ਆਟੋ ਚੋਰੀ ਦੇ ਮਾਮਲੇ ਵਿਚ ਕਾਬੂ ਕੀਤੇ 3 ਹਵਾਲਾਤੀ ਥਾਣੇ ’ਚੋਂ ਹੋਏ ਫਰਾਰ, SHO ਸਣੇ 3 ਪੁਲਿਸ ਕਰਮਚਾਰੀ ਮੁਅੱਤਲ

ਏਜੰਸੀ

ਖ਼ਬਰਾਂ, ਪੰਜਾਬ

ਐਸ.ਐਚ.ਓ. ਸੰਜੀਵ ਕਪੂਰ, ਏ.ਐਸ.ਆਈ. ਜਸ਼ਨਦੀਪ ਸਿੰਘ ਅਤੇ ਸੰਤਰੀ ਰੇਸ਼ਮ ਵਿਰੁਧ ਹੋਈ ਕਾਰਵਾਈ

Image: For representation purpose only.

 

ਲੁਧਿਆਣਾ: ਥਾਣਾ ਡਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਆਟੋ ਰਿਕਸ਼ਾ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ ਪਰ ਉਹ ਪੁਲਿਸ ਨੂੰ ਚਕਮਾ ਦੇ ਕੇ ਰਾਤ 2 ਵਜੇ ਆਸਾਨੀ ਨਾਲ ਫਰਾਰ ਹੋ ਗਏ। ਰਾਤ ਨੂੰ ਚੋਰਾਂ ਦੇ ਫਰਾਰ ਹੋਣ ਦਾ ਪਤਾ ਲੱਗਦਿਆਂ ਹੀ ਥਾਣੇ 'ਚ ਹੜਕੰਪ ਮਚ ਗਿਆ। ਪੁਲਿਸ ਨੇ ਆਸਪਾਸ ਦੀਆਂ ਗਲੀਆਂ ਅਤੇ ਇਲਾਕੇ ਵਿਚ ਗਸ਼ਤ ਕੀਤੀ ਪਰ ਫਰਾਰ ਚੋਰਾਂ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ: ਮਨਿੰਦਰਜੀਤ ਬੇਦੀ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਨਿਯੁਕਤ 

ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਐਸ.ਐਚ.ਓ. ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਹੈ। ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿਚ ਐਸ.ਐਚ.ਓ. ਸੰਜੀਵ ਕਪੂਰ, ਏ.ਐਸ.ਆਈ. ਜਸ਼ਨਦੀਪ ਸਿੰਘ ਅਤੇ ਸੰਤਰੀ ਰੇਸ਼ਮ ਸ਼ਾਮਲ ਹਨ।

ਇਹ ਵੀ ਪੜ੍ਹੋ: ਭਗਵੰਤ ਮਾਨ 28 ਜੁਲਾਈ ਨੂੰ ਵੰਡਣਗੇ 12500 ਕੱਚੇ ਅਧਿਆਪਕਾਂ ਨੂੰ ਸੇਵਾਵਾਂ ਪੱਕੀਆਂ ਕਰਨ ਦਾ ਪੱਤਰ: ਹਰਜੋਤ ਸਿੰਘ ਬੈਂਸ

ਜਾਣਕਾਰੀ ਦਿੰਦਿਆਂ ਏ.ਸੀ.ਪੀ ਅਸ਼ੋਕ ਕੁਮਾਰ ਨੇ ਦਸਿਆ ਕਿ ਇਕ ਹਵਾਲਾਤੀ ਨੂੰ ਫੜ ਲਿਆ ਗਿਆ ਹੈ। ਜਦਕਿ ਬਾਕੀ 2 ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕੁੱਝ ਥਾਵਾਂ 'ਤੇ ਸੀ.ਸੀ.ਟੀ.ਵੀ. 'ਚ ਮੁਲਜ਼ਮ ਭੱਜਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਏ.ਸੀ.ਪੀ. ਅਸ਼ੋਕ ਅਨੁਸਾਰ ਏ.ਐਸ.ਆਈ. ਜਸ਼ਨਦੀਪ ਸਿੰਘ, ਸੰਤਰੀ ਰੇਸ਼ਮ ਸਿੰਘ ਅਤੇ ਫਰਾਰ ਮੁਲਜ਼ਮਾਂ ਵਿਰੁਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਐਸ.ਐਚ.ਓ. ਸੰਜੀਵ ਕਪੂਰ ਵਿਰੁਧ ਵਿਭਾਗੀ ਕਾਰਵਾਈ ਕੀਤੀ ਗਈ ਹੈ।