ਪੰਜਾਬ ਸਰਕਾਰ ਨੇ 31 ਮਾਰਚ ਤੱਕ ਵਾਹਿਦ ਸੰਧਰ ਖੰਡ ਮਿੱਲ ਵਲੋਂ ਗੰਨੇ ਦਾ ਬਕਾਇਆ ਦੇਣ ਦਾ ਦਿਤਾ ਭਰੋਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਅੱਜ ਸਦਨ ਵਿਚ ਭਰੋਸਾ ਦਿਤਾ ਕਿ ਵਾਹਿਦ ਸੰਧਰ ਖੰਡ ਮਿੱਲ, ਫਗਵਾੜਾ...

Captain Amarinder Singh

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਅੱਜ ਸਦਨ ਵਿਚ ਭਰੋਸਾ ਦਿਤਾ ਕਿ ਵਾਹਿਦ ਸੰਧਰ ਖੰਡ ਮਿੱਲ, ਫਗਵਾੜਾ ਵਲੋਂ 31 ਮਾਰਚ, 2019 ਤੋਂ ਪਹਿਲਾਂ ਕਿਸਾਨਾਂ ਦੇ 35.43 ਕਰੋੜ ਰੁਪਏ ਗੰਨੇ ਦੇ ਬਕਾਏ ਦਾ ਭੁਗਤਾਨ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇਗਾ। ਵਿਧਾਨ ਸਭਾ ਵਿਚ ਵਿਧਾਇਕ ਸੋਮ ਪ੍ਰਕਾਸ਼ ਵਲੋਂ ਲਿਆਂਦੇ ਧਿਆਨ ਦਿਵਾਊ ਨੋਟਿਸ ਦੇ ਜਵਾਬ ਵਿਚ ਮੁੱਖ ਮੰਤਰੀ ਵਲੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਹ ਭਰੋਸਾ ਦਿਤਾ।

ਬਾਜਵਾ ਨੇ ਸਦਨ ਨੂੰ ਦੱਸਿਆ ਕਿ ਸਰਕਾਰ ਵਲੋਂ ਇਸ ਖੰਡ ਮਿੱਲ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਮਿੱਲ ਵਿਚ ਸਾਲ 2017-18 ਦੇ ਪਿੜਾਈ ਸੀਜ਼ਨ ਦੌਰਾਨ 184.74 ਕਰੋੜ ਰੁਪਏ ਦਾ ਗੰਨਾ ਪੀੜਿਆ ਗਿਆ ਜਿਸ ਵਿਚੋਂ ਕਿਸਾਨਾਂ ਨੂੰ 149.31 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 12 ਫਰਵਰੀ, 2019 ਤੱਕ ਕਿਸਾਨਾਂ ਦਾ 35.43 ਕਰੋੜ ਰੁਪਏ ਮਿੱਲ ਵੱਲ ਬਕਾਇਆ ਹੈ। ਇਹ ਦੱਸਣਯੋਗ ਹੈ ਕਿ ਮੌਜੂਦਾ ਸੀਜ਼ਨ ਦੌਰਾਨ ਵਾਹਿਦ ਸੰਧਰ ਖੰਡ ਮਿੱਲ ਨੇ 31 ਜਨਵਰੀ, 2019 ਤੱਕ 57.45 ਕਰੋੜ ਰੁਪਏ ਦਾ ਗੰਨਾ ਪੀੜਿਆ ਹੈ। 

ਗੰਨਾ ਕਾਸ਼ਤਕਾਰਾਂ ਨੂੰ ਸਮੇਂ ਸਿਰ ਅਦਾਇਗੀ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਬਾਜਵਾ ਨੇ ਆਖਿਆ ਕਿ ਮੁੱਖ ਮੰਤਰੀ ਨੇ ਮਿੱਲ ਦੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਭੁਗਤਾਨ ਦੇ ਮਾਮਲੇ ਵਿਚ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। 
ਇਸ ਵੇਲੇ ਸੂਬੇ ਵਿਚ ਕੁੱਲ 16 ਖੰਡ ਮਿੱਲਾਂ ਹਨ ਜਿਨ੍ਹਾਂ ਵਿਚੋਂ 9 ਸਹਿਕਾਰੀ ਅਤੇ 7 ਪ੍ਰਾਈਵੇਟ ਮਿੱਲਾਂ ਹਨ।

ਇਨ੍ਹਾਂ 9 ਸਹਿਕਾਰੀ ਖੰਡਾਂ ਮਿੱਲਾਂ ਦੀ ਪਿੜਾਈ ਸਮਰੱਥਾ 15,776 ਟਨ ਰੋਜ਼ਾਨਾ ਹੈ ਅਤੇ 7 ਪ੍ਰਾਈਵੇਟ ਮਿੱਲਾਂ ਦੀ ਪਿੜਾਈ ਸਮਰੱਥਾ 35,500 ਟਨ ਰੋਜ਼ਾਨਾ ਹੈ। ਇਨ੍ਹਾਂ ਖੰਡ ਮਿੱਲਾਂ ਨੂੰ ਪੂਰੀ ਪਿੜਾਈ ਸਮਰੱਥਾ (180 ਦਿਨ) ਚਲਾਉਣ ਲਈ 1.63 ਲੱਖ ਹੈਕਟੇਅਰ ਰਕਬੇ ਅਤੇ 896 ਲੱਖ ਕੁਇੰਟਲ ਗੰਨਾ ਮੁਹੱਈਆ ਕਰਵਾਉਣ ਦੀ ਲੋੜ ਹੈ।