ਨਕਦੀ ਜਮ੍ਹਾਂ ਕਰਵਾਉਣ ਜਾ ਰਹੇ ਪਟਰੌਲ ਪੰਪ ਮਾਲਕ ਤੋਂ ਪਿਸਤੌਲ ਦੀ ਨੋਕ 'ਤੇ 3.32 ਲੱਖ ਲੁੱਟੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਿਆਣਾ ਅਤੇ ਰਾਜਸਥਾਨ ਸਰਹੱਦ ‘ਤੇ ਵੱਸੇ ਪਿੰਡ ਖੁੰਬਨ ਦੇ ਨੇੜੇ ਦਿਨ ਦਿਹਾੜੇ ਸਵੇਰੇ 11:30 ਵਜੇ ਤਿੰਨ ਲੁਟੇਰਿਆਂ ਨੇ ਪਿਸਟਲ ...

Robbers plundered 3.32 lakh rupees from the petrol pump owner

ਅਬੋਹਰ (ਪੀਟੀਆਈ) : ਹਰਿਆਣਾ ਅਤੇ ਰਾਜਸਥਾਨ ਸਰਹੱਦ ‘ਤੇ ਵੱਸੇ ਪਿੰਡ ਖੁੰਬਨ ਦੇ ਨੇੜੇ ਦਿਨ ਦਿਹਾੜੇ ਸਵੇਰੇ 11:30 ਵਜੇ ਤਿੰਨ ਲੁਟੇਰਿਆਂ ਨੇ ਪਿਸਟਲ   ਦੇ ਜ਼ੋਰ ‘ਤੇ ਇਕ ਪੈਟਰੋਲ ਪੰਪ ਮਾਲਿਕ ਤੋਂ 3 ਲੱਖ 32 ਹਜ਼ਾਰ 500 ਰੁਪਏ ਲੁੱਟ ਲਏ। ਇਹ ਰਕਮ ਪਿਛਲੇ ਤਿੰਨ ਦਿਨਾਂ ਵਿਚ ਪੰਪ ‘ਤੇ ਹੋਈ ਵਿਕਰੀ ਦੀ ਸੀ। ਜਿਸ ਨੂੰ ਬੈਂਕ ਵਿਚ ਜਮ੍ਹਾਂ ਕਰਵਾਉਣ ਲਈ ਲੈ ਕੇ ਜਾਇਆ ਜਾ ਰਿਹਾ ਸੀ।

ਮੁਕਤਸਰ ਜ਼ਿਲ੍ਹਾ ਦੇ ਪਿੰਡ ਅਰਨੀਵਾਲਾ ਵਜੀਰਾ ਥਾਣਾ ਲੰਬੀ ਨਿਵਾਸੀ ਸੁਖਦੇਵ ਸਿੰਘ ਪੁੱਤਰ ਜੀਵਾ ਸਿੰਘ ਅਪਣੇ ਪਿੰਡ ਤੋਂ ਸਵੇਰੇ 11 ਵਜੇ ਅਪਣੇ ਪਲੈਟਿਨਾ ਮੋਟਰਸਾਈਕਲ ‘ਤੇ ਖੁੰਬਨ ਸਥਿਤ ਐਸਬੀਆਈ ਬੈਂਕ ਵਿਚ 3 ਲੱਖ 32 ਹਜ਼ਾਰ 500 ਰੁਪਏ ਜਮਾਂ ਕਰਵਾਉਣ ਲਈ ਜਾ ਰਿਹਾ ਸੀ। ਜਿਵੇਂ ਹੀ ਉਹ ਅਪਣੇ ਸ਼ੇਰਾਂਵਾਲੀ ਸਥਿਤ ਪੈਟਰੋਲ ਪੰਪ ਨਿਊ ਦਸ਼ਮੇਸ਼ ਕਿਸਾਨ ਸੇਵਾ ਕੇਂਦਰ ਤੋਂ 2 ਕਿਲੋਮੀਟਰ ਅਤੇ ਖੁੰਬਨ ਤੋਂ 3 ਕਿਲੋਮੀਟਰ ਪਿਛੇ ਪਹੁੰਚਿਆ

