ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਣੋ 3 ਵਜੇ ਤਕ ਕਿਹੜੇ ਹਲਕੇ 'ਚ ਕਿੰਨੇ ਫ਼ੀਸਦੀ ਹੋਈ ਵੋਟਿੰਗ

Punjab By-Election 2019 : Voting on 4 Assembly seats

ਚੰਡੀਗੜ੍ਹ : ਪੰਜਾਬ 'ਚ ਚਾਰ ਵਿਧਾਨ ਸਭਾ ਸੀਟਾਂ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਸਵੇਰ 7 ਵਜੋ ਤੋਂ ਜਾਰੀ ਹੈ। ਇਹ ਪ੍ਰਕਿਰਿਆ ਸ਼ਾਮ 6 ਵਜੇ ਤਕ ਜਾਰੀ ਰਹੇਗੀ। ਚੋਣਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥਾਂ 'ਤੇ ਪਹੁੰਚ ਰਹੇ ਹਨ। ਪੰਜਾਬ ਪੁਲਿਸ ਤੋਂ ਇਲਾਵਾ ਪੈਰਾ ਮਿਲਟਰੀ ਫ਼ੋਰਸ ਦੀਆਂ 17 ਕੰਪਨੀਆਂ ਦੀ ਤਾਇਨਾਤੀ ਕੀਤੀ ਗਈ ਹੈ। ਦੁਪਹਿਰ 3 ਵਜੇ ਤੱਕ ਫਗਵਾੜਾ 'ਚ 38.16%, ਮੁਕੇਰੀਆਂ 'ਚ 48.11%, ਦਾਖਾ 'ਚ 50.8% ਅਤੇ ਜਲਾਲਾਬਾਦ 'ਚ 57 ਫ਼ੀਸਦੀ ਵੋਟਿੰਗ ਹੋਈ।

ਦਾਖਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਯਾਲੀ ਨੇ ਆਪਣੇ ਪਰਵਾਰ ਸਣੇ ਪਿੰਡ ਗੋਰਸੀਆਂ ਕਾਦਰ 'ਚ ਵੋਟ ਭੁਗਤਾਈ। ਉਨ੍ਹਾਂ ਸੁਰੱਖਿਆ ਪ੍ਰਬੰਧਾਂ 'ਤੇ ਸੰਤੁਸ਼ਟੀ ਜਤਾਉਂਦਿਆਂ ਜਿੱਤ ਦਾ ਦਾਅਵਾ ਕੀਤਾ ਹੈ। ਉੱਥੇ ਹੀ ਚੋਣ ਕਮੀਸ਼ਨ ਵੱਲੋਂ ਮਨਪ੍ਰੀਤ ਇਯਾਲੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਚੋਣ ਜ਼ਾਬਤੇ ਦੀ ਉਲੰਘਣਾ ਕਾਰਨ ਜਾਰੀ ਕੀਤਾ ਗਿਆ ਹੈ। ਦਾਖਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੰਦੀਪ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਅਮਨਦੀਪ ਸਿੰਘ ਮੋਹੀ, ਆਪਣਾ ਪੰਜਾਬ ਪਾਰਟੀ ਦੇ ਸਿਮਰਨਦੀਪ ਸਿੰਘ ਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਚੋਣ ਮੈਦਾਨ 'ਚ ਹਨ।

ਫਗਵਾੜਾ ਸੀਟ ਤੋਂ ਵੋਟਿੰਗ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫਗਵਾੜਾ ਵਿਚ ਕਰੀਬ 220 ਬੂਥਾਂ ਵਾਸਤੇ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ 'ਚ 69 ਬੂਥ ਸੰਵੇਦਨਸ਼ੀਲ ਹਨ। ਭਾਜਪਾ ਦੇ ਕੇਂਦਰੀ ਮੰਤਰੀ ਅਤੇ ਐਮ.ਪੀ. ਸੋਮ ਪ੍ਰਕਾਸ਼ ਨੇ ਆਪਣੀ ਪਤਨੀ ਅਨੀਤਾ ਦੇ ਨਾਲ ਬੂਥ 'ਤੇ ਜਾ ਕੇ ਵੋਟ ਪਾਈ। ਉੱਥੇ ਹੀ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਪਰਵਾਰ ਦੇ ਨਾਲ ਫਗਵਾੜਾ ਵਿਖੇ ਮਾਰਕਿਟ ਕਮੇਟੀ ਦਫਤਰ ਵਿਖੇ ਵੋਟ ਪਾਈ। ਉੱਥੇ ਹੀ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ, ਜਿਸ ਕਾਰਨ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੇ ਚੋਣ ਨਿਸ਼ਾਨ ਨੂੰ ਗਲੇ 'ਚ ਪਾ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

