ ਦਿਵਸ ਦੇ ਐਤਕੀਂ ਮੁੱਖ ਸਮਾਗਮ ਦੇਹਰਾਦੂਨ ਉਤਰਾਖੰਡ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੱਸਾ ਲੈਣਗੇ, ਜਿਸ ਦਾ ਸਿੱਧਾ ਪ੍ਰਸਾਰਨ ਸਾਰੇ ਦੇਸ਼ 'ਚ ਐਲ.ਈ.ਡੀ. ਟੀ.ਵੀ. ਸਕਰੀਨਾਂ 'ਤੇ ਵਿਖਾਇਆ ਜਾਵੇਗਾ।

ਇਸ ਸਮਾਗਮ ਨੂੰ ਕੌਮਾਂਤਰੀ ਪੱਧਰ 'ਤੇ ਮਨਾਉਣ ਲਈ 21 ਜੂਨ ਹਰ ਵਰ੍ਹੇ ਯੂਨਾਈਟਡ ਨੇਸ਼ਨ ਵਲੋਂ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ 'ਤੇ ਮਾਨਤਾ ਦਿਤੀ ਗਈ ਸੀ। ਇਸ ਲਈ ਯੋਗਾ ਦਿਵਸ ਕੌਮਾਂਤਰੀ ਪੱਧਰ 'ਤੇ ਹਰ ਵਰ੍ਹੇ 21 ਜੂਨ ਨੂੰ ਮਨਾਇਆ ਜਾਂਦਾ ਹੈ। ਪੰਜਾਬ ਦਾ ਮੁੱਖ ਸਮਾਗਮ ਮੋਹਾਲੀ ਅਤੇ ਪੰਚਕੂਲਾ 'ਚ ਝੱਜਰ ਜ਼ਿਲ੍ਹੇ ਵਿਚ ਕਰਵਾਇਆ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿਚ ਇਹ ਸਮਾਗਮ ਸ਼ਿਮਲਾ 'ਚ ਹੋ ਰਿਹਾ ਹੈ। ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਅੱਜ ਬੁੜੈਲ ਜੇਲ ਵਿਚ ਸਟਾਫ਼ ਅਤੇ ਸਜ਼ਾਵਾਂ ਭੁਗਤ ਰਹੇ ਕੈਦੀਆਂ ਨਾਲ ਯੋਗ ਦਿਵਸ ਦੀਆਂ ਤਿਆਰੀਆਂ ਲਈ ਰੀਹਰਸਲ 'ਚ ਭਾਗ ਲਿਆ।

ਬਦਨੌਰ ਨੇ ਸਾਦੇ ਕਪੜਿਆਂ 'ਚ ਜੇਲ ਵਿਚ ਲਗਭਗ ਸਵੇਰੇ ਦੋ ਘੰਟੇ ਦਾ ਸਮਾਂ ਬਿਤਾਇਆ। ਇਸ ਮੌਕੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ। ਸੈਕਟਰ-17 'ਚ ਡਿਪਟੀ ਕਮਿਸ਼ਨਰ ਅਜੀਤ ਬਾਲਾ ਜੀ ਜੋਸ਼ੀ ਕਮਿਸ਼ਨਰ ਨਗਰ ਨਿਗਮ ਦੇ ਸਾਂਝੇ ਪ੍ਰਬੰਧਾਂ ਹੇਠ 21 ਜੂਨ ਨੂੰ ਯੋਗਾ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਪ੍ਰਸ਼ਾਸਨ ਵਲੋਂ ਸਿਰਫ਼ ਰਜਿਸਟਰਡ ਹੀ ਲੋਕਾਂ ਨੂੰ ਯੋਗਾ ਦੇ ਮੁੱਖ ਸਮਾਗਮ 'ਚ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਯੋਗ ਆਸਨਾਂ ਦਾ ਸਿੱਧਾ ਪ੍ਰਸਾਰਨ ਵਿਖਾਉਣ ਲਈ ਵੱਡੀਆਂ ਐਲ.ਈ.ਡੀ. ਸਕਰੀਨਾਂ ਵੀ ਲਗਾਈਆਂ ਗਈਆਂ ਹਨ। 

ਇਸ ਸਮਾਗਮ ਵਿਚ ਸੰਸਦ ਮੈਂਬਰ ਕਿਰਨ ਖੇਰ, ਰਾਜਪਾਲ ਵੀ.ਪੀ. ਸਿੰਘ ਬਦਨੌਰ, ਕਮਿਸ਼ਨਰ ਅਤੇ ਮੇਅਰ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਿੱਸਾ ਲੈਣਗੇ।