ਗਰੀਬਾਂ ਦੇ ਘਰ ਐਨੇ ਦਾਣੇ ਨੀ ਜਿਨੇ ਸਿਆਸਤਦਾਨ ਸੋਨਾ ਲਈ ਬੈਠੇ ਨੇ: ਭਗਵੰਤ ਮਾਨ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ...
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ‘ਸਪੋਕਸਮੈਨ ਟੀਵੀ’ ਦੀ ਮੈਨੇਜਿੰਗ ਐਡੀਟਰ ਮੈਡਮ ਨਿਮਰਤ ਕੌਰ ਨਾਲ ਇਕ ਖ਼ਾਸ ਇੰਟਰਵਿਊ ਦੌਰਾਨ ਪਰਵਾਰਿਕ ਗੱਲਾਂ ਤੇ ਪੰਜਾਬ ਦੀ ਸਿਆਸਤ ਨੀਤੀਆਂ ਦੇ ਮੁੱਦਿਆਂ ’ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਪਣੇ ਪਰਵਾਰ ਅਤੇ ਪਾਰਟੀ ਦੇ ਕੰਮਾਂ ਅਤੇ ਯੋਜਨਾਵਾਂ ਬਾਰੇ ਦਿਲ ਦੀਆਂ ਗੱਲਾਂ ਨਿਮਰਤ ਕੌਰ ਨਾਲ ਸਾਂਝੀਆਂ ਕੀਤੀਆਂ। ਗੱਲਬਾਤ ਦੌਰਾਨ ਪੁੱਛੇ ਗਏ ਕੁਝ ਅਹਿਮ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।
ਸਵਾਲ: ਤੁਸੀਂ ਸਿਆਸਤ ‘ਚ ਆ ਕੇ ਕਦੇ ਕਾਲਾ ਧਨ ਇਕੱਠਾ ਕੀਤਾ?
ਜਵਾਬ: ਪੈਸੇ ਕਮਾਉਣੇ ਹੁੰਦੇ ਤਾਂ ਮੈਂ ਫ਼ਿਲਮਾਂ ਸਟੇਜ਼ਾਂ ਉਤੇ ਜਾ ਕੇ ਬਹੁਤ ਪੈਸਾ ਇਕੱਠਾ ਕਰ ਸਕਦਾ ਸੀ ਪਰ ਜਦੋਂ ਅਸੀਂ ਇੰਡਸਟਰੀ ‘ਚ ਮੈਂ ਹਰ ਸਾਲ ਨਵੀਂ ਗੱਡੀ ਬਦਲਦਾ ਸੀ, ਜਿਹੜੀ ਨਵੀਂ ਆਉਣੀ ਉਹ ਲਿਆਉਣੀ ਹੁਣ ਪਿਛਲੇ 5 ਸਾਲ ਤੋਂ ਉਸੇ ਗੱਡੀ ਨੂੰ ਹੀ ਚਲਾ ਰਹੇ ਹਾਂ ਕਿਉਂਕਿ ਮੈਂ ਸਿਆਸਤ ‘ਚ ਮੈਂ ਪੈਸੇ ਇਕੱਠੇ ਕਰਨ ਨਹੀਂ ਆਇਆ ਬਸ ਤਨਖਾਹ ਉੱਤੇ ਗੁਜਾਰਾ ਚਲਦਾ ਹੈ। ਸਾਡੀ ਪ੍ਰਾਪਰਟੀ ਤਾਂ ਜਿੱਤ ਕਿ ਘਟ ਹੀ ਰਹੀ ਐ ਸੋ ਭ੍ਰਿਸ਼ਟਾਚਾਰ ਦਾ ਕੋਈ ਸਵਾਲ ਨੀ ਉੱਠਦਾ। ਜਿਹੜਾ ਸਿਆਸਤਦਾਨਾਂ ਨੇ ਲੋਕਾਂ ਦਾ ਪੈਸਾ ਖਾਇਆ ਹੈ ਉਹ ਤਾਂ ਆਪਣੇ ਘਰ 24-24 ਕਿਲੋ ਸੋਨਾ ਲਈ ਬੈਠੇ ਹਨ, ਐਨੇ ਗਰੀਬਾਂ ਦੇ ਘਰ ਖਾਣ ਨੂੰ ਦਾਣੇ ਨੀ ਹੁੰਦੇ ਜਿਨ੍ਹਾ ਇਹ ਸੋਨਾ ਲਈ ਬੈਠੇ ਹਨ।
ਸਵਾਲ: ਭਗਵੰਤ ਮਾਨ ਵਿਚ ਕਹਿੜੀ ਇੱਛਾ ਹੈ ਜਿਹੜੀ ਉਸਨੂੰ ਭਗਵੰਤ ਮਾਨ ਬਣਾਉਂਦੀ ਹੈ?