ਮੁਕੇਰੀਆਂ ਹਲਕੇ ਵਿਚ ਵੋਟਰਾਂ ਦੀ ਗਿਣਤੀ ਲਗਭਗ 2 ਲੱਖ ਹੈ ਅਤੇ ਇੱਥੇ 241 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਮੁਕੇਰੀਆਂ ਹਲਕੇ ਤੋਂ ਕਾਂਗਰਸ ਪਾਰਟੀ ਦੇ ਇੰਦੂ ਬਾਲਾ ਉਮੀਦਵਾਰ ਹਨ। ਆਮ ਆਦਮੀ ਪਾਰਟੀ ਦੇ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ ਅਤੇ ਭਾਰਤੀ ਜਨਤਾ ਪਾਰਟੀ ਦੇ ਜੰਗੀ ਲਾਲ ਮਹਾਜਨ ਉਮੀਦਵਾਰ ਹਨ। ਇਸ ਸੀਟ ਤੋਂ ਲੋਕ ਵੱਡੀ ਗਿਣਤੀ ਵਿਚ ਵੋਟ ਪਾਉਣ ਪਹੁੰਚ ਰਹੇ ਹਨ।

ਜਲਾਲਾਬਾਦ ਹਲਕੇ ਵਿਚ ਲੋਕ ਵੱਡੀ ਤਦਾਦ ਵਿੱਚ ਵੋਟ ਪਾਉਣ ਪਹੁੰਚ ਰਹੇ ਹਨ। ਜਲਾਲਾਬਾਦ ਦੇ ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਆਪਣੇ ਜੱਦੀ ਪਿੰਡ ਘੁਬਾਇਆ ਵਿਖੇ ਵੋਟ ਪਾਈ। ਉੱਥੇ ਹੀ ਫ਼ਾਜਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਵੋਟ ਪਾਈ ਅਤੇ ਕਿਹਾ ਕਿ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਵਲਾ ਵੱਚੀ ਲੀਡ ਨਾਲ ਜ਼ਿਮਨੀ ਚੋਂ ਜਿੱਤਣਗੇ। ਹਲਕੇ ਤੋਂ ਕਾਂਗਰਸ ਦੇ ਰਮਿੰਦਰ ਸਿੰਘ ਆਵਲਾ, ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਾਜ ਸਿੰਘ ਡਿੱਬੀਪੁਰਾ ਅਤੇ ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਕਚੂਰਾ ਉਮੀਦਵਾਰ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਵੋਟ ਪਾਉਣ ਦੀ ਕੀਤੀ ਅਪੀਲ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਇਕ ਮਜ਼ਬੂਤ ਤੇ ਖ਼ੁਸ਼ਹਾਲ ਪੰਜਾਬ ਲਈ ਜਨਤਾ ਨੂੰ ਵੋਟ ਪਾਉਣ ਦੀ ਕੀਤੀ ਅਪੀਲ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵੋਟ ਪਾਉਣ ਅਤੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਸੋਚ–ਸਮਝ ਕੇ ਕਰਨ।

ਬਿੱਟੂ, ਜ਼ੀਰਾ, ਇਯਾਲੀ ਤੇ ਧਾਲੀਵਾਲ ਨੂੰ ਨੋਟਿਸ ਜਾਰੀ :
ਚੋਣ ਕਮਿਸ਼ਨ ਵਲੋਂ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਰਵਨੀਤ ਬਿੱਟੂ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ। ਰਵਨੀਤ ਬਿੱਟੂ ਵਲੋਂ ਅਕਾਲੀ ਵਰਕਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ। ਚੋਣ ਕਮਿਸ਼ਨ ਨੇ ਫਗਵਾੜਾ ਤੋਂ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਨੋਟਿਸ ਜਾਰੀ ਕੀਤਾ ਹੈ। ਧਾਲੀਵਾਲ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਚੋਣ ਨਿਸ਼ਾਨ ਗਲ 'ਚ ਪਾ ਕੇ ਵੋਟ ਪਾਈ ਸੀ।ਇਸ ਤੋਂ ਬਾਅਦ ਐਸ.ਡੀ.ਐਮ.-ਕਮ-ਰਿਟਰਨਿੰਗ ਅਫ਼ਸਰ ਲਤੀਫ਼ ਅਹਿਮਦ ਨੇ ਬਲਵਿੰਦਰ ਧਾਲੀਵਾਲ ਨੂੰ ਨੋਟਿਸ ਜਾਰੀ ਕਰ ਦਿੱਤਾ। ਇਸ ਦੇ ਨਾਲ ਹੀ ਜਿਸ ਬੂਥ ਤੋਂ ਉਨ੍ਹਾਂ ਨੇ ਵੋਟ ਪਾਈ ਸੀ ਉੱਥੋਂ ਦਾ ਸਟਾਫ਼ ਵੀ ਬਦਲ ਦਿੱਤਾ ਗਿਆ ਹੈ।

