ਚੱਪਲ ਨੂੰ ਬੋਲਣ ਲਾ ਦਿੰਦੀ ਏ ਇਸ ਬੰਦੇ ਦੀ ਕਲਾਕਾਰੀ

ਏਜੰਸੀ

ਖ਼ਬਰਾਂ, ਪੰਜਾਬ

11 ਸਾਲ ਦੀ ਮਿਹਨਤ ਤੋਂ ਬਾਅਦ ਰਾਠੀ ਦੀ ਚੱਪਲ ਜ਼ਰੀਏ ਮੂੰਹ-ਬੋਲਦੀ ਕਹਾਣੀ ਤੁਹਾਨੂੰ ਕਰ ਦੇਵੇਗੀ ਹੈਰਾਨ

Gurmeet Rathi Mansa Burj Rathi Anukha Kalakar Lok Kala Lok Rang Chapal Kla Kirtia

ਮਾਨਸਾ: ਬੁਰਜ਼ ਰਾਠੀ ਪਿੰਡ ਦੇ ਰਹਿਣ ਵਾਲੇ ਗੁਰਮੀਤ ਸਿੰਘ ਰਾਠੀ ਦੀ ਕਲਾ ਦੇਖ ਹਰ ਕੋਈ ਹੈਰਾਨ ਰਹਿ ਜਾਵੇਗਾ। ਇਸ ਕਲਾਕਾਰੀ ਨੂੰ ਜਾਣਨ ਲਈ ਸਪੋਕਸਮੈਨ ਟੀਮ ਨੇ ਗੁਰਮੀਤ ਰਾਠੀ ਤਕ ਪਹੁੰਚ ਕੀਤੀ ਹੈ ਤੇ ਉਹਨਾਂ ਤੋਂ ਇਸ ਕਲਾਕਾਰੀ ਬਾਰੇ ਨੇੜੇ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਗੁਰਮੀਤ ਸਿੰਘ ਦੀ ਕਲਕਾਰੀ ਦੇਖ ਹਰ ਕੋਈ ਦੰਗ ਰਹਿ ਜਾਂਦਾ ਹੈ।

ਜਿਹੜੀਆਂ ਚੀਜ਼ਾਂ ਬੇਕਾਰ ਹੋ ਜਾਂਦੀਆਂ ਹਨ ਉਹਨਾਂ ਦੀ ਵਰਤੋਂ ਕਰ ਕੇ ਗੁਰਮੀਤ ਸਿੰਘ ਨੇ ਅਜਿਹੀਆਂ ਨਵੀਆਂ ਚੀਜ਼ਾਂ ਤਿਆਰ ਕੀਤੀਆਂ ਹਨ ਜਿਹਨਾਂ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਇਸ ਕੂੜੇ ਵਿਚ ਮੁੱਖ ਹਿੱਸਾ ਚੱਪਲ ਰਿਹਾ ਹੈ। ਚੱਪਲ ਨੂੰ ਸ਼ਿੰਗਾਰ ਕੇ ਟਰੈਕਟਰ, ਬੁੱਤ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਹਨ। ਇਹਨਾਂ ਵਸਤੂਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਲਈ ਉਹਨਾਂ ਨੇ ਇਕ ਕਲਾ ਕੇਂਦਰ ਵੀ ਬਣਾਇਆ ਹੋਇਆ ਹੈ।

ਉਹਨਾਂ ਦਸਿਆ ਕਿ ਉਹ ਬਚਪਨ ਤੋਂ ਹੀ ਚੱਪਲਾਂ ਨਾਲ ਖੇਡਦੇ ਰਹਿੰਦੇ ਸਨ ਤੇ ਅਪਣੇ ਬੈਗ ਵਿਚ ਵੀ ਚੱਪਲਾਂ ਪਾ ਕੇ ਲੈ ਕੇ ਜਾਂਦੇ ਸਨ। ਫਿਰ ਉਹਨਾਂ ਦਾ ਵਿਆਹ ਹੋ ਗਿਆ ਤੇ ਵਿਆਹ ਤੋਂ ਬਾਅਦ ਉਹਨਾਂ ਨੇ ਇਹ ਕੰਮ ਫਿਰ ਤੋਂ ਸ਼ੁਰੂ ਕੀਤਾ। ਇਸ ਕਲਾ ਪਿੱਛੇ ਉਹਨਾਂ ਦੀ ਤਕਰੀਬਨ 11 ਸਾਲ ਦੀ ਮਿਹਨਤ ਹੈ ਜਿਸ ਨੇ ਉਹਨਾਂ ਨੂੰ ਇੱਥੇ ਤਕ ਪਹੁੰਚਾਇਆ।

ਟਰੈਕਟਰਾਂ ਦੀਆਂ ਲਗਭਗ ਸਾਰੀਆਂ ਕਿਸਮਾਂ ਬਣਾਈਆਂ ਗਈਆਂ ਹਨ ਜੋ ਕਿ ਕਿਸਾਨ ਦੀ ਸ਼ਾਨ ਮੰਨੇ ਜਾਂਦੇ ਹਨ। ਇਹਨਾਂ ਟਰੈਕਟਰਾਂ ਵਿਚ ਪ੍ਰੀਤ, ਅਰਜਨ, ਸਵਰਾਗ, 5911 ਤੇ ਹੋਰ ਕਈ ਟਰੈਕਟਰ ਸ਼ਾਮਲ ਹਨ। ਪੰਜਾਬੀ ਵਿਰਾਸਤ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਚਰਖਾ, ਚੱਕੀ, ਗੱਡਾ, ਉਖਲੀ ਆਦਿ ਸਮਾਨ ਵੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਅੱਜ ਦੇ ਲੀਡਰ ਤੇ ਪੰਜਾਬ ਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਬੁੱਤ ਤੇ ਚੀਜ਼ਾਂ ਦੀ ਮੀਨਾਕਾਰੀ ਕੀਤੀ ਗਈ ਹੈ।

ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਬਣਾਉਣ ਵਿਚ ਲੱਗੇ ਸਮੇਂ ਬਾਰੇ ਦਸਿਆ ਕਿ ਇਕ ਟਰੈਕਟਰ 10 ਤੋਂ 12 ਦਿਨਾਂ ਦੇ ਵਿਚ ਤਿਆਰ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਹਨਾਂ ਦਸਿਆ ਕਿ ਉਹਨਾਂ ਨੂੰ ਅਪਣੇ ਕੰਮ ਪ੍ਰਤੀ ਬਹੁਤ ਜ਼ਨੂੰਨ ਹੈ ਤੇ ਉਹ ਕਦੇ ਵੀ ਇਸ ਤੋਂ ਥੱਕਦੇ ਨਹੀਂ।

ਇਸ ਦੇ ਨਾਲ ਹੀ ਉਹ ਖੇਤੀਬਾੜੀ ਦਾ ਕੰਮ ਵੀ ਕਰਦੇ ਹਨ। ਸੋ ਲੋੜ ਹੈ ਅਜਿਹੇ ਕਲਾਕਾਰ ਅਤੇ ਇਹਨਾਂ ਦੀਆਂ ਕਲਾਵਾਂ ਨੂੰ ਵੀ ਸੰਭਾਲਿਆ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਦੀ ਵਿਰਾਸਤ ਬਾਰੇ ਪਤਾ ਲੱਗ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।