ਅੰਮ੍ਰਿਤਸਰ ਹਾਦਸੇ ਦੀ ਏ.ਡੀ.ਜੀ.ਪੀ. ਸਹੋਤਾ ਕਰਨਗੇ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਹਰੀ ਰਾਜਾਂ ਦੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਨੋਡਲ ਅਫ਼ਸਰ ਨਿਯੁਕਤ.......

Amritsar accident: ADGP Will co-ordinate investigation

ਜਲੰਧਰ : ਸੂਬੇ ਦੇ ਪੁਲੀਸ ਮੁਖੀ ਸ਼੍ਰੀ ਸੁਰੇਸ਼ ਅਰੋੜਾ ਨੇ ਅੱਜ ਆਖਿਆ ਕਿ ਅੰਮ੍ਰਿਤਸਰ ਰੇਲ ਹਾਦਸੇ ਦੀ ਅਪਰਾਧਿਕ ਜ਼ਿੰਮੇਵਾਰੀ ਤੈਅ ਕਰਨ ਲਈ ਏ.ਡੀ.ਜੀ.ਪੀ. (ਰੇਲਵੇ) ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਜਾਂਚ ਸੌਂਪੀ ਗਈ ਹੈ। ਅੱਜ ਇੱਥੇ 59ਵੇਂ ਪੁਲੀਸ ਯਾਦਗਾਰੀ ਦਿਵਸ ਪਰੇਡ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਕਿਸੇ ਪਾਸੇ ਤੋਂ ਤਾਂ ਅਣਗਹਿਲੀ ਹੋਈ ਹੈ ਅਤੇ ਇਸ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਜਾਂਚ ਦੇ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਸ਼੍ਰੀ ਬੀ. ਪੁਰਸਾਰਥਾ ਨੂੰ ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ

ਜੋ ਚਾਰ ਹਫ਼ਤਿਆਂ ਵਿੱਚ ਜਾਂਚ ਸੌਂਪਣਗੇ। ਇਕ ਹੋਰ ਸਵਾਲ ਦੇ ਜਵਾਬ ਵਿੱਚ ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਕਿਸੇ ਵੀ ਵਿਦਿਆਰਥੀ ਖਾਸ ਕਰਕੇ ਕਸ਼ਮੀਰੀ ਵਿਦਿਆਰਥੀ ਦੀ ਦੇਸ਼ ਭਗਤੀ 'ਤੇ ਉਂਗਲ ਚੁੱਕਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਸੂਬੇ ਦੇ ਪੁਲੀਸ ਮੁਖੀ ਨੇ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹਿਆਂ ਦੇ ਪੁਲੀਸ ਮੁਖੀਆਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰਕੇ ਆਖਿਆ ਕਿ ਵਿਦਿਅਕ ਸੰਸਥਾਵਾਂ ਵਿੱਚ ਤਾਲੀਮ ਹਾਸਲ ਕਰ ਰਹੇ ਵਿਦਿਆਰਥੀਆਂ ਨਾਲ ਵਿਸਥਾਰਤ ਵਿਚਾਰ-ਵਟਾਂਦਰਾ ਕਰਕੇ ਭਰੋਸਾ ਦਿੱਤਾ ਜਾਵੇ ਕਿ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਵਿੱਚ ਸਹਾਇਤਾ ਲਈ ਪੁਲੀਸ ਹਾਜ਼ਰ ਹੈ।

ਉਨ੍ਹਾਂ ਦੱਸਿਆ ਕਿ ਜੇਕਰ ਬਾਹਰੋ ਆਏ ਵਿਦਿਆਰਥੀ ਨੂੰ ਕੋਈ ਸ਼ਿਕਾਇਤ ਹੈ ਤਾਂ ਇਸ ਦੇ ਹੱਲ ਲਈ ਏ.ਡੀ.ਜੀ.ਪੀ. (ਕਮਿਊਨਿਟੀ ਪੁਲਿਸਿੰਗ) ਸ਼੍ਰੀ ਈਸ਼ਵਰ ਸਿੰਘ ਅਤੇ ਆਈ.ਜੀ. ਵੀ. ਨੀਰਜਾ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਡੀ.ਜੀ.ਪੀ. ਨੇ ਕਿਹਾ ਕਿ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਸ਼ੋਸਲ ਮੀਡੀਆ 'ਤੇ ਕੀਤੀਆਂ ਜਾ ਰਹੀਆਂ ਕੋਝੀਆਂ ਕੋਸ਼ਿਸ਼ਾਂ ਪ੍ਰਤੀ ਸਖਤੀ ਨਾਲ ਨਿਪਟਿਆ ਜਾਵੇਗਾ। ਸ਼੍ਰੀ ਅਰੋੜਾ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਪੁਲੀਸ ਅਫਸਰਾਂ/ਮੁਲਾਜ਼ਮਾਂ ਦੀ ਨਵੀਂ ਪੀੜ੍ਹੀ ਨੂੰ ਆਪਣੀ ਮਾਤ ਭੂਮੀ ਦੀ ਖਾਤਰ ਮਰ-ਮਿਟਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।

ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਪੈਨਸ਼ਨ ਬਹਾਲ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਡੀ.ਜੀ.ਪੀ. ਸ੍ਰੀ ਐਮ.ਕੇ. ਤਿਵਾੜੀ, ਡੀ.ਜੀ.ਪੀ. (ਸੇਵਾ-ਮੁਕਤ) ਸ਼੍ਰੀ ਐਮ.ਐਸ. ਭੁੱਲਰ, ਏ.ਡੀ.ਜੀ.ਪੀਜ਼ ਸ਼੍ਰੀ ਗੌਰਵ ਯਾਦਵ, ਸ਼੍ਰੀ ਕੁਲਦੀਪ ਸਿੰਘ, ਸ਼੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ, ਸ਼੍ਰੀ ਸੰਜੀਵ ਕਾਲੜਾ, ਆਈ.ਜੀ. ਜਸਕਰਨ ਸਿੰਘ, ਸ਼੍ਰੀ ਆਰ.ਪੀ.ਐਸ. ਬਰਾੜ, ਸ਼੍ਰੀ ਅਮਰ ਸਿੰਘ ਚਾਹਲ, ਸ਼੍ਰੀ ਨੌਨਿਹਾਲ ਸਿੰਘ ਅਤੇ ਪ੍ਰਮੋਦ ਬਾਨ, ਪੁਲੀਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਡੀ.ਆਈ.ਜੀ. ਸ਼੍ਰੀ ਐਸ.ਕੇ. ਕਾਲੀਆ ਤੇ ਸ਼੍ਰੀ ਪਵਨ ਉੱਪਲ, ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਕਮਾਂਡੈਂਟ ਸ਼੍ਰੀ ਰਾਜਿੰਦਰ ਸਿੰਘ ਤੇ ਸ੍ਰੀ ਰਾਜ ਪਾਲ ਸਿੰਘ ਸੰਧੂ, ਐਸ.ਐਸ.ਪੀ. ਸ਼੍ਰੀ ਨਵਜੋਤ ਸਿੰਘ ਮਾਹਲ ਅਤੇ ਹੋਰ ਵੀ ਹਾਜ਼ਰ ਸਨ।

Related Stories