ਉਧਰ ਐਤਵਾਰ ਰਾਤ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ 'ਤੇ ਪਿੰਡ ਸਰਾਭਾ ਵਿਚ ਵੋਟਰਾਂ ਨੂੰ ਧਮਕਾਉਣ ਦੇ ਇਲਜ਼ਾਮ ਲੱਗੇ ਹਨ। ਉਨ੍ਹਾਂ ਨੇ ਰਾਤ ਨੂੰ ਫ਼ੇਸਬੁੱਕ 'ਤੇ ਲਾਈਵ ਹੋ ਕੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ ਧਮਕੀਆਂ ਦਿੱਤੀਆਂ ਸਨ। ਇਸ ਮਾਮਲੇ 'ਚ ਨੋਟਿਸ ਜਾਰੀ ਕੀਤਾ ਗਿਆ ਹੈ। ਹਲਕਾ ਦਾਖਾ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ ਵੋਟਾਂ ਵਾਲੇ ਦਿਨ ਚੋਣ ਕਮਿਸ਼ਨ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਆਲੀ ਨੇ ਸੋਮਵਾਰ ਸਵੇਰੇ ਫ਼ੇਸਬੁਕ 'ਤੇ ਲਾਈਵ ਹੋ ਕੇ ਲੋਕਾਂ ਨੂੰ ਅਕਾਲੀ ਦਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਦਾਖਾ 'ਚ ਅਕਾਲੀ-ਕਾਂਗਰਸੀ ਹੋਏ ਆਹਮੋ-ਸਾਹਮਣੇ :
ਪਿੰਡ ਸਰਾਭਾ 'ਚ ਵੋਟ ਪਾਉਣ ਨੂੰ ਲੈ ਕੇ ਕਾਂਗਰਸੀ ਤੇ ਅਕਾਲੀ ਆਹਮੋ-ਸਾਹਮਣੇ ਆ ਗਏ, ਪਰ ਉਸ ਸਮੇਂ ਨੇੜੇ-ਤੇੜੇ ਦੇ ਲੋਕ ਵਿਚਕਾਰ ਆ ਗਏ ਤੇ ਵਿਵਾਦ ਖ਼ਤਮ ਕਰਵਾਇਆ। ਇਸ ਤੋਂ ਇਲਾਵਾ ਪਿੰਡ ਗੋਰਸਿਆ ਕਾਦਰ ਬਖ਼ਸ਼ 'ਚ ਬਿਨਾਂ ਮਨਜ਼ੂਰੀ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ ਦੇ ਪੋਲਿੰਗ ਬੂਥ 'ਚ ਦਾਖ਼ਲ ਹੋਣ 'ਤੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਨੇ ਇਤਰਾਜ਼ ਜਤਾਇਆ। ਉਨ੍ਹਾਂ ਦਾ ਦੋਸ਼ ਹੈ ਕਿ ਭੈਣੀ ਬਿਨਾਂ ਮਨਜ਼ੂਰੀ ਬੂਥ 'ਚ ਵੜ ਕੇ ਇਲੈਕਸ਼ਨ ਸਟਾਫ਼ ਨਾਲ ਗੱਲ ਕਰ ਰਿਹਾ ਸੀ। ਇਸ ਕਾਂਗਰਸੀ ਕਾਂਗਰਸੀ ਤੇ ਲੋਕ ਇਨਸਾਫ਼ ਪਾਰਟੀ ਵਰਕਰਾਂ 'ਚ ਬਹਿਸਬਾਜ਼ੀ ਵੀ ਹੋਈ।