ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਜਲ ਦੀ ਸਪਲਾਈ ਦਿੰਦੀ ਹੰਸਲੀ ਦੀ ਹਾਲਤ ਤਰਸਯੋਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

100 ਸਾਲ ਪਹਿਲਾਂ ਉਦਾਸੀ ਸੰਤਾਂ ਨੇ ਕਰਵਾਇਆ ਸੀ ਹੰਸਲੀ ਦਾ ਨਿਰਮਾਣ

Hansli

ਅੰਮ੍ਰਿਤਸਰ (ਚਰਨਜੀਤ ਸਿੰਘ): ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਜਲ ਦੀ ਸਪਲਾਈ ਦਿੰਦੀ ਹੰਸਲੀ ਦੀ ਹਾਲਤ ਬੇਹਦ ਤਰਸਯੋਗ ਹੈ। ਹੰਸਲੀ ਦਾ ਨਿਰਮਾਣ ਕਰੀਬ 100 ਸਾਲ ਪਹਿਲਾਂ ਉਦਾਸੀ ਸੰਤਾਂ ਨੇ ਕਰਵਾਇਆ ਸੀ ਤੇ ਸਮੇਂ ਸਮੇਂ 'ਤੇ ਇਸ ਹੰਸਲੀ ਦੀ ਮੁਰੰਮਤ ਕਰਵਾ ਕੇ ਇਸ ਨੂੰ ਜੀਵਨ ਦਾਨ ਦਿਤਾ ਜਾਂਦਾ ਰਿਹਾ। 
ਅੱਜ ਇਹ ਹੰਸਲੀ ਸ਼ਹਿਰ ਦੇ ਅੰਦਰ ਦਾ ਇਕ ਹਿੱਸਾ ਬਣ ਚੁਕੀ ਹੈ, ਪਰ ਮਲਕੀਅਤ ਸ੍ਰੀ ਦਰਬਾਰ ਸਾਹਿਬ ਦੀ ਹੀ ਹੈ। ਸਮੇਂ-ਸਮੇਂ 'ਤੇ ਇਸ ਹੰਸਲੀ ਦੇ ਉਪਰੀ ਭਾਗ ਤੇ ਅੰਦਰ ਦੀ ਸਫ਼ਾਈ ਲਈ ਸ੍ਰੀ ਦਰਬਾਰ ਸਾਹਿਬ ਦੇ ਤਤਕਾਲੀ ਮੈਨੇਜਰ ਨਿਜੀ ਦਿਲਚਸਪੀ ਲੈ ਕੇ ਇਸ ਹੰਸਲੀ ਦੀ ਸਫ਼ਾਈ ਕਰਵਾਉਂਦੇ ਸਨ ਪਰ ਪਿਛਲੇ ਕਰੀਬ 5 ਸਾਲ ਤੋਂ ਇਹ ਰੁਝਾਨ ਵੀ ਬੰਦ ਹੋ ਗਿਆ ਹੈ।

ਅੱਜ ਜਦ ਰੋਜ਼ਾਨਾ ਸਪੋਕਸਮੇਨ ਨੇ ਇਸ ਹੰਸਲੀ ਦਾ ਦੌਰਾ ਕੀਤਾ ਤਾਂ ਦੇਖ ਕੇ ਦੁਖ  ਹੋਇਆ ਕਿ ਜਿਸ ਸਰੋਵਰ ਦੇ ਜਲ ਨੂੰ ਸਿੱਖ ਸ਼ਰਧਾ ਤੇ ਸਤਿਕਾਰ ਨਾਲ ਲੈ ਕੇ ਜਾਂਦੇ ਹਨ ਉਸ ਜਲ ਦੀ ਸਪਲਾਈ ਕਰਨ ਵਾਲੀ ਹੰਸਲੀ ਦੀ ਹਾਲਤ ਕੀ ਹੈ? ਹੰਸਲੀ ਦੇ ਆਲੇ ਦੁਆਲੇ ਬਣੀਆਂ ਇਮਾਰਤਾਂ ਦੇ ਮਾਲਕਾਂ ਨੇ ਗੰਦੇ ਪਾਣੀ ਦੇ ਨਿਕਾਸ ਲਈ ਲਗਾਈਆਂ ਪਾਈਪਾਂ ਹੰਸਲੀ ਵਲ ਸੁਟੀਆਂ ਹੋਈਆਂ ਹਨ ਤੇ ਹੰਸਲੀ ਤੇ ਸੁਟਿਆ ਕੂੜਾ ਕਰਕਟ ਦਸ ਰਿਹਾ ਸੀ ਕਿ ਹਾਲਾਤ ਕੀ ਹਨ। ਬਦਬੂ ਕਾਰਨ ਹੰਸਲੀ 'ਤੇ ਖੜੇ ਹੋ ਕੇ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਸੀ।

ਇਲਾਕੇ ਦੇ ਵਸਨੀਕ ਭੋਲਾ ਨਾਥ ਨੇ ਦਸਿਆ ਕਿ ਇਸ ਹੰਸਲੀ ਤੇ ਪਈ ਗੰਦਗੀ ਬਾਰੇ ਅਸੀ ਇਲਾਕਾ ਨਿਵਾਸੀ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੂੰ ਕਹਿ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ। ਅਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ 'ਤੇ  ਇਸ ਬਾਰੇ ਇਕ ਜਾਗਰੂਕ ਸਿੰਘ ਨੇ ਦਸਿਆ ਕਿ ਉਸ ਨੇ ਕਰੀਬ 1 ਹਫ਼ਤਾ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਮੌਜੂਦਾ ਮੈਨੇਜਰ ਨਾਲ ਫ਼ੋਨ 'ਤੇ ਗੱਲ ਕੀਤੀ ਤੇ ਹੰਸਲੀ 'ਤੇ ਪਈ ਗੰਦਗੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਰਾਹੀਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਵਲ ਭੇਜੀਆਂ ਪਰ ਮੈਨੇਜਰ ਸਾਹਿਬ ਨੇ ਬੀਤੇ ਦਿਨ ਦੋ ਸੇਵਾਦਾਰ ਸ਼ਾਮ ਨੂੰ ਭੇਜੇ ਜੋ ਸਿਰਫ਼ ਮੁਆਇਨਾ ਕਰ ਕੇ ਤੁਰਦੇ ਬਣੇ।   

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