‘ਆਪ’ ਦੀ ‘ਸੇਵਾਦਾਰ’ ਬਣ ਕਿਸਾਨਾਂ ਦੀ ਸੇਵਾ ’ਚ ਡਟੀ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ
ਆਮ ਇਨਸਾਨ ਵਾਂਗ ਅੰਦੋਲਨਕਾਰੀ ਕਿਸਾਨਾਂ ਦੀ ਸੇਵਾ ’ਚ ਜੁੱਟੀ ਪੰਜਾਬ ਦੀ ਧੀ
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਸਿੰਘੂ ਬਾਰਡਰ ’ਤੇ ਕਈ ਦਿਨਾਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ’ਚ ਪੰਜਾਬੀ ਫਿਲਮ ਇੰਡਸਟਰੀ ਦੇ ਵੱਡੇ ਵੱਡੇ ਸਿਤਾਰੇ ਅਤੇ ਗਾਇਕ ਪਹਿਲੇ ਦਿਨ ਤੋਂ ਹੀ ਸ਼ਾਮਲ ਹੋ ਆਪਣਾ ਸਮਰਥਨ ਦੇ ਰਹੇ ਹਨ। ਇਨ੍ਹਾਂ ਵਿੱਚ ਸ਼ਾਮਲ ਹਰਮਨ ਪਿਆਰੀ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ, ਜੋ ਆਮ ਆਦਮੀ ਪਾਰਟੀ ਦੀ ਸੇਵਾਦਾਰ ਬਣ ਕਈ ਦਿਨਾਂ ਤੋਂ ਲਗਾਤਾਰ ਸਿੰਘੂ ਬਾਰਡਰ ’ਤੇ ਕਿਸਾਨਾਂ ਦੀ ਸੇਵਾ ਕਰ ਰਹੀ ਹੈ।
ਸਿੱਖ ਧਰਮ ’ਚ ਸੇਵਾ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਹੈ, ਇਸ ਦੀ ਪਾਲਣਾ ਕਰਦੇ ਹੋਏ ਗਾਇਕਾ ਅਨਮੋਲ ਗਗਨ ਮਾਨ ਸਿੰਘੂ ਬਾਰਡਰ ਉੱਤੇ ਕਈ ਦਿਨਾਂ ਤੋਂ ਧਰਨਾ ਦੇ ਰਹੇ ਬਜ਼ੁਰਗਾਂ ਅਤੇ ਕਿਸਾਨਾਂ ਦੀ ਸੇਵਾ ਕਰ ਰਹੀ ਹੈ। ਅਨਮੋਲ ਗਗਨ ਮਾਨ ਵੱਲੋਂ ਅੰਦੋਲਨ ਵਾਲੀ ਥਾਂ ਉਤੇ ਜ਼ਰੂਰੀ ਚੀਜ਼ਾਂ ਜਿਵੇਂ ਸਵੈਟਰ, ਤੋਲੀਏ ਆਦਿ ਦਾਨ ਕੀਤੇ ਗਏ। ਉਨ੍ਹਾਂ ਗੁਰੂ ਤੇਗ ਬਹਾਦਰ ਮੈਮੋਰੀਅਲ ’ਚ ਆਮ ਆਦਮੀ ਪਾਰਟੀ ਦੀ ਰਸੋਈ ’ਚ ਲੰਗਰ ਦੀ ਸੇਵਾ ਕੀਤੀ।
ਭਾਜਪਾ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕੜਾਕੇ ਦੀ ਪੈ ਰਹੀ ਠੰਢ ’ਚ ਕੇਂਦਰ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜ ਰਹੇ ਕਿਸਾਨ ਖੁੱਲ੍ਹੇ ਅਸਮਾਨ ’ਚ ਡਟੇ ਹੋਏ ਹਨ। ਕਿਸਾਨ ਇਸ ਬਿੱਲ ਦੇ ਵਿਰੁੱਧ ਪਹਿਲਾਂ ਪੰਜਾਬ ’ਚ ਦੋ ਮਹੀਨੇ ਤੋਂ ਧਰਨੇ ਉੱਤੇ ਬੈਠੇ ਸਨ, ਪ੍ਰੰਤੂ ਜਦੋਂ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਮਜ਼ਬੂਰ ਹੋ ਕੇ ਦਿੱਲੀ ਵੱਲ ਕੂਚ ਕੀਤਾ।
ਕਿਸਾਨ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਹਨ, ਜਦੋਂ ਕਿ ਮੋਦੀ ਸਰਕਾਰ ਕਿਸਾਨਾਂ ਦੀ ਬਜਾਏ ਅਡਾਨੀ-ਅੰਬਾਨੀ ਨੂੰ ਲਾਭ ਪਹੁੰਚਾਉਣ ਲਈ ਕੰਮ ਕਰ ਰਹੀ ਹੈ। ਕਿਸਾਨਾਂ ਵੱਲੋਂ ਬੜੀ ਸਿੱਧੀ ਜਹੀ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨ ਵਿਰੋਧੀ ਤਿੰਨੋਂ ਕਾਲੇ ਬਿੱਲਾਂ ਨੂੰ ਤੁਰੰਤ ਰੱਦ ਕੀਤੇ ਜਾਣ ਅਤੇ ਸਾਰੀਆਂ ਫਸਲਾਂ ਉਤੇ ਐਮਐਸਪੀ ਦੀ ਕਾਨੂੰਨਨ ਗਾਰੰਟੀ ਦਿੱਤੀ ਜਾਵੇ, ਪ੍ਰੰਤੂ ਕੇਂਦਰ ਦੀ ਤਾਨਾਸ਼ਾਹ ਮੋਦੀ ਸਰਕਾਰ ਅਜੇ ਤੱਕ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ।
ਕੇਂਦਰ ਦੀ ਭਾਜਪਾ ਸਰਕਾਰ ਪਾਰਲੀਮੈਂਟ ਵਿੱਚ ਵੀ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੀ ਹੈ, ਇਸ ਲਈ ਕੋਰੋਨਾ ਦੀ ਆੜ ’ਚ ਸਰਦ ਰੁੱਤ ਤਾ ਸ਼ੈਸਨ ਨਹੀਂ ਬੁਲਾਇਆ ਜਾ ਰਿਹਾ, ਦੂਜੇ ਪਾਸੇ ਪੱਛਮੀ ਬੰਗਾਲ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰੈਲੀਆਂ ਕਰਨ ਵਿੱਚ ਰੁੱਝੇ ਹੋਏ ਹਨ। ਕੇਂਦਰ ਦੀ ਮੋਦੀ ਸਰਕਾਰ ਆਪਣਾ ਅੜੀਅਲ ਰਵੱਈਆ ਛੱਡਕੇ ਕਿਸਾਨਾਂ ਦੀ ਮੰਗ ਮੰਨਦਿਆਂ ਤਿੰਨੇ ਕਾਨੂੰਨ ਰੱਦ ਕਰੇ ਅਤੇ ਫਸਲਾਂ ਦੀ ਐਮਐਸਪੀ ਦਾ ਕਾਨੂੰਨੀ ਪ੍ਰਬੰਧ ਕਰਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣਕੇ ਦੇਸ਼ ਦੀ ਜਨਤਾ ਲਈ ਕੰਮ ਕਰਨ ਨਾ ਕਿ ਕਾਰਪੋਰੇਟ ਘਰਾਣਿਆਂ ਅਡਾਨੀ-ਅੰਬਾਨੀ ਦਾ ਨੌਕਰ ਬਣਕੇ।