ਪੰਜਾਬ ਸਰਕਾਰ ਨੇ ਰਾਹਤ ਸਮੱਗਰੀ ਨਾਲ ਭਰੇ ਚਾਰ ਜਹਾਜ਼ ਕੇਰਲਾ ਭੇਜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੜ੍ਹਾਂ ਨਾਲ ਪ੍ਰਭਾਵਿਤ ਕੇਰਲਾ ਸੂਬੇ ਨੂੰ ਪਿਛਲੇ 2 ਦਿਨਾਂ ਦੌਰਾਨ 150 ਮੀਟਰਕ ਟਨ ਰਾਹਤ ਸਮੱਗਰੀ ਨਾਲ ਭਰੇ 4 ਹਵਾਈ ਜਹਾਜ਼ਾਂ ਨੂੰ ਰਵਾਨਾ ਕੀਤਾ ਗਿਆ ਹੈ.............

Officers carrying relief material on aircraft

ਚੰਡੀਗੜ੍ਹ : ਹੜ੍ਹਾਂ ਨਾਲ ਪ੍ਰਭਾਵਿਤ ਕੇਰਲਾ ਸੂਬੇ ਨੂੰ ਪਿਛਲੇ 2 ਦਿਨਾਂ ਦੌਰਾਨ 150 ਮੀਟਰਕ ਟਨ ਰਾਹਤ ਸਮੱਗਰੀ ਨਾਲ ਭਰੇ 4 ਹਵਾਈ ਜਹਾਜ਼ਾਂ ਨੂੰ ਰਵਾਨਾ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਅਣਕਿਆਸੀ ਕੁਦਰਤੀ ਆਫਤ ਨਾਲ ਜੂਝ ਰਹੇ ਕੇਰਲ ਦੀ ਮਦਦ ਕਰਨ ਲਈ ਸਾਰੇ ਪੰਜਾਬੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਰਲ ਦੇ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸੂਬਾ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਵਿੱਚ ਹਰ ਪੰਜਾਬੀ ਨੂੰ ਮਦਦ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਨਤੀਜੇ ਵਜੋਂ ਕੇਰਲ ਨੂੰ ਇਸ ਸਮੇਂ ਬਹੁਤ ਜ਼ਿਆਦਾ ਮੁਸ਼ਕਲਾਂ ਭਰੇ ਸਮੇਂ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਇਸੇ ਦੌਰਾਨ ਹੀ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 90 ਲੱਖ ਮੀਟਰਕ ਟਨ ਰਾਹਤ ਸਮੱਗਰੀ ਨਾਲ ਭਰੇ ਤਿੰਨ ਹਵਾਈ ਜਹਾਜ਼ ਇੰਡੀਅਨ ਏਅਰ ਫੋਰਸ ਦੇ ਹਲਵਾਰਾ ਸਟੇਸ਼ਨ ਤੋਂ ਰਵਾਨਾ ਕੀਤੇ ਗਏ ਹਨ। ਇਹ ਸਮੱਗਰੀ ਏਅਰ ਫੋਰਸ ਟਰਾਂਸਪੋਰਟ ਏਅਰ ਕਰਾਫਟ ਰਾਹੀਂ ਭੇਜੀ ਗਈ ਹੈ।

ਇਸ ਤੋਂ ਇਲਾਵਾ ਤਕਰੀਬਨ 50 ਮੀਟਰਕ ਟਨ ਰਾਹਤ ਸਮੱਗਰੀ ਵਾਲਾ ਇਕ ਸੀ-17 ਏਅਰ ਫੋਰਸ ਟ੍ਰਾਂਸਪਰੋਰਟ ਏਅਰ ਕਰਾਫਟ, ਜਲੰਧਰ ਜਿਲ੍ਹੇ ਦੇ ਆਦਮਪੁਰ ਸਥਿਤ ਭਾਰਤੀ ਹਵਾਈ ਫੌਜ ਦੇ ਏਅਰ ਸਟੇਸ਼ਨ ਤੋਂ ਅੱਜ ਦੁਪਹਿਰ ਰਵਾਨਾ ਕੀਤਾ ਗਿਆ। ਜਲੰਧਰ ਜਿਲ੍ਹਾ ਪ੍ਰਸ਼ਾਸਨ ਵਲੋਂ ਇਕੱਤਰ 50 ਮੀਟਰਕ ਟਨ ਹੋਰ ਰਾਹਤ ਸਮੱਗਰੀ ਨਾਲ ਭਰਿਆ ਜਹਾਜ਼ ਆਦਮਪੁਰ ਤੋਂ 21 ਅਗਸਤ ਨੂੰ ਸਵੇਰੇ ਭੇਜਿਆ ਜਾਵੇਗਾ। 

ਬੁਲਾਰੇ ਅਨੁਸਾਰ ਪਟਿਆਲਾ ਜਿਲ੍ਹਾ ਪ੍ਰਸ਼ਾਸਨ ਵਲੋਂ ਵੀ 120 ਮੀਟਰਕ ਟਨ ਰਾਹਤ ਸਮੱਗਰੀ ਭੇਜੇ ਜਾਣ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ ਜੋ ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਭਾਰਤੀ ਹਵਾਈ ਫੌਜ਼ ਦੇ ਸਟੇਸ਼ਨ ਤੋਂ ਰਵਾਨਾ ਕਰ ਦਿੱਤੀ ਜਾਵੇਗੀ। ਕੇਰਲ ਸਰਕਾਰ ਦੀ ਬੇਨਤੀ 'ਤੇ ਪੰਜਾਬ ਸਰਕਾਰ ਵਲੋਂ ਪੂਰੀ ਤਰ੍ਹਾਂ ਤਿਆਰ ਸਮੱਗਰੀ ਭੇਜੀ ਜਾ ਰਹੀ ਹੈ। ਇਹ ਸਮੱਗਰੀ ਇਕ-ਇਕ ਕਿਲੋ ਦੇ ਪੈਕਟਾਂ ਵਿੱਚ ਹੈ ਜਿਸ ਵਿੱਚ ਪੀਣ ਵਾਲਾ ਪਾਣੀ, ਬਿਸਕੁਟ, ਛੋਲੇ ਅਤੇ ਦੁੱਧ ਦਾ ਪਾਉਡਰ ਪ੍ਰਮੁੱਖ ਹਨ।