ਤਾਂ ਪਿਛੇ ਤੋਂ ਫੋਰਡ ਫਿਗੋ ਕਾਰ ‘ਤੇ ਆ ਰਹੇ ਤਿੰਨ ਅਣਪਛਾਤੇ ਲੁਟੇਰਿਆਂ ਨੇ ਪਹਿਲਾਂ ਉਸ ਨੂੰ ਸੜਕ ਦੇ ਕੰਡੇ ‘ਤੇ ਰੁਕਣ ਲਈ ਕਿਹਾ ਅਤੇ ਬਾਅਦ ਵਿਚ ਪਿਸਟਲ ਤਾਣ ਦਿਤੀ। ਸੁਖਦੇਵ ਸਿੰਘ ਅਜਿਹਾ ਹੁੰਦਾ ਵੇਖ ਘਬਰਾ ਗਿਆ ਅਤੇ ਵੇਖਦੇ ਹੀ ਵੇਖਦੇ ਲੁਟੇਰਿਆਂ ਨੇ ਉਸ ਦੀ ਉੱਪਰ ਦੀ ਜੇਬ ਵਿਚ ਰੱਖੇ 2 - 2 ਹਜ਼ਾਰ ਦੇ 51 ਨੋਟ ਅਤੇ ਹੱਥ ਵਿਚ ਫੜੇ ਥੈਲੇ ਨੂੰ ਖੌਹ ਲਿਆ। ਥੈਲੇ ਵਿਚ 2 ਲੱਖ 81 ਹਜ਼ਾਰ 500 ਰੁਪਏ ਸਨ, ਉਹ ਇਸ ਪੂਰੀ ਰਾਸ਼ੀ ਨੂੰ ਬੈਂਕ ਵਿਚ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ।

ਐਸਐਸਪੀ ਪਾਟਿਲ ਦੇ ਮੁਤਾਬਕ ਪੀੜਿਤਾ ਦੇ ਬਿਆਨ ‘ਤੇ ਥਾਣਾ ਬਹਾਵਵਾਲਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ, ਪੁਲਿਸ ਹੱਥ ਅਜੇ ਤੱਕ ਇਸ ਸਬੰਧੀ ਕੋਈ ਸੁਰਾਖ਼ ਨਹੀਂ ਲੱਗਾ ਹੈ। ਐਸਐਸਪੀ ਤੋਂ ਇਲਾਵਾ ਅਬੋਹਰ ਦੇ ਐਸਪੀ ਵਿਨੋਦ ਕੁਮਾਰ ਨੇ ਵੀ ਘਟਨਾ ਸਥਾਨ ਦਾ ਦੌਰਾ ਕਰ ਕੇ ਪੜਤਾਲ ਕੀਤੀ। ਜਦੋਂ ਇਸ ਸਬੰਧ ਵਿਚ ਬੱਲੁਆਨਾ ਦੇ ਡੀਐਸਪੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਸੁਰੱਖਿਆ ਬੰਦੋਬਸਤ ਨੂੰ ਲੈ ਕੇ ਕੁੱਝ ਨਹੀਂ ਦੱਸਿਆ ਅਤੇ ਫ਼ੋਨ ਕੱਟ ਦਿਤਾ।

