ਮਹਿਲਾ ਦੀ ਮੌਤ ਮਗਰੋਂ ਪਰਿਵਾਰਕ ਮੈਂਬਰਾਂ ਨੇ ਹਸਪਤਾਲ ’ਤੇ ਕੱਢਿਆ ਗੁੱਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਸਪਤਾਲ ਸਟਾਫ਼ ’ਤੇ ਲਗਾਇਆ ਟੀਕਾ ਲਾ ਕੇ ਮਾਰਨ ਦਾ ਇਲਜ਼ਾਮ

Family members rushed to hospital after woman's death

ਅੰਮ੍ਰਿਤਸਰ (ਸਾਜਨ ਚੌਹਾਨ): ਜ਼ਿਲ੍ਹਾ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ’ਤੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਆਂਦੀ ਮਹਿਲਾ ਦੀ ਮੌਤ ਹੋ ਜਾਣ ਮਗਰੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿਚ ਹੰਗਾਮਾ ਕਰ ਦਿੱਤਾ। ਭੜਕੇ ਹੋਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿਚ ਡਾਕਟਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਹਸਪਤਾਲ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਅੰਦਰ ਦਾਖ਼ਲ ਨਹੀਂ ਹੋ ਸਕੇ।

ਮ੍ਰਿਤਕ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਮਨਜੀਤ ਕੌਰ ਦੇ ਪੇਟ ਵਿਚ ਦਰਦ ਹੋਣ ਕਾਰਨ ਉਸ ਨੂੰ ਹਸਪਤਾਲ ਲਿਆਂਦਾ ਗਿਆ ਸੀ ਪਰ ਹਸਪਤਾਲ ਪ੍ਰਸ਼ਾਸਨ ਨੇ ਬਿਨਾਂ ਡਾਕਟਰ ਦੇ ਹੀ ਮਰੀਜ਼ ਨੂੰ ਦਾਖਲ ਕਰ ਲਿਆ। ਜਦੋਂ ਤਕ ਡਾਕਟਰ ਪੁੱਜਿਆ ਉਦੋਂ ਤੱਕ ਮਨਜੀਤ ਕੌਰ ਦੀ ਮੌਤ ਹੋ ਚੁੱਕੀ ਸੀ।  

ਉਧਰ ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਹਸਪਤਾਲ ਦੇ ਬਾਹਰ ਰੌਲਾ ਪਾਉਂਦੇ ਲੋਕਾਂ ਨੂੰ ਸ਼ਾਂਤ ਕਰ ਦਿੱਤਾ, ਜੋ ਹਸਪਤਾਲ ’ਤੇ ਉਨ੍ਹਾਂ ਦੇ ਮਰੀਜ਼ ਨੂੰ ਟੀਕਾ ਲਗਾ ਕੇ ਮਾਰਨ ਦੇ ਇਲਜ਼ਾਮ ਲਗਾ ਰਹੇ ਸਨ। ਇਸ ਮਾਮਲੇ ਨੂੰ ਲੈ ਕੇ ਫਿਲਹਾਲ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਪੁੱਜੀ। ਦੱਸ ਦਈਏ ਕਿ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ, ਨਹੀਂ ਤਾਂ ਇਹ ਮਾਮਲਾ ਹੋਰ ਜ਼ਿਆਦਾ ਵਧ ਸਕਦਾ ਸੀ।