ਅਮਰੂਦ ਤੋੜਦੀਆਂ ਦੋ ਬੱਚੀਆਂ ਟਾਂਗਰੀ ਨਦੀ ’ਚ ਡੁੱਬੀਆਂ; ਲਾਸ਼ਾਂ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੱਚੀਆਂ ਦੀ ਪਛਾਣ ਮੰਜੂ ਦੇਵੀ (11) ਅਤੇ ਮਨਦੀਪ ਕੌਰ (9) ਵਜੋਂ ਹੋਈ ਹੈ।

Two girls drowned in Tangri river

 

ਪਟਿਆਲਾ: ਦੇਵੀਗੜ੍ਹ ਨੇੜਲੇ ਪਿੰਡ ਬੁਧਮੋਰ ਵਿਖੇ ਅਪਣੇ ਦਾਦੇ ਨਾਲ ਅਮਰੂਦ ਤੋੜਨ ਗਈਆਂ 2 ਚਚੇਰੀਆਂ ਭੈਣਾਂ ਪੈਰ ਫਿਸਲਣ ਕਾਰਨ ਟਾਂਗਰੀ ਨਦੀ ਵਿਚ ਡਿੱਗ ਗਈਆਂ। ਨਦੀ ਦੇ ਪਾਣੀ ਵਿਚ ਡੁੱਬਣ ਕਾਰਨ ਦੋਹਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਇਕ ਦੀ ਲਾਸ਼ ਐਤਵਾਰ ਰਾਤ ਜਦਕਿ ਦੂਜੀ ਬੱਚੀ ਦੀ ਲਾਸ਼ ਅੱਜ ਸੋਮਵਾਰ ਨੂੰ ਬਰਾਮਦ ਕੀਤੀ ਗਈ। ਪੁਲਿਸ ਨੇ ਦੋਹਾਂ ਬੱਚੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ  ਲਈ ਭੇਜ ਦਿਤਾ ਹੈ। ਬੱਚੀਆਂ ਦੀ ਪਛਾਣ ਮੰਜੂ ਦੇਵੀ (11) ਅਤੇ ਮਨਦੀਪ ਕੌਰ (9) ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਅੰਬਾਲਾ 'ਚ ਪਟਿਆਲਾ ਦੇ ਪਿਓ-ਪੁੱਤ ਦੀ ਹੋਈ ਮੌਤ, ਇਕ ਜ਼ਖ਼ਮੀ

ਜਾਣਕਾਰੀ ਅਨੁਸਾਰ ਪਿੰਡ ਬੁਧਮੋਰ ਦੀਆਂ ਦੋ ਬੱਚੀਆਂ ਮੰਜੂ ਦੇਵੀ (11) ਪੁੱਤਰੀ ਗੁਰਮੀਤ ਸਿੰਘ ਤੇ ਮਨਦੀਪ ਕੌਰ (9) ਪੁੱਤਰੀ ਕੁਲਦੀਪ ਸਿੰਘ ਅਪਣੇ ਦਾਦੇ ਨਾਲ ਸਵੇਰੇ ਸਾਢੇ 10 ਵਜੇ ਦੇ ਕਰੀਬ ਗਈਆਂ ਸਨ। ਜੋ ਕਿ ਟਾਂਗਰੀ ਨਦੀ ਦੇ ਕੰਢੇ ਤੋਂ ਪਸ਼ੂਆਂ ਲਈ ਘਾਹ ਵੱਢਣ ਗਿਆ ਸੀ, ਉਥੇ ਨਦੀ ਦੇ ਕੰਢੇ ’ਤੇ ਅਮਰੂਦ ਦਾ ਬੂਟਾ ਸੀ। ਜਿਸ ਤੋਂ ਇਹ ਲੜਕੀਆਂ ਉਪਰ ਚੜ੍ਹ ਕੇ ਅਮਰੂਦ ਤੋੜਨ ਲੱਗ ਪਈਆਂ ਅਤੇ ਅਚਾਨਕ ਪੈਰ ਫਿਸਲਣ ਕਾਰਨ ਨਦੀ ਦੇ ਡੂੰਘੇ ਪਾਣੀ ’ਚ ਡਿੱਗ ਗਈਆਂ। ਇਸ ਦੀ ਸੂਚਨਾ ਪੁਲਿਸ ਚੌਕੀ ਰੌਹੜ ਜਾਗੀਰ ਨੂੰ ਦਿਤੀ ਗਈ। ਇਸ ਮਗਰੋਂ ਗੋਤਾਖੋਰਾਂ ਦੀ ਮਦਦ ਨਾਲ ਇਨ੍ਹਾਂ ਦੀਆਂ ਲਾਸ਼ਾਂ ਨੂੰ ਲੱਭਿਆ ਗਿਆ।