ਉੱਧਰ ਘਟਨਾ ਤੋਂ ਬਾਅਦ ਜ਼ਿਲ੍ਹਾ ਭਰ ਵਿਚ ਨਾਕਿਆਂ ‘ਤੇ ਸਖ਼ਤੀ ਕਰ ਦਿਤੀ ਗਈ ਹੈ ਅਤੇ ਹਰ ਵਾਹਨ ਦੀ ਚੈਕਿੰਗ ਥਾਣਾ ਨੰਬਰ 2 ਦੇ ਐਸਐਚਓ ਚੰਦਰਸ਼ੇਖਰ ਵਲੋਂ ਕੀਤੀ ਜਾ ਰਹੀ ਸੀ। ਐਸਐਚਓ ਦੇ ਮੁਤਾਬਕ ਉਂਜ ਤਾਂ ਨਾਕਾਬੰਦੀ ਰੋਜ਼ ਕੀਤੀ ਜਾਂਦੀ ਹੈ ਪਰ ਪਿਛਲੇ ਦੋ ਦਿਨਾਂ ਤੋਂ ਸਖ਼ਤੀ ਜ਼ਿਆਦਾ ਕਰਨ ਦੇ ਹੁਕਮ ਹਨ। ਪੈਟਰੋਲ ਪੰਪ ਤੋਂ ਥੋੜ੍ਹੀ ਦੂਰ ਪਹੁੰਚਦੇ ਹੀ ਕਾਰ ਵਿਚ ਆਏ 3 ਨੌਜਵਾਨਾਂ ਵਿਚੋਂ ਪਹਿਲਾ ਇਕ ਸਿੱਖ ਨੌਜਵਾਨ ਨਿਕਲਿਆ ਅਤੇ ਬਾਅਦ ਵਿਚ ਹੋਰ ਨੌਜਵਾਨਾਂ ਨੇ ਨਿਕਲਦੇ ਹੀ ਉਸ ਨੂੰ ਮੋਟਰਸਾਈਕਲ ਸਾਈਡ ‘ਤੇ ਲਗਾਉਣ ਲਈ ਕਹਿ ਦਿਤਾ।

ਉਸ ਨੂੰ ਤੱਦ ਤੱਕ ਵੀ ਅਹਿਸਾਸ ਨਹੀਂ ਸੀ ਕਿ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋਣ ਵਾਲੀ ਹੈ। ਜਿਵੇਂ ਹੀ ਉਨ੍ਹਾਂ ਨੇ ਪਿਸਟਲ ਨੂੰ ਉਸ ਦੇ ਵੱਲ ਕੀਤਾ ਤਾਂ ਉਹ ਡਰ ਗਿਆ। ਨੌਜਵਾਨਾਂ ਨੇ ਜੇਬ ਵਿਚ ਹੱਥ ਪਾ ਕੇ ਸਾਰੇ ਪੈਸੇ ਕੱਢ ਲਏ। ਇਸ ਤੋਂ  ਬਾਅਦ ਹੱਥ ਵਿਚ ਫੜਿਆ ਹੋਇਆ ਥੈਲਾ ਲੈ ਕੇ ਖੁੰਬਨ ਵੱਲ ਹੀ ਫ਼ਰਾਰ ਹੋ ਗਏ। ਪੰਜਾਬ ਵਿਚ ਚਾਹੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਪਰ ਇਸ ਅਲਰਟ  ਦੇ ਜਾਰੀ ਹੋਣ ਦੀ ਪਰਿਭਾਸ਼ਾ ਜੇਕਰ ਇਸ ਤਰ੍ਹਾਂ ਦੇ ਸੁਰੱਖਿਆ ਬੰਦੋਬਸਤ ਹਨ, ਤਾਂ ਪੁਲਿਸ ਵਿਭਾਗ ਲਈ ਇਸ ਤੋਂ ਸ਼ਰਮਨਾਕ ਕੁਝ ਨਹੀਂ ਹੋ ਸਕਦਾ।

