ਨਜਾਇਜ਼ ਢੰਗ ਨਾਲ ਲੁੱਟ ਕਰ ਰਹੇ ਟੋਲ ਪਲਾਜ਼ਾ ਵਿਰੁਧ ਕਾਰਵਾਈ ਕਰੇ ਸਰਕਾਰ : ਰੋੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ 'ਤੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ...

Jai Kishan Singh Rori

ਚੰਡੀਗੜ੍ਹ : ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ 'ਤੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ ਗਿਆ ਹੈ ਜੋ ਹੁਣ ਵੀ ਬਦਸਤੂਰ ਜਾਰੀ ਹੈ। ਪੰਜਾਬ ਵਿਚ ਟੋਲ ਪਲਾਜ਼ਾ ਦੇ ਨਾਂ 'ਤੇ ਹੋ ਰਹੀ ਆਮ ਲੋਕਾਂ ਦੀ ਲੁੱਟ ਬਾਰੇ ਬੋਲਦਿਆਂ ਰੋੜੀ ਨੇ ਕਿਹਾ ਕਿ ਸੂਬੇ ਵਿਚ ਅਨੇਕ ਅਜਿਹੀਆਂ ਸੜਕਾਂ 'ਤੇ ਟੋਲ ਪਲਾਜ਼ਾ ਲਗਾਏ ਗਏ ਹਨ ਜੋ ਅਜੇ ਸੰਪੂਰਨ ਤੌਰ 'ਤੇ ਮੁਕੰਮਲ ਨਹੀਂ ਹੋਈਆ ਹਨ।

ਜਲੰਧਰ-ਪਾਣੀਪਤ ਸੜਕ 'ਤੇ ਲਾਡੋਵਾਲ ਨੇੜੇ ਲੱਗੇ ਟੋਲ ਪਲਾਜ਼ਾ ਬਾਰੇ ਬੋਲਦਿਆਂ ਰੋੜੀ ਨੇ ਕਿਹਾ ਕਿ ਇਸ ਸੜਕ ਦਾ ਨਿਰਮਾਣ ਕਾਰਜ 2009 ਵਿਚ ਸ਼ੁਰੂ ਹੋਇਆ ਸੀ ਅਤੇ 2019 ਤੱਕ ਪੂਰਾ ਹੋਣਾ ਸੀ ਪਰੰਤੂ ਹੁਣ ਤੱਕ ਵੀ ਇਸ ਦਾ ਕਾਰਜ ਪੂਰਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਟੋਲ ਕੰਪਨੀ ਨੇ ਬਿਨਾਂ ਸੜਕ ਬਣਾਏ ਹੀ ਟੋਲ ਸ਼ੁਰੂ ਕਰ ਦਿਤਾ ਸੀ। ਜਿਸ ਦੇ ਅਧੀਨ ਹਰ ਰੋਜ਼ 40 ਤੋਂ 50 ਲੱਖ ਰੁਪਏ ਵਸੂਲਿਆ ਜਾ ਰਿਹਾ ਹੈ।

ਜੋ ਰਾਸ਼ੀ ਪਿਛਲੇ 10 ਸਾਲਾਂ ਵਿਚ 1400 ਕਰੋੜ ਬਣਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਟੋਲ ਪਲਾਜ਼ਾ ਲਗਾਉਣ ਵਾਲੀ ਕੰਪਨੀ ਅਤੇ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਦੇਣ ਵਾਲੇ ਅਧਿਕਾਰੀਆਂ ਵਿਰੁਧ ਕਾਰਵਾਈ ਕੀਤੀ ਜਾਵੇ ਅਤੇ ਫ਼ੌਰੀ ਤੌਰ 'ਤੇ ਕੰਪਨੀ ਤੋਂ 1400 ਕਰੋੜ ਵਸੂਲ ਕੇ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾ ਕਰਵਾਇਆ ਜਾਵੇ।

ਰੋੜੀ ਨੇ ਕਿਹਾ ਕਿ ਜੇਕਰ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਗ਼ਲਤ ਇਕਰਾਰਨਾਮੇ ਰੱਦ ਨਹੀਂ ਕਰ ਸਕਦੀ, ਹੋਰਨਾਂ ਸੂਬਿਆਂ ਨੂੰ ਜਾ ਰਹੇ ਪਾਣੀ ਦਾ ਮੁੱਲ ਨਹੀਂ ਵਸੂਲ ਸਕਦੀ, ਸ਼ਰਾਬ ਦੀ ਕਾਰਪੋਰੇਸ਼ਨ ਬਣਾ ਕੇ ਵਾਧੂ ਟੈਕਸ ਇਕੱਠਾ ਨਹੀਂ ਕਰ ਸਕਦੀ ਤਾਂ ਟੋਲ ਪਲਾਜ਼ਾ 'ਤੇ ਕਾਰਵਾਈ ਕਰਕੇ 1400 ਕਰੋੜ ਤਾਂ ਇਕੱਠਾ ਕਰ ਹੀ ਸਕਦੀ ਹੈ।