ਰਾਮਪੁਰਾ ਸਿਟੀ ਦੇ ਬਾਹਰ ਚੱਲ ਰਹੇ ਧਰਨੇ ਨੇ ਕਈ ਸਵਾਲ ਕੀਤੇ ਖੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਸਿਟੀ ਥਾਣੇ ਦੇ ਬਾਹਰ ਲਹਿਰਾ ਧੂਰਕੋਟ ਦੇ ਮ੍ਰਿਤਕ ਨੰਬਰਦਾਰ ਗੁਰਸੇਵਕ ਸਿੰਘ ਦੇ ਹੱਕ ਵਿਚ ਵੱਖ ਵੱਖ ਇਨਸਾਫ਼ ਪਸੰਦ ਜੱਥੇਬੰਦੀਆਂ ਵਲੋ .........

People Protesting

ਰਾਮਪੁਰਾ ਫੂਲ : ਸਥਾਨਕ ਸਿਟੀ ਥਾਣੇ ਦੇ ਬਾਹਰ ਲਹਿਰਾ ਧੂਰਕੋਟ ਦੇ ਮ੍ਰਿਤਕ ਨੰਬਰਦਾਰ ਗੁਰਸੇਵਕ ਸਿੰਘ ਦੇ ਹੱਕ ਵਿਚ ਵੱਖ ਵੱਖ ਇਨਸਾਫ਼ ਪਸੰਦ ਜੱਥੇਬੰਦੀਆਂ ਵਲੋ ਮ੍ਰਿਤਕ ਦੀ ਮੌਤ ਦੇ ਜੁੰਮੇਵਾਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਏ ਪੱਕੇ ਤੰਬੂ ਨੇ ਪੁਲਿਸ ਲਈ ਵੱਡੀ ਸਿਰਦਰਦੀ ਖੜੀ ਕਰ ਦਿੱਤੀ ਹੈ ਕਿਉਕਿ ਕਿਸਾਨਾਂ ਨੇ ਪੁਲਿਸ ਥਾਣੇ ਅੰਦਰ ਬਾਹਰ ਜਾਣ ਵਾਲੇ ਤਿੰਨੇ ਹੀ ਦਰਵਾਜੇ ਬੰਦ ਕਰ ਦਿੱਤੇ ਗਏ ਹਨ।

ਜਿਸ ਕਾਰਨ ਪੁਲਿਸ ਦੀ ਲਗਾਤਾਰ ਹੋ ਰਹੀ ਕਿਰਕਿਰੀ ਨੇ ਆਮ ਲੋਕਾਂ ਸਾਹਮਣੇ ਕਈ ਸਵਾਲ ਖੜੇ ਕਰ ਦਿੱਤੇ ਹਨ ਕਿਉਕਿ ਧਰਨੇਕਾਰੀਆਂ ਕਾਰਨ ਪੁਲਿਸ ਆਰਜੀ ਲੱਕੜ ਦੀ ਪੋੜੀ ਰਾਹੀ ਆੜਤੀਆਂ ਦੀਆ ਦੁਕਾਨਾਂ ਵਿਚ ਦੀ ਅਪਣਾ ਲਾਘਾਂ ਬਣਾ ਕੇ ਡੰਗ ਟਪਾਈ ਕਰ ਰਹੀ ਹੈ। ਇਸ ਸਬੰਧੀ ਭਾਕਿਯੂ ਨਾਲ ਸਬੰਧਤ ਬੀਬੀਆਂ ਵੱਲੋ ਥਾਣੇ ਦੇ ਮੁੱਖ ਦਰਵਾਜੇ ਅੱਗੇ ਪੱਕਾ ਮੋਰਚਾ ਲਾ ਕੇ ਪੁਲਿਸ ਦੇ ਸਮੁੱਚੇ ਵਾਹਨ ਅਨਾਜ ਮੰਡੀ ਦੇ ਸ਼ੈਂਡਾਂ ਹੇਠ ਧਰਨੇ ਦੇ ਚੁੰਕਣ ਤੱਕ ਪੱਕੇ ਖੜੇ ਕਰਵਾ ਦਿੱਤੇ ਹਨ। ਉਧਰ ਧਰਨੇਕਾਰੀਆਂ ਵੱਲੋ ਵੀ ਦਿਨ ਰਾਤ ਚਲਾਏ ਜਾ ਰਹੇ ਧਰਨੇ ਕਾਰਨ ਅਪਣੇ ਖਾਣ ਪੀਣ ਦੇ ਸਮੁੱਚੇ ਪ੍ਰਬੰਧ ਧਰਨੇ ਵਾਲੀ ਥਾਂ 'ਤੇ ਹੀ ਕਰ ਲਏ ਗਏ ਹਨ।

ਕਰੀਬ ਢਾਈ ਹਫਤਿਆਂ ਤੋ ਜਿਆਦਾ ਦਿਨ ਬੀਤ ਜਾਣ ਕਾਰਨ ਲੱਗੇ ਪੱਕੇ ਮੋਰਚੇ ਤੋ ਬਾਅਦ ਵੀ ਆਖਿਰੀ ਮਾਮਲੇ ਵਿਚਲਾ ਨਾਮਜਦ ਵਿਅਕਤੀ ਅਮਰਜੀਤ ਸ਼ਰਮਾਂ ਭਗਤਾ ਭਾਈਕਾ ਅਜੇ ਪੁਲਿਸ ਦੀ ਗ੍ਰਿਫਤ ਤੋ ਕਾਫੀ ਦੂਰ ਸੁਣਾਈ ਦੇ ਰਿਹਾ ਹੈ। ਉਧਰ ਭਾਕਿਯੂ ਦੇ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਗ੍ਰਿਫਤਾਰੀ ਤੱਕ ਕੁਝ ਵੀ ਨਾਮਨਜੂਰ ਹੈ। ਜੇਕਰ ਨਾਮਜਦ ਵਿਅਕਤੀ ਕੁਝ ਦਿਨਾ ਲਈ ਅਪਣੀ ਗ੍ਰਿਫਤਾਰੀ ਹੋਰ ਟਾਲ ਗਿਆ ਤਦ ਪੁਲਿਸ ਪ੍ਰਸਾਸਨ ਨੂੰ ਆਖਿਰ ਕੋਈ ਸਖਤ ਫੈਸਲਾ ਲੈਣਾ ਪਵੇਗਾ।