ਕਿਉਂਕਿ ਸ਼ਰੇਆਮ ਤਿੰਨ ਨੌਜਵਾਨ ਮੂੰਹ ‘ਤੇ ਕੱਪੜਾ ਬੰਨ੍ਹੇ ਬਿਨਾਂ ਇਸ ਤਰ੍ਹਾਂ ਵਾਰਦਾਤ ਕਰ ਰਹੇ ਹਨ ਤਾਂ ਕੋਈ ਵੀ ਵੱਡੀ ਵਾਰਦਾਤ ਕਰਨਾ ਲੁਟੇਰਿਆਂ ਜਾਂ ਅਤਿਵਾਦੀਆਂ ਲਈ ਮੁਸ਼ਕਿਲ ਨਹੀਂ ਹੋ ਸਕਦੀ। ਇਲਾਕੇ ਵਿਚ ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਹਾਈ ਅਲਰਟ ਜਾਰੀ ਹੋਣ ਦੇ ਬਾਵਜੂਦ ਦਿਨ ਦਿਹਾੜੇ ਪਿਸਟਲ ਦੇ ਜ਼ੋਰ ‘ਤੇ ਕੋਈ ਲੁੱਟ ਹੋ ਜਾਵੇ ਅਤੇ 8 ਘੰਟੇ ਤੋਂ ਬਾਅਦ ਵੀ ਪੁਲਿਸ ਦੇ ਹੱਥ ਖ਼ਾਲੀ ਹਨ। ਵੱਡੀ ਗੱਲ ਤਾਂ ਇਹ ਹੈ ਕਿ ਜਿਥੇ ਇਹ ਵਾਰਦਾਤ ਹੋਈ ਉਹ ਇਲਾਕਾ ਰਾਜਸਥਾਨ ਅਤੇ ਹਰਿਆਣਾ ਸੀਮਾ ‘ਤੇ ਵੱਸਿਆ ਹੋਇਆ ਹੈ।

ਇਸ ਤਰ੍ਹਾਂ ਤੋਂ ਸਰੇਆਮ ਨੌਜਵਾਨਾਂ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਇਕ ਤਰ੍ਹਾਂ ਤੋਂ ਤਿੰਨ ਸੂਬਿਆਂ ਦੀ ਪੁਲਿਸ ਨੂੰ ਹੀ ਚੁਣੌਤੀ ਦਿਤੀ ਹੈ। ਮੂੰਹ ‘ਤੇ ਕੱਪੜਾ ਨਾ ਬੰਨ੍ਹਣ ਤੋਂ ਸਪੱਸ਼ਟ ਹੈ ਕਿ ਉਕਤ ਲੁਟੇਰੇ ਜ਼ਿਲ੍ਹਾ ਫਾਜ਼ਿਲਕਾ ਅਤੇ ਮੁਕਤਸਰ ਦੇ ਨਹੀਂ ਹੋ ਸਕਦੇ। ਅਜੇ ਇਹ ਵੀ ਸ਼ੱਕ ਹੈ ਕਿ ਜੇਕਰ ਉਹ ਇਸ ਇਲਾਕੇ ਦੇ ਹੁੰਦੇ ਤਾਂ ਉਨ੍ਹਾਂ ਦੇ ਮੂੰਹ ‘ਤੇ ਕੱਪੜਾ ਜ਼ਰੂਰ ਬੰਨ੍ਹਿਆ ਗਿਆ ਹੁੰਦਾ, ਅਜਿਹਾ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ।

ਇਸ ਮੌਕੇ ‘ਤੇ ਕਾੱਰਵਾਈ ਕਰ ਰਹੇ ਸੀਤੋ ਚੌਂਕੀ ਦੇ ਐਸਆਈ ਮੁਨਸ਼ੀ ਰਾਮ ਨੇ ਦੱਸਿਆ ਕਿ ਜਿਸ ਜਗ੍ਹਾ ਵਾਰਦਾਤ ਹੋਈ, ਉਸ ਤੋਂ 3 ਕਿਲੋਮੀਟਰ ਦੂਰੀ ‘ਤੇ ਹੀ ਸੁਖਦੇਵ ਸਿੰਘ ਦਾ ਪੈਟਰੋਲ ਪੰਪ ਹੈ ਅਤੇ ਪਿਛਲੇ 3 ਦਿਨਾਂ ਦੀ ਪੈਟਰੋਲ ਪੰਪ ਦੀ ਸੇਲ ਨੂੰ ਉਹ ਮੰਗਲਵਾਰ ਨੂੰ ਬੈਂਕ ਵਿਚ ਜਮਾਂ ਕਰਵਾਉਣ ਲਈ ਜਾ ਰਿਹਾ ਸੀ।