ਕਲਰਕ ਭਰਤੀ 'ਚ ਦੇਰੀ ਨੂੰ ਲੈ ਕੇ ਉਮੀਦਵਾਰਾਂ ਵਲੋਂ ਭਾਰੀ ਮੀਂਹ ‘ਚ PSSSB ਦਫ਼ਤਰ ਬਾਹਰ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ PSSSB ਦੇ ਇਸ਼ਤਿਹਾਰ ਨੰ. 4/2016 ਦੇ ਅਧੀਨ ਕਲਰਕਾਂ ਦੀ ਭਰਤੀ ਨੂੰ ਪਿਛਲੇ ਲੰਮੇ ਸਮੇਂ ਤੋਂ ਸਿਰੇ ਨਾ ਚੜ੍ਹਾਉਣ ਨੂੰ ਲੈ...

Protest by Candidates

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ PSSSB ਦੇ ਇਸ਼ਤਿਹਾਰ ਨੰ. 4/2016 ਦੇ ਅਧੀਨ ਕਲਰਕਾਂ ਦੀ ਭਰਤੀ ਨੂੰ ਪਿਛਲੇ ਲੰਮੇ ਸਮੇਂ ਤੋਂ ਸਿਰੇ ਨਾ ਚੜ੍ਹਾਉਣ ਨੂੰ ਲੈ ਕੇ ਉਮੀਦਵਾਰਾਂ ਵਲੋਂ ਅੱਜ ਭਾਰੀ ਮੀਂਹ ਅਤੇ ਠੰਡ ਦੇ ਵਿਚ ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਮੀਦਵਾਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਲਰਕਾਂ ਦੀ ਭਰਤੀ ਲਈ ਸਤੰਬਰ 2016 ਵਿਚ ਸਬੰਧਿਤ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਅਤੇ ਜਿਸ ਦਾ ਲਿਖਤੀ ਟੈਸਟ ਮਈ 2018 ਵਿਚ ਹੋਇਆ।

ਉਸ ਤੋਂ ਬਾਅਦ ਪ੍ਰੀਖਿਆ ਦਾ ਅਗਲਾ ਪੜਾਅ ਟਾਇਪਿੰਗ ਟੈਸਟ ਤਿੰਨ ਮਹੀਨੇ ਬਾਅਦ ਲਿਆ ਗਿਆ। ਇਸ ਮਗਰੋਂ ਉਮੀਦਵਾਰਾਂ ਵਲੋਂ ਸੰਘਰਸ਼ ਕਰਨ ਤੋਂ ਬਾਅਦ ਫਿਰ ਸਰਕਾਰ ਨੇ ਅਪਣੀ ਧੀਮੀ ਚਾਲ ਚਲਦੇ ਹੋਏ ਪ੍ਰੀਖਿਆ ਦੀ ਕਾਉਂਸਲਿੰਗ 26 ਨਵੰਬਰ ਤੋਂ 3 ਜਨਵਰੀ ਤੱਕ ਕਰਵਾਈ। ਹੁਣ ਵੀ ਸਰਕਾਰ ਵਲੋਂ ਇਸ ਭਰਤੀ ਨੂੰ ਸਿਰੇ ਚੜ੍ਹਾਉਣ ਲਈ ਢਿੱਲ ਵਰਤੀ ਜਾ ਰਹੀ ਹੈ।

ਉਮੀਦਵਾਰਾਂ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਸ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ ਅਤੇ ਟੈਸਟ ਪਾਸ ਕਰਨ ਤੋਂ ਬਾਅਦ ਵੀ ਉਹ ਵਿਹਲੇ ਹਨ। ਜੇਕਰ ਪ੍ਰੀਖਿਆ ਜਲਦੀ ਸਿਰੇ ਨਾ ਚੜ੍ਹਾਈ ਗਈ ਤਾਂ ਨੇੜੇ ਆ ਰਹੀਆਂ ਲੋਕਸਭਾ ਚੋਣਾਂ ਕਾਰਨ ਚੋਣ ਜਾਪਤਾ ਲੱਗਣ ਨਾਲ ਇਹ ਭਰਤੀ 5-6 ਮਹੀਨੇ ਹੋਰ ਲੇਟ ਹੋ ਜਾਵੇਗੀ। ਇਸ ਦੌਰਾਨ ਉਮੀਦਵਾਰਾਂ ਨੇ ਸਰਕਾਰ ਨੂੰ ਮੰਗ ਕਰਦੇ ਹੋਏ ਕਿਹਾ ਕਿ ਜਲਦੀ ਤੋਂ ਜਲਦੀ ਭਰਤੀ ਨੂੰ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਉਹ ਅਪਣਾ ਅਤੇ ਅਪਣੇ ਪਰਵਾਰ ਦਾ ਪ੍ਰਵਾਹ ਚਲਾਉਣ ਦੇ ਸਮਰੱਥ ਹੋ ਸਕਣ।