ਜਵਾਬ: ਕਾਮੇਡੀ ਤੇ ਸਿਆਸਤ ‘ਚ ਬਹੁਤ ਫ਼ਰਕ ਹੈ। ਕਾਮੇਡੀ ਕਲਾਕਾਰ ਇਸਨੂੰ ਵਿਅੰਗ ਨਾਲ ਲੈ ਕੇ ਚਲਾਉਂਦੇ ਹਨ, ਜਿਵੇਂ ਤੁਸੀਂ ਹਾਸੇ-ਹਾਸੇ ‘ਚ ਅਜਿਹੀ ਗੱਲ ਕਹਿ ਦਓ ਕਿ ਲੋਕਾਂ ਨੂੰ ਉਹ ਸੋਚਣ ਲਈ ਮਜਬੂਰ ਕਰ ਦੇਵੇ, ਮੇਰਾ ਉਹ ਸਟਾਇਲ ਸੀ, ਵਿਅੰਗ, ਮੈਂ ਨਾਲ ਸੋਸ਼ਲ ਮੈਸੇਜ ਜਿਵੇਂ ਦਾਜ, ਹੋਰ ਜਿੰਨੀਆਂ ਵੀ ਸਮਾਜਿਕ ਬੁਰਾਈਆਂ ਹੋਣ ਉਸਨੂੰ ਲੈ ਕੇ ਕਾਮੇਡੀ ਕਰਦੇ ਹੁੰਦੇ ਸੀ। ਸੰਗਰੂਰ ਜ਼ਿਲ੍ਹੇ ਦਾ ਸਾਡਾ ਪਿੰਡ ਆਖਰੀ ਪਿੰਡ ਹੈ। ਮੈਨੂੰ ਵਾਲੀਬਾਲ ਖੇਡਣ ਦਾ ਬਹੁਤ ਸ਼ੌਂਕ ਸੀ। ਮੈਨੂੰ ਸੱਤਵੀਂ ਜਮਾਤ ‘ਚ ਹੀ ਰਾਜਨੀਤੀ ਨਾਲ ਲਗਾਵ ਹੋ ਗਿਆ ਸੀ, ਖਬਰਾਂ ਸੁਣਨ ਦਾ ਸ਼ੌਂਕ, ਰੇਡੀਓ ਸੁਣਨ ਦਾ ਸ਼ੌਂਕ, ਪੜ੍ਹਾਈ ਦੇ ਵਿਚ ਮੈਂ ਬਹੁਤ ਹੁਸ਼ਿਆਰ ਸੀ। ਮੇਰੇ ਪਿਤਾ ਜੀ ਸਕੂਲ ਵਿਚ ਸਾਇੰਸ ਟੀਚਰ ਸਨ।
ਸਵਾਲ: ਲੋਕਾਂ ਦੇ ਦਰਦ ਨੂੰ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
ਜਵਾਬ: ਮੈਨੂੰ ਪੰਜਾਬ ਦੇ ਹਾਲਾਤ ਦੇਖ ਕੇ ਬਹੁਤ ਦਰਦ ਮਹਿਸੂਸ ਹੁੰਦਾ ਹੈ। ਹਾਸੇ ਵੀ ਉਦੋਂ ਹੀ ਚੰਗੇ ਲਗਦੇ ਹਨ ਜਦੋਂ ਚੂਲ੍ਹਿਆਂ ‘ਚ ਅੱਗ ਬਲਦੀ ਹੈ। ਮੇਰੇ ਦਿਲ ‘ਚ ਇਹ ਤਮੰਨਾ ਹੈ ਕਿ ਲੋਕਾਂ ਨੂੰ ਹਸਣ ਵਾਸਤੇ ਭਗਵੰਤ ਮਾਨ ਦੀ ਕੋਈ ਕਾਮੇਡੀ ਜਾਂ ਕੈਸੇਟ ਦੀ ਜਰੂਰਤ ਨਾ ਪਵੇ ਸਗੋਂ ਲੋਕਾਂ ਨੂੰ ਖੁਸ਼ੀ ਉਨ੍ਹਾਂ ਦੇ ਹਾਲਾਤਾਂ ਤੋਂ ਆਵੇ, ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ, ਬਜੁਰਗਾਂ ਦਾ ਇਲਾਜ ਹੋ ਜਾਵੇ, ਖੇਤਬਾੜੀ ਇਕ ਲਾਹੇਵੰਦ ਧੰਦਾ ਬਣਨਾ ਚਾਹੀਦਾ ਹੈ ਤਾਂ ਫੇਰ ਖੁਸੀਂ ਆਪਣੇ ਆਪ ਆਵੇ। ਮੇਰੇ ਚਹਿਰੇ ਅਤੇ ਮੇਰੀ ਆਵਾਜ ਨੂੰ ਮਸ਼ਹੂਰ ਕੀਤੈ ਪੰਜਾਬੀਆਂ ਨੇ, ਮੇਰਾ ਵੀ ਫ਼ਰਜ ਬਣਨਾ ਕਿ ਮੈਂ ਉਨ੍ਹਾਂ ਦੇ ਹੱਕਾਂ ਲਈ ਲੜਾਂ।
ਸਵਾਲ: ਤੁਸੀਂ ਸਿਆਸਤਦਾਨਾਂ ‘ਚ ਵਿਚਰਦੇ ਹੋ, ਤੁਹਾਡੀ ਕਲਾਕਾਰੀ ਉਥੇ ਕੀ ਕਹਿੰਦੀ ਹੈ?
ਜਵਾਬ: ਸਾਡੀ ਪਾਰਟੀ ਦਾ ਏਜੰਡਾ ਬਿਲਕੁਲ ਸਾਫ਼ ਹੈ, ਸੱਚ ‘ਤੇ ਆਧਾਰਿਤ ਪਾਰਟੀ ਹੈ। ਕੇਜਰੀਵਾਲ ਤਾਂ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਕੰਮ ਚੰਗੇ ਲੱਗੇ ਤਾਂ ਵੋਟਾਂ ਪਾ ਦਿਓ ਨਹੀਂ ਨਾ ਸਹੀ। ਬਾਦਲ ਸਾਬ੍ਹ ਤਾਂ ਹੁਣ ਕਹਿ ਰਹੇ ਨੇ, ਇੱਕ ਮੌਕਾ ਹੋਰ ਦਿਓ, ਅਸੀਂ ਉਹ ਸਿਆਸਤਦਾਨ ਨੀ ਹੈ ਅਸੀਂ ਤਾਂ ਦਰਦ ਰੱਖਣ ਵਾਲੇ ਹਾਂ। ਜਦੋਂ ਮੇਰੀ ਜਿੰਦਗੀ ਵਿੱਚ ਪਹਿਲਾ ਯੂ-ਟਰਨ ਆਇਆ ਤਾਂ ਪਹਿਲਾਂ ਲੋਕ ਮੇਰੀ ਸ਼ਕਲ ਦੇਖ ਕੇ ਹੱਸ ਪੈਂਦੇ ਸੀ ਹੁਣ ਲੋਕ ਮੈਨੂੰ ਦੇਖ ਕੇ ਰੋਂਦੇ ਹਨ ਕਿ ਸਾਡਾ ਇਹ ਕੰਮ ਕਰਦੋ ਜੀ, ਲੋਕ ਪਠਾਨਕੋਟ ਤੋਂ ਸੰਗਰੂਰ ਚੱਲ ਕੇ ਆਉਂਦੇ ਹਨ। ਰੰਗਲਾ ਪੰਜਾਬ, ਗਿੱਧੇ, ਭੰਗੜੇ ਵਾਲਾ ਪੰਜਾਬ ਅੱਜ ਟਿਕਿਆਂ ਵਾਲਾ ਪੰਜਾਬ ਬਣ ਗਿਆ ਹੁਣ ਇਹ ਦਰਦ ਮੇਰੇ ਦਿਲ ‘ਚ ਹੈ।
ਸਵਾਲ: ਸ਼ਾਮ ਦਾ ਸਮਾਂ ਤੁਸੀਂ ਕਿਵੇਂ ਬਤੀਤ ਕਰਦੇ ਹੋ?
