ਅਵਾਰਾ ਪਸ਼ੂਆਂ ਦਾ ਸ਼ਿਕਾਰ ਹੋਇਆ ਇਕ ਹੋਰ ਨੌਜਵਾਨ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰੀ ਮੁਆਵਜ਼ਾ ਤੇ ਨੌਕਰੀ ਮਿਲਣ ਤੱਕ ਨਹੀਂ ਹੋਵੇਗਾ ਅੰਤਿਮ ਸਸਕਾਰ

Stray Cattles

ਮਾਨਸਾ: ਬੀਤੇ ਸ਼ੁੱਕਰਵਾਰ ਦੀ ਰਾਤ ਕਰੀਬ 8 ਵਜੇ ਪਿੰਡ ਜਵਾਹਰ ਦਾ ਰਹਿਣ ਵਾਲਾ ਦਲਿਤ ਨੌਜਵਾਨ ਜੋ ਦਿਹਾੜੀ ਦਾ ਕੰਮ ਕਰਦਾ ਸੀ, ਦਿਹਾੜੀ ਕਰਨ ਤੋਂ ਬਾਅਦ ਆਪਣੇ ਬੱਚਿਆਂ ਲਈ ਦੁੱਧ ਲੈ ਕੇ ਆ ਰਿਹਾ ਸੀ ਤਾਂ ਅਵਾਰਾ ਪਸ਼ੂਆਂ ਦੇ ਸੜਕ 'ਤੇ ਇਕ ਦਮ ਸਾਹਮਣੇ ਆ ਜਾਣ ਕਾਰਨ ਅਵਾਰਾ ਪਸ਼ੂਆਂ ਨਾਲ ਟਕਰਾ ਗਿਆ ਅਤੇ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ।

ਉਸ ਦਾ ਪਰਿਵਾਰ ਅਤੇ ਪਿੰਡ ਵਾਸੀ ਉਸ ਨੂੰ ਸਰਕਾਰੀ ਹਸਪਤਾਲ ਮਾਨਸਾ ਵਿਖੇ ਲੈ ਕੇ ਗਏ ਪਰ ਸਰਕਾਰੀ ਹਸਪਤਾਲ ਮਾਨਸਾ ਵਿਚ ਜ਼ਰੂਰੀ ਸਹੂਲਤਾਂ ਨਾ ਹੋਣ ਕਾਰਨ ਪਟਿਆਲਾ ਸਰਕਾਰੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰ ਵਿਚ ਉਸ ਦੀ 24 ਸਾਲਾ ਪਤਨੀ ਵੀਰਪਾਲ ਕੌਰ, 4 ਸਾਲ ਦਾ ਪੁੱਤਰ ਸਰਵਦੀਪ, 5 ਸਾਲਾ ਪੁੱਤਰੀ ਜਸਪ੍ਰੀਤ ਕੌਰ ਅਤੇ ਇੱਕ ਬਜ਼ੁਰਗ ਮਾਤਾ ਰਹਿ ਗਏ ਹਨ। ਜਿਨ੍ਹਾਂ ਕੋਲ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੈ। ਦੁਖ ਵਾਲੀ ਗੱਲ ਇਹ ਹੈ ਕਿ ਇਸ ਪਰਿਵਾਰ ਦਾ ਮੁਖੀ ਪਿਤਾ ਦੋ ਸਾਲ ਪਹਿਲਾ ਕੈਂਸਰ ਨਾਲ ਮੌਤ ਦਾ ਸ਼ਿਕਾਰ ਹੋ ਗਿਆ ਸੀ ਅਤੇ ਲੱਖਾਂ ਰੁਪਏ ਉਸ ਦੇ ਇਲਾਜ ਉੱਪਰ ਲੱਗ ਗਿਆ ਸੀ।

ਹੁਣ ਇਸ ਪਰਿਵਾਰ ਦਾ ਆਖ਼ਰੀ ਸਹਾਰਾ ਵੀ ਅਵਾਰਾ ਪਸ਼ੂਆਂ ਕਾਰਨ ਮੌਤ ਦੇ ਮੂੰਹ ਚਲ ਗਿਆ। ਇਸ ਕਾਰਨ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਗ਼ਰੀਬ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਵਿਅਕਤੀ ਨੂੰ ਨੌਕਰੀ ਦਿੱਤੀ ਜਾਵੇ ਅਤੇ ਮੁੱਖ ਮੰਤਰੀ ਪੰਜਾਬ ਖ਼ੁਦ ਦਲਿਤ ਪਰਿਵਾਰ ਕੋਲ ਆ ਕੇ ਇਹ ਐਲਾਨ ਕਰਕੇ ਜਾਣ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਇੱਕ ਹਫ਼ਤੇ ਦੇ ਅੰਦਰ ਪੰਜਾਬ ਸਰਕਾਰ ਹੱਲ ਕਰੇਗੀ। ਜਿਨ੍ਹਾਂ ਚਿਰ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਨ੍ਹਾਂ ਸਮਾਂ ਨੌਜਵਾਨ ਦਾ ਸਸਕਾਰ ਨਹੀਂ ਕੀਤਾ ਜਾਵੇਗਾ।

