ਬਿਹਤਰ ਖੇਤੀ ਸੇਵਾਵਾਂ ਯਕੀਨੀ ਬਨਾਉਣ ਲਈ ਕਾਬਿਲ ‘ਮੈਨੇਜਮੈਂਟ ਟਰੇਨੀਜ਼’ ਭਰਤੀ ਕੀਤੇ ਜਾਣਗੇ: ਮਾਨ
ਪੀ.ਏ.ਆਈ.ਸੀ. ਵਲੋਂ ਸੂਬੇ ਦੇ ਕਿਸਾਨਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਾਹਰਾਂ ਨੂੰ ਭਰਤੀ ਕਰਨ ਦਾ ਫੈਸਲਾ
ਚੰਡੀਗੜ੍ਹ : ਸੂਬੇ ਵਿੱਚ ਚੱਲ ਰਹੀ ਫਸਲੀ ਵਿਭਿੰਨਤਾ ਦੀ ਪ੍ਰਕਿਰਿਆ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਪੰਜਾਬ ਦੇ ਕਿਸਾਨਾਂ ਨੂੰ ਵਧੀਆ ਖੇਤੀ ਸੇਵਾਵਾਂ ਉਪਲਬਧ ਕਰਵਾਉਣ ਦੀ ਸਹੂਲਤ ਦੇਣ ਦੇ ਉਦੇਸ਼ ਨਾਲ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਨੇ ਰਾਜ ਵਿੱਚ ਵਧੀਆ ਯੋਗਤਾ ਪ੍ਰਾਪਤ ‘ਮੈਨੇਜਮੈਂਟ ਟ੍ਰੇਨੀਜ਼’ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਮੰਤਰੀ ਸ੍ਰੀ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਅੱਜ ਇਥੇ ਨਿਗਮ ਦੇ ਦਫਤਰ ਵਿਖੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਦੌਰਾਨ ਲਿਆ ਗਿਆ।
ਚੇਅਰਮੈਨ ਨੇ ਕਿਹਾ ਕਿ ਰਾਜ ਦੇ ਕਿਸਾਨ ਫਸਲੀ ਵਿਭਿੰਨਤਾ ਅਤੇ ਫੂਡ ਪ੍ਰੋਸੈਸਿੰਗ ਰਾਹੀਂ ਆਪਣੀ ਕਿਸਮਤ ਬਦਲ ਸਕਦੇ ਹਨ ਅਤੇ ਫਸਲੀ ਵਿਭਿੰਨਤਾ ਅਤੇ ਫੂਡ ਪ੍ਰੋਸੈਸਿੰਗ ਖੇਤਰ ਅਪਣਾਉਣਾ ਉਹਨਾਂ ਲਈ ਲਾਹੇ ਦਾ ਸੌਦਾ ਸਾਬਤ ਹੋ ਸਕਦਾ ਹੈ। ਉਨਾਂ ਕਿਹਾ ਕਿ ਗਾਹਕਾਂ ਵੱਲੋਂ ਸਿੱਘਾ ਖੇਤ ਵਿਚੋਂ ਮਾਲ ਚੁੱਕਣ ਦੀ ਵੱਧਦੀ ਮੰਗ ਕਾਰਨ ਕਿਸਾਨ ਭਾਰੀ ਮੁਨਾਫਾ ਕਮਾ ਸਕਦੇ ਹਨ। ਸ੍ਰੀ ਮਾਨ ਨੇ ਆਸ ਪ੍ਰਗਟਾਈ ਕਿ ਕਾਰਪੋਰੇਸ਼ਨ, ਵਿਭਿੰਨਤਾ ਅਤੇ ਖੇਤੀਬਾੜੀ ਅਧਾਰਤ ਉਦਯੋਗਾਂ ਨੂੰ ਹੁਲਾਰਾ ਦੇ ਕੇ ਕਿਸਾਨੀ ਦੀ ਨੁਹਾਰ ਬਦਲਣ ਲਈ ਅਹਿਮ ਕੜੀ ਵਜੋਂ ਕੰਮ ਕਰੇਗੀ। ਇਸ ਮੌਕੇ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਨਜੀਤ ਸਿੰਘ ਬਰਾੜ, ਬੋਰਡ ਦੇ ਡਾਇਰੈਕਟਰਾਂ ਕਿਰਨਜੀਤ ਸਿੰਘ ਮਿੱਠਾ ਅਤੇ ਸ੍ਰੀ ਰਣਜੀਤ ਸਿੰਘ ਸਮੇਤ ਹੋਰ ਹਾਜ਼ਰ ਸਨ