ਕੇਜਰੀਵਾਲ ਨੇ ਧਰਨੇ ਵਾਲੇ 'ਤੰਬੂ ਗੋਲ' ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਦਿੱਲੀ ਦੇ ਉਪ-ਰਾਪਜਾਲ ਤੇ ਅਫ਼ਸਰਸ਼ਾਹੀ ਵਿਚਕਾਰ ਚਲ ਰਿਹਾ ਰੇੜਕਾ ਆਖ਼ਰ 9 ਦਿਨਾਂ ਬਾਅਦ.....

Arvind Kejriwal

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਦਿੱਲੀ ਦੇ ਉਪ-ਰਾਪਜਾਲ ਤੇ ਅਫ਼ਸਰਸ਼ਾਹੀ ਵਿਚਕਾਰ ਚਲ ਰਿਹਾ ਰੇੜਕਾ ਆਖ਼ਰ 9 ਦਿਨਾਂ ਬਾਅਦ ਖ਼ਤਮ ਹੋ ਗਿਆ ਹੈ। ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਕਿਰਤ ਮੰਤਰੀ ਗੋਪਾਲ ਰਾਏ ਨੇ ਵੀ ਉਪ-ਰਾਜਪਾਲ ਦੇ ਘਰ ਅਪਣਾ ਧਰਨਾ ਖ਼ਤਮ ਕਰ ਦਿਤਾ ਅਤੇ ਦਿੱਲੀ ਸਕੱਤਰੇਤ 'ਚ ਕੰਮ ਕਰਨ ਲਈ ਚਲੇ ਗਏ।

ਇਸ ਤੋਂ ਪਹਿਲਾਂ ਆਈ.ਏ.ਐਸ. ਐਸੋਸੀਏਸ਼ਨ ਨੇ ਵੀ ਕੇਜਰੀਵਾਲ ਵਲੋਂ ਕੰਮ 'ਤੇ ਪਰਤਣ ਦੀ ਅਪੀਲ 'ਤੇ ਹਾਂ-ਪੱਖੀ ਹੁੰਗਾਰਾ ਭਰਿਆ ਅਤੇ ਕਿਹਾ ਕਿ ਉਨ੍ਹਾਂ ਨੇ ਰੇੜਕਾ ਖ਼ਤਮ ਕਰਨ ਲਈ ਸਕੱਤਰੇਤ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸੰਦੇਸ਼ ਦੀ ਉਡੀਕ ਹੈ। ਅੱਜ ਉਪ-ਰਾਜਪਾਲ ਅਨਿਲ ਬੈਜਲ ਨੇ ਵੀ ਮੁੱਖ ਮੰਤਰੀ ਨੂੰ ਚਿੱਠੀ ਜਾਰੀ ਕਰ ਕੇ ਆਈ.ਏ.ਐਸ. ਅਫ਼ਸਰਾਂ ਨਾਲ ਸਕੱਤਰੇਤ 'ਚ ਬੈਠਕ ਕਰਨ ਅਤੇ ਚਿੰਤਾਵਾਂ ਦੂਰ ਕਰਨ ਲਈ ਕਿਹਾ। ਉਪਰਾਜਪਾਲ ਨੇ ਜਾਰੀ ਇਕ ਬਿਆਨ 'ਚ ਕਿਹਾ ਕਿ ਉਹ ਖ਼ੁਸ਼ ਹਨ ਕਿ ਮੁੱਖ ਮੰਤਰੀ ਨੇ ਟਵੀਟ ਕਰ ਕੇ ਅਧਿਕਾਰੀਆਂ ਨੂੰ ਅਪੀਲ ਕੀਤੀ ਅਤੇ ਚੁਣੀ ਹੋਈ ਸਰਕਾਰ ਨਾਲ ਸੰਵਾਦ 'ਚ ਸੁਰੱਖਿਆ ਦਾ ਭਰੋਸਾ ਦਿਤਾ। 

