'ਚੋਣ ਜ਼ਾਬਤੇ ਦੇ ਬਾਵਜੂਦ ਦੋਵੇਂ ਬਾਦਲ ਬੂਥਾਂ 'ਤੇ ਕਿਉਂ ਗਏ?'
ਜ਼ਿਲ੍ਹਾ ਪ੍ਰ੍ਰੀਸ਼ਦਾਂ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਹੋਈਆਂ ਹਿੰਸਕ ਘਟਨਾਵਾਂ ਤੇ ਧਾਂਦਲੀਆਂ ਦੇ ਲੱਗ ਰਹੇ ਦੋਸ਼ਾਂ ਦੀ ਸਫ਼ਾਈ ਦਿੰਦਿਆਂ ਸੱਤਾਧਾਰੀ ਕਾਂਗਰਸ.........
ਚੰਡੀਗੜ੍ਹ : ਜ਼ਿਲ੍ਹਾ ਪ੍ਰ੍ਰੀਸ਼ਦਾਂ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਹੋਈਆਂ ਹਿੰਸਕ ਘਟਨਾਵਾਂ ਤੇ ਧਾਂਦਲੀਆਂ ਦੇ ਲੱਗ ਰਹੇ ਦੋਸ਼ਾਂ ਦੀ ਸਫ਼ਾਈ ਦਿੰਦਿਆਂ ਸੱਤਾਧਾਰੀ ਕਾਂਗਰਸ ਪਾਰਟ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਭਵਨ 'ਚ ਮੀਡੀਆ ਨੂੰ ਦਸਿਆ ਕਿ ਅਕਾਲੀ ਨੇਤਾ ਵਿਸ਼ੇਸ਼ ਕਰ ਕੇ ਬਾਦਲ ਪਰਵਾਰ, ਪੰਜਾਬ ਵਿਚ ਮਾਹੌਲ ਨੂੰ ਖ਼ਰਾਬ ਕਰ ਰਹੇ ਹਨ ਜਦਕਿ ਇਨ੍ਹਾਂ ਚੋਣਾਂ ਵਿਚ ਛੋਟੀਆਂ-ਮੋਟੀਆਂ ਵਾਰਦਾਤਾਂ 'ਚ ਪੋਲਿੰਗ ਅਮਨ-ਸ਼ਾਂਤੀ ਨਾਲ ਸਿਰੇ ਚੜ੍ਹੀ ਹੈ।
ਜਾਖੜ ਦਾ ਕਹਿਣਾ ਸੀ ਕਿ ਪੰਜਾਬ ਦਾ ਵੋਟਰ ਹੁਣ ਅਕਾਲੀ ਦਲ ਨੂੰ ਮੂੰਹ ਨਹੀਂ ਲਾ ਰਿਹਾ ਅਤੇ ਬਾਦਲ ਪਰਵਾਰ ਰੈਲੀਆਂ ਦਾ ਸਹਾਰਾ ਲੈ ਕੇ ਅਮਨ-ਸ਼ਾਂਤੀ ਭੰਗ ਕਰ ਰਹੇ ਹਨ। ਕਾਂਗਰਸ ਪ੍ਰਧਾਨ ਨੇ ਸਵਾਲਾਂ ਦਾ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਕਿ ਲੰਬੀ ਹਲਕੇ 'ਚ ਵੱਡੇ ਬਾਦਲ ਤੇ ਸੁਖਬੀਰ, ਚੋਣ ਜ਼ਾਬਤੇ ਦੇ ਬਾਵਜੂਦ 100 ਗੱਡੀਆਂ ਦੇ ਕਾਫ਼ਲੇ ਨਾਲ ਕਿੱਲਿਆਂਵਾਲੀ 'ਚ ਗਏ ਅਤੇ ਗੜਬੜੀ ਕਰਾਈ। ਜਾਖੜ ਨੇ ਕਿਹਾ ਕਿ ਪੁਲਿਸ ਵਲੋਂ ਕਾਇਮ ਕੀਤੇ ਸ਼ਾਂਤ ਤੇ ਅਮਨ ਵਾਲੀ ਹਾਲਤ ਨੂੰ ਹੋਰ ਅਕਾਲੀ ਨੇਤਾਵਾਂ ਨੇ, ਦਫ਼ਾ 144 ਲੱਗੀ ਹੋਣ ਦੇ ਬਾਵਜੂਦ ਲੜਾਈ ਝਗੜੇ ਦੀ ਨੌਬਤ ਲਿਆਂਦੀ।
ਕਰਤਾਰਪੁਰ ਦੇ ਲਾਂਘੇ ਸਬੰਧੀ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਨੇਤਾ ਇਸ ਲਾਂਘੇ ਦੇ ਖੋਲ੍ਹਣ 'ਚ ਅੜਿੱਕੇ ਡਾਹ ਰਹੇ ਹਨ। ਉਨ੍ਹਾਂ ਨਵਜੋਤ ਸਿੱਧੂ ਦਾ ਪੱਖ ਪੂਰਦਿਆਂ ਕਿਹਾ ਕਿ ਅਕਾਲੀ ਲੀਡਰਾਂ ਦਾ ਫ਼ਰਜ਼ ਬਣਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਹਿਯੋਗ ਕਰ ਕੇ ਕੇਂਦਰ ਸਰਕਾਰ ਵਲੋਂ ਪਾਕਿਸਤਾਨ ਸਰਕਾਰ 'ਤੇ ਜ਼ੋਰ ਪਾਉਣ ਤਾਂਕਿ ਲਾਂਘਾ ਸਿੱਖ ਸ਼ਰਧਾਲੂਆਂ ਲਈ ਖੋਲ੍ਹਿਆ ਜਾ ਸਕੇ।