ਜਵਾਬ: ਲਗਪਗ ਪੰਜਾਹ ਹਜਾਰ ਬੰਦਿਆਂ ਨੂੰ ਮਿਲ ਕੇ ਅਚਾਨਕ ਆਪਣੇ ਕਮਰੇ ਵਿਚ ਚਲਿਆ ਜਾਂਦਾ ਹਾਂ ਉਸ ਤੋਂ ਬਾਅਦ ਟੀਵੀ, ਖਬਰਾਂ, ਸਪੋਰਟਸ ਦਾ ਸ਼ੌਂਕ ਹੈ, ਉਹ ਦੇਖ ਕੇ ਟਾਇਮ ਪਾਸ ਕਰ ਲੈਂਦੇ ਹਾਂ ਬਾਕੀ ਟਾਇਮ ਵੀ ਘੱਟ ਹੀ ਹੁੰਦਾ ਕਦੇ ਇੰਟਰਵਿਊ ਆ ਜਾਂਦੀਆਂ ਹਨ।
ਸਵਾਲ: ਵਾਜਪਾਈ, ਮੋਦੀ, ਖੱਟਰ ਆਦਿ ਸਭ ਛੜੇ ਹਨ ਕੀ ਸਿਆਸਤਦਾਨਾਂ ਲਈ ਛੜੇ ਹੋਣਾ ਜਰੂਰੀ ਹੈ?
ਜਵਾਬ: ਇਸ ਤਰ੍ਹਾਂ ਦੀ ਕੋਈ ਗੱਲ ਨਹੀ ਪਰ ਸੰਯੋਗ ਤਾਂ ਹੁੰਦੇ ਹਨ ਜਿਵੇਂ ਮਮਤਾ ਜੀ, ਮਾਇਆਵਤੀ ਵੀ ਇੱਕੱਲੇ ਹੀ ਹਨ।
ਸਵਾਲ: ਤੁਸੀਂ ਸੰਸਦ ਹੋ, ਮਾਂ ਨੂੰ ਮਿਲਣ ਦਾ ਸਮਾਂ ਲਗਦਾ ਜਾਂ ਨਹੀਂ?
ਜਵਾਬ: ਮਾਂ ਨੂੰ ਮਿਲਣ ਦਾ ਸਮਾਂ ਬਹੁਤ ਘੱਟ ਲਗਦੈ ਕਿਉਂਕਿ ਉਹ ਪਿੰਡ ‘ਚ ਹੀ ਰਹਿੰਦੇ ਹਨ ਕਿਉਂਕਿ ਸ਼ਹਿਰ ‘ਚ ਉਨ੍ਹਾਂ ਦਾ ਦਿਲ ਬਹੁਤ ਘਟ ਲਗਦਾ ਹੈ, ਪਿੰਡ ‘ਚ ਉਨ੍ਹਾਂ ਲਈ ਖੁੱਲ੍ਹਾ ਮਾਹੌਲ ਹੈ ਵੈਸੇ ਜਦੋਂ ਉਨ੍ਹਾਂ ਦਾ ਸਮਾਂ ਲਗਦਾ ਉਹ ਵੀ ਮੇਰੇ ਕੋਲ ਇੱਥੇ ਸ਼ਹਿਰ ਆ ਜਾਂਦੇ ਹਨ ਬਾਕੀ ਮੇਰੀ ਭੈਣ ਪਟਿਆਲੇ ਰਹਿੰਦੇ ਹਨ ਉਨ੍ਹਾਂ ਕੋਲ ਚਲੇ ਜਾਂਦੇ ਹਨ।