ਇਸ ਦੌਰਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਕ ਪ੍ਰੈੱਸ ਕਾਨਫ਼ਰੰਸ 'ਚ ਐਲਾਨ ਕੀਤਾ ਕਿ ਕੇਜਰੀਵਾਲ ਧਰਨਾ ਖ਼ਤਮ ਕਰ ਰਹੇ ਹਨ। ਉਨ੍ਹਾਂ ਕਿਹਾ, ''ਜੋ ਅਫ਼ਸਰ ਪਹਿਲਾਂ ਕੰਮ ਨਹੀਂ ਕਰ ਰਹੇ ਸਨ, ਉਨ੍ਹਾਂ ਨੇ ਅੱਜ ਸਾਰੀਆਂ ਬੈਠਕਾਂ 'ਚ ਹਿੱਸਾ ਲਿਆ। ਅਫ਼ਸਰ ਮੀਟਿੰਗਾਂ 'ਚ ਹਿੱਸਾ ਲੈ ਰਹੇ ਹਨ ਅਤੇ ਫ਼ੋਨਾਂ ਦਾ ਵੀ ਜਵਾਬ ਦੇ ਰਹੇ ਹਨ। ਉਮੀਦ ਹੈ ਕਿ ਉਹ ਅੱਗੇ ਵੀ ਅਜਿਹਾ ਕਰਦੇ ਰਹਿਣਗੇ।'' ਉਨ੍ਹਾਂ ਕਿਹਾ ਕਿ ਇਹ ਕੋਈ ਧਰਨਾ ਨਹੀਂ ਸੀ ਅਤੇ ਉਹ ਉਪ-ਰਾਜਪਾਲ ਨਾਲ ਮੁਲਾਕਾਤ ਦੀ ਉਡੀਕ ਕਰ ਰਹੇ ਸਨ। 

ਦਿੱਲੀ ਦੀ 'ਆਪ' ਸਰਕਾਰ ਨੇ ਦਾਅਵਾ ਕੀਤਾ ਸੀ ਕਿ ਅਫ਼ਸਰਸ਼ਾਹੀ ਪਿਛਲੇ ਚਾਰ ਮਹੀਨਿਆਂ ਤੋਂ ਹੜਤਾਲ 'ਤੇ ਹੈ, ਜੋ ਕਿ ਦੋਹਾਂ ਧਿਰਾਂ 'ਚ ਟਕਰਾਅ ਦਾ ਕਾਰਨ ਬਣਿਆ ਹੋਇਆ ਹੈ। ਟਕਰਾਅ ਉਦੋਂ ਸ਼ੁਰੂ ਹੋਇਆ ਸੀ ਜਦੋਂ ਮੁੱਖ ਸਕੱਤਰ ਅੰਸ਼ੁ ਪ੍ਰਕਾਸ਼ ਨਾਲ ਅਰਵਿੰਦ ਕੇਜਰੀਵਾਲ ਦੇ ਘਰ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਈ ਸੀ। 11 ਜੂਨ ਨੂੰ ਕੇਜਰੀਵਾਲ ਨੇ ਦਿੱਲੀ ਦੇ ਉਪ-ਰਾਜਪਾਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਦਸਦਿਆਂ ਧਰਨਾ ਸ਼ੁਰੂ ਕੀਤਾ ਸੀ।  ਪਿਛਲੇ ਸਨਿਚਰਵਾਰ ਨੂੰ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ 

ਚੰਦਰਬਾਬੂ ਨਾਇਡੂ, ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਅਤੇ ਕੇਰਲ ਦੇ ਮੁੱਖ ਮੰਤਰੀ ਪੀ. ਵੇਜਯਨ ਨੇ ਦਿੱਲੀ ਆ ਕੇ ਕੇਜਰੀਵਾਲ ਦੇ ਪ੍ਰਵਾਰ ਨਾਲ ਮੁਲਾਕਾਤ ਕੀਤੀ ਸੀ ਅਤੇ ਸਾਂਝੀ ਪ੍ਰੈੱਸ ਕਾਨਫ਼ਰੰਸ 'ਚ ਦਿੱਲੀ 'ਚ ਪੂਰਨ ਰਾਜ ਦਾ ਦਰਜਾ ਦੇਣ ਦੀ ਵਕਾਲਤ ਕੀਤੀ ਸੀ।  (ਏਜੰਸੀਆਂ)