ਇਸ ਸੂਚਨਾ ਬਾਰੇ ਪਤਾ ਲੱਗਣ ਸਾਰ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੇ ਮੈਂਬਰ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਬੋਘ ਸਿੰਘ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਮੌਕੇ ਤੇ ਪਹੁੰਚ ਗਏ ਅਤੇ ਪਰਿਵਾਰ ਦਾ ਦੁੱਖ ਦਰਦ ਸੁਣਿਆ। ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂਆਂ ਦੇ ਹੱਲ ਲਈ ਜ਼ਿਲ੍ਹਾ ਮਾਨਸਾ ਦੀ ਅਵਾਰਾ ਪਸ਼ੂ ਸੰਘਰਸ਼ ਕਮੇਟੀ ਲਗਾਤਾਰ 13.09.2019 ਤੋਂ ਸੰਘਰਸ਼ ਉੱਪਰ ਹੈ ਪਰ ਇਸ ਸੰਘਰਸ਼ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਕੰਨ 'ਤੇ ਜੂੰ ਨਹੀਂ ਸਰਕੀ।

ਇਸ ਸੰਘਰਸ਼ ਦੌਰਾਨ ਪਿਛਲੇ ਤਿੰਨ ਦਿਨਾਂ ਵਿਚ ਦੋ ਵਿਅਕਤੀ ਅਵਾਰਾ ਪਸ਼ੂਆਂ ਕਾਰਨ ਸੜਕੀ ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਪੰਜਾਬ ਸਰਕਾਰ ਇਸ ਮਸਲੇ ਨੂੰ ਹੱਲ ਕਰਨ ਵਿਚ ਅਸਫ਼ਲ ਰਹੀ ਹੈ। ਅਵਾਰਾ ਪਸ਼ੂ ਸੰਘਰਸ਼ ਕਮੇਟੀ, ਮਾਨਸਾ ਅਤੇ ਉਸ ਵਿਚ ਸ਼ਾਮਲ ਸਾਰੀਆਂ ਜਥੇਬੰਦੀਆਂ ਪਿੰਡ ਜਵਾਹਰ ਕੇ ਦੀ ਪੰਚਾਇਤ ਅਤੇ ਪਰਿਵਾਰ ਵੱਲੋਂ ਜੋ ਵੀ ਸੰਘਰਸ਼ ਕਰਨ ਦਾ ਫ਼ੈਸਲਾ ਲਿਆ ਜਾਵੇਗਾ ਉਸ ਵਿਚ ਸ਼ਾਮਲ ਹੋਣਗੀਆਂ।

ਇਸ ਸਮੇਂ ਮੁਨੀਸ਼ ਬੱਬੀ ਦਾਨੇਵਾਲੀਆਂ ਪ੍ਰਧਾਨ ਵਪਾਰ ਮੰਡਲ, ਮਾਨਸਾ ਡਾ ਜਨਕ ਰਾਜ, ਕਾਮਰੇਡ ਕ੍ਰਿਸ਼ਨ ਚੌਹਾਨ, ਬਿੱਕਰ ਸਿੰਘ ਮਘਾਣੀਆ, ਜਤਿੰਦਰ ਆਗਰਾ, ਕਾਮਰੇਡ ਰੂਲਦੂ ਸਿੰਘ, ਜਸਵੀਰ ਕੌਰ ਨੱਤ, ਡਾ ਧੰਨਾ ਮੱਲ ਗੋਇਲ, ਗੁਰਜੀਤ ਸਿੰਘ ਸਾਬਕਾ ਸਰਪੰਚ ਪਿੰਡ ਜਵਾਹਰਕੇ, ਤ੍ਰਿਲੋਚਨ ਸਿੰਘ ਸਰਪੰਚ ਜਵਾਹਰਕੇ, ਅਮਨਦੀਪ ਮਾਨਸ਼ਾਹੀਆਂ ਅਤੇ ਹੋਰ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦੇ ਮੈਂਬਰ ਹਾਜ਼ਰ ਸਨ।