ਪੰਚਾਇਤੀ ਚੋਣਾਂ 'ਚ ਧੱਕੇਸ਼ਾਹੀ ਦੀ ਕੀਮਤ ਚੁਕਾਉਣ ਲਈ ਤਿਆਰ ਰਹੇ ਕਾਂਗਰਸ : ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪੰਚਾਇਤੀ ਚੋਣਾਂ ਵਿਚ ਸੱਤਾਧਾਰੀ ਕਾਂਗਰਸ...
ਚੰਡੀਗੜ੍ਹ (ਸ.ਸ.ਸ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪੰਚਾਇਤੀ ਚੋਣਾਂ ਵਿਚ ਸੱਤਾਧਾਰੀ ਕਾਂਗਰਸ ਉੱਤੇ ਧੱਕੇਸ਼ਾਹੀ ਅਤੇ ਗੁੰਡਾਗਰਦੀ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਇਸ ਦੀ ਕੀਮਤ ਚੁਕਾਉਣ ਲਈ ਤਿਆਰ ਰਹੇ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਹੰਕਾਰੇ ਕਾਂਗਰਸੀਆਂ ਨੇ ਲੋਕਤੰਤਰ ਦੀ ਨੀਂਹ ਮੰਨੀ ਜਾਂਦੀ ਪੰਚਾਇਤੀ ਰਾਜ ਪ੍ਰਣਾਲੀ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 'ਚ ਕਾਂਗਰਸ ਨੇ ਬੂਥ ਲੁੱਟਣ ਤੱਕ ਦੀ ਗੁੰਡਾਗਰਦੀ ਕੀਤੀ ਸੀ। ਵਿਰੋਧੀ ਧਿਰਾਂ ਨਾਲ ਸੰਬੰਧਿਤ ਸੈਂਕੜੇ ਮਜ਼ਬੂਤ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਵਾਏ ਸਨ। ਰਾਜ ਚੋਣ ਕਮਿਸ਼ਨ ਸਮੇਤ ਸਮੁੱਚੀ ਸਰਕਾਰੀ ਮਸ਼ੀਨਰੀ ਬੇਬਸ ਹੋ ਗਈ ਸੀ, ਪਰੰਤੂ ਹੁਣ ਕਾਂਗਰਸੀਆਂ ਦੇ ਨਾਪਾਕ ਹੌਸਲੇ ਹੋਰ ਵੀ ਜ਼ਿਆਦਾ ਵੱਧ ਗਏ ਹਨ। ਬਹੁਗਿਣਤੀ ਜ਼ਿਲ੍ਹਿਆਂ ਵਿਚ ਪੁਲਿਸ ਅਤੇ ਪ੍ਰਸ਼ਾਸਨ ਕਠਪੁਤਲੀ ਵਾਂਗ ਕਾਂਗਰਸੀਆਂ ਦੇ ਹੱਥਾਂ 'ਚ ਖੇਡ ਰਿਹਾ ਹੈ। ਸੈਂਕੜਿਆਂ ਦੀ ਗਿਣਤੀ ਵਿਚ ਗੈਰ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਬਿਨਾ ਕਿਸੇ ਕਾਰਨ ਰੱਦ ਕੀਤੇ ਜਾ ਰਹੇ ਹਨ।
ਇਸ ਸੰਬੰਧੀ 'ਆਪ' ਵਫ਼ਦ ਵੱਲੋਂ ਰਾਜ ਚੋਣ ਕਮਿਸ਼ਨ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ, ਪਰੰਤੂ ਰਾਜ ਚੋਣ ਕਮਿਸ਼ਨ ਦੀ ਸਰਕਾਰ ਦੇ ਭਾਰੀ ਦਬਾਅ ਹੇਠ ਦੱਬੇ ਜਾਪਦੇ ਹਨ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਤੰਤਰ ਦੀ ਮੁੱਢਲੀ ਬੁਨਿਆਦ ਨੂੰ ਤਹਿ-ਨਹਿਸ ਕਰ ਰਹੀ ਕਾਂਗਰਸ ਦੀ ਸਖ਼ਤ ਆਲੋਚਨਾ ਕਰਦੀ ਹੈ ਅਤੇ ਇਸ ਵਿਰੁੱਧ ਸੜਕ ਤੋਂ ਲੈ ਕੇ ਸੰਸਦ ਤੱਕ ਆਵਾਜ਼ ਉਠਾਏਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 10 ਸਾਲ ਅਕਾਲੀ-ਭਾਜਪਾ ਸਰਕਾਰ ਨੇ ਵੀ ਲੋਕਤੰਤਰ ਵਿਵਸਥਾ ਦਾ ਇਸੇ ਤਰ੍ਹਾਂ ਮਜ਼ਾਕ ਬਣਾਇਆ ਸੀ ਅਤੇ ਕਾਂਗਰਸੀ ਅਕਾਲੀ-ਭਾਜਪਾ ਦੀਆਂ ਧੱਕੇਸ਼ਾਹੀਆਂ ਨੂੰ ਵੀ ਮਾਤ ਪਾਉਣ ਲੱਗੇ ਹਨ।
ਪ੍ਰਿੰਸੀਪਲ ਬੁੱਧ ਰਾਮ ਨੇ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੀ ਗੁੰਡਾਗਰਦੀ ਕਾਰਨ ਪੰਜਾਬ ਦੇ ਲੋਕਾਂ ਨੇ ਪਹਿਲਾਂ ਅਕਾਲੀ-ਭਾਜਪਾ ਨੂੰ ਸਬਕ ਸਿਖਾਇਆ ਸੀ ਹੁਣ ਕਾਂਗਰਸ ਵੀ ਪੰਜਾਬ ਦੀ ਜਨਤਾ ਵੱਲੋਂ ਸਿਖਾਏ ਜਾਣ ਵਾਲੇ ਸਖ਼ਤ ਸਬਕ ਲਈ ਤਿਆਰ ਰਹਿਣ।