ਸੰਗਰੂਰ ਦੇ ਇਕ ਹੋਰ ਗੋਦਾਮ 'ਚੋਂ 298 ਕਣਕ ਦੇ ਥੈਲੇ ਲੁੱਟੇ ਗਏ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹੇ ਵਿਚ ਪੈਂਦੇ ਪਿੰਡ ਭੋਜੋਵਾਲੀ ਵਿਚ ਇਕ ਲੁਟੇਰਾ ਗੈਂਗ ਵਲੋਂ  ਤਿੰਨ ਚੌਕੀਦਾਰਾਂ ਨੂੰ ਕੁੱਟ ਕੇ ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਗੋਦਾਮ ਵਿਚੋਂ ...

Godown Wheat Bags

ਸੰਗਰੂਰ : ਜ਼ਿਲ੍ਹੇ ਵਿਚ ਪੈਂਦੇ ਪਿੰਡ ਭੋਜੋਵਾਲੀ ਵਿਚ ਇਕ ਲੁਟੇਰਾ ਗੈਂਗ ਵਲੋਂ  ਤਿੰਨ ਚੌਕੀਦਾਰਾਂ ਨੂੰ ਕੁੱਟ ਕੇ ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਗੋਦਾਮ ਵਿਚੋਂ 298 ਕਣਕ ਦੇ ਥੈਲੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ 26 ਅਗੱਸਤ ਨੂੰ ਵੀ ਲੁਟੇਰਿਆਂ ਦੇ ਇਕ ਗੈਂਗ ਨੇ ਪਨਸਪ ਦੇ ਗੋਦਾਮ ਵਿਚੋਂ 248 ਥੈਲੇ ਕਣਕ ਦੇ ਲੁੱਟ ਲਏ ਸਨ। ਲੁਟੇਰਿਆਂ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਧੂਰੀ ਵਿਖੇ ਐਫਆਈਆਰ ਦਰਜ ਕੀਤਾ ਗਿਆ ਹੈ। ਲੁਟੇਰੇ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਉਥੇ ਤਾਇਨਾਤ ਚੌਂਕੀਦਾਰਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਬੰਨ੍ਹ ਦਿਤਾ।

ਫਿਰ ਉਨ੍ਹਾਂ ਨੇ ਭੱਜਣ ਤੋਂ ਪਹਿਲਾਂ ਇਕ ਟਰੱਕ ਲਿਆਂਦਾ, ਜਿਸ ਵਿਚ ਉਹ ਕਣਕ ਦੇ ਥੈਲਿਆਂ ਨੂੰ ਲੱਦ ਕੇ ਫ਼ਰਾਰ ਹੋ ਗਏ। ਏਐਸਆਈ ਅਵਤਾਰ ਸਿੰਘ ਨੇ ਕਿਹਾ ਕਿ ਗੋਦਾਮ ਪ੍ਰਬੰਧਕ ਬ੍ਰਿਜ ਮੋਹਨ ਦੀ ਸ਼ਿਕਾਇਤ 'ਤੇ ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਇੰਝ ਪ੍ਰਤੀਤ ਹੁੰਦਾ ਹੈ ਕਿ ਇਹ ਘਟਨਾਵਾਂ ਇਕ ਹੀ ਗਰੋਹ ਵਲੋਂ ਕੀਤੀਆਂ ਗਈਆਂ ਹਨ। ਪਹਿਲਾਂ ਵਾਲੇ ਮਾਮਲੇ ਵਿਚ ਇਕ ਨਿੱਜੀ ਸੁਰੱਖਿਆ ਏਜੰਸੀ ਦੇ ਪੰਜ ਚੌਕੀਦਾਰਾਂ ਨੂੰ ਲੁਟੇਰਿਆਂ ਨੇ ਕੁੱਟਿਆ ਸੀ। ਉਨ੍ਹਾਂ ਵਿਚੋਂ ਇਕ ਅਕਬਰ ਖ਼ਾਨ ਨੂੰ ਕਾਫ਼ੀ ਸੱਟਾਂ ਵੱਜੀਆਂ ਸਨ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਸਬੰਧਤ ਮ੍ਰਿਤਕ ਪਰਵਾਰ ਲਈ 10 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਅਸੀਂ ਡਿਪਟੀ ਕਮਿਸ਼ਨ ਦੇ ਦਫ਼ਤਰ ਦੇ ਸਾਹਮਣੇ ਅਣਮਿਥੇ ਸਮੇਂ ਦਾ ਵਿਰੋਧ ਸ਼ੁਰੂ ਕਰਾਂਗੇ। ਕਰਤੱਵ ਦਾ ਪਾਲਣ ਕਰਦੇ ਸਮੇਂ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਅਕਬਰ ਖ਼ਾਨ ਦੇ ਪਰਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਕਿਉਂਕਿ ਉਸ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਸਾਡੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਅਸੀਂ ਅਪਣੇ ਅੰਦੋਲਨ ਨੂੰ ਤੇਜ਼ ਕਰਾਂਗੇ। 

ਦਸ ਦਈਏ ਕਿ ਇਸ ਤਰ੍ਹਾਂ ਦੀ ਲੁੱਟ ਦੇ ਮਾਮਲੇ ਸੰਗਰੂਰ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿਚ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜਗਰਾਓਂ ਪੁਲਿਸ ਨੇ ਵੱਖ ਵੱਖ ਜ਼ਿਲ੍ਹਿਆਂ ਵਿਚ ਸਥਿਤ ਸਰਕਾਰੀ ਗੋਦਾਮਾਂ ਵਿਚੋਂ ਚੌਕੀਦਾਰਾਂ ਨੂੰ ਬੰਦੀ ਬਦਾ ਕੇ ਕਣਕ ਅਤੇ ਚੌਲਾਂ ਦੀ ਲੁੱਟ ਕਰਨ ਵਾਲੇ ਗੈਂਗ ਦੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਕੈਂਟਰ ਸਮੇਤ 325 ਬੋਰੀਆਂ ਕਣਕ ਦੀਆਂ ਬਰਾਮਦ ਕੀਤੀਆਂ ਗਈਆਂ ਹਨ

। ਪੁਲਿਸ ਨੇ ਦਸਿਆ ਕਿ ਉਕਤ ਕਾਬੂ ਕੀਤੇ ਗਏ ਕੈਂਟਰ ਵਿਚੋਂ ਲੋਡ ਕੀਤੀਆਂ 325 ਬੋਰੀਆਂ ਕਣਕ ਅਤੇ ਇਕ 12 ਬੋਰ ਦੀ ਬੰਦੂਕ, 5 ਕਾਰਤੂਸ, 2 ਰਾਡਾਂ ਲੋਹੇ ਦੀਆਂ, ਦੋ ਕਿਰਪਾਲਾਂ ਬਰਾਮਦ ਹੋਈਆਂ ਹਨ। ਫੜੇ ਗਏ ਮੁਲਜ਼ਮਾਂ ਪਾਸੋਂ ਕਾਫ਼ੀ ਖੁਲਾਸੇ ਹੋ ਰਹੇ ਹਨ।