ਸਿੱਖਾਂ ਨੇ ਨਿਭਾਇਆ ਫ਼ਰਜ਼, ਕਸ਼ਮੀਰੀਆਂ ਨੇ ਕਿਹਾ ਧਨਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਸ਼ਲ ਮੀਡੀਆ 'ਤੇ ਸਿੱਖ ਦਿਆਲਤਾ ਦੇ ਚਰਚੇ

The Sikhs have played the role of duty, Kashmiris said

ਚੰਡੀਗੜ੍ਹ (ਸਪੋਕਸਮੈਨ ਬਿਊਰੋ): ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੇ ਇਕ ਵਾਰ ਫਿਰ ਦਿਖਾ ਦਿਤਾ ਕਿ ਇਹ ਹਰ ਮਜ਼ਲੂਮ ਦੀ ਬਾਂਹ ਫੜਦੀ ਹੈ ਤੇ ਬਿਪਤਾ 'ਚ ਪਏ ਮਜ਼ਲੂਮ ਨੂੰ ਛੱਡ ਕੇ ਨਹੀਂ ਭਜਦੀ। ਜਿਥੇ ਸਿੱਖ ਕੌਮ ਸਰਬੱਤ ਦਾ ਭਲਾ ਮੰਗਦੀ ਹੈ ਉਥੇ ਹੀ ਇਹ ਵੀ ਅਰਦਾਸ ਕਰਦੀ ਹੈ ਕਿ ਸਾਰੀ ਦੁਨੀਆਂ ਚੜ੍ਹਦੀ ਕਲਾ 'ਚ ਰਹੇ। ਸਿੱਖ ਅਪਣੀ ਖ਼ੈਰ ਮੰਗਣ ਤੋਂ ਪਹਿਲਾਂ ਦੂਜਿਆਂ ਦੀ ਖ਼ੈਰ ਮੰਗਦੇ ਹਨ। 

ਜਿਵੇਂ ਹੀ ਸੀ ਆਰ ਪੀ ਐਫ਼ ਦੇ ਕਾਫ਼ਲੇ 'ਤੇ ਅਤਿਵਾਦੀਆਂ ਦੇ ਹਮਲੇ ਦੀ ਖ਼ਬਰ ਦੇਸ਼ ਨੂੰ ਮਿਲੀ ਤਾਂ ਦੇਸ਼ ਵਾਸੀਆਂ ਦਾ ਗੁੱਸਾ ਜਿਥੇ ਪਾਕਿਸਤਾਨ ਵਿਰੁਧ ਫੁਟਿਆ ਉਥੇ ਹੀ ਇਸ ਗੁੱਸੇ ਦਾ ਸ਼ਿਕਾਰ ਦੇਸ਼ ਦੇ ਦੂਜੇ ਹਿੱਸਿਆਂ 'ਚ ਪੜ੍ਹਨ ਵਾਲੇ ਕਸ਼ਮੀਰੀ ਵਿਦਿਆਰਥੀ ਵੀ ਹੋ ਗਏ। ਇਸ ਦੀ ਜਾਣਕਾਰੀ ਜਦੋਂ ਹੀ ਸਿੱਖ ਕੌਮ ਨੂੰ ਮਿਲੀ ਤਾਂ ਉਸ ਨੂੰ ਨਵੰਬਰ 1984 ਦਾ ਕਤਲੇਆਮ ਯਾਦ ਆ ਗਿਆ ਤੇ ਉਸ ਨੇ ਕਸ਼ਮੀਰੀਆਂ ਨੂੰ ਗੁਰਦਵਾਰਿਆਂ 'ਚ ਆਉਣ ਦਾ ਸੱਦਾ ਦਿਤਾ ਤੇ ਸੁਰੱਖਿਆ ਦਾ ਭਰੋਸਾ ਦਿਤਾ। ਅੱਜ ਸਿੱਖ ਮੁਸ਼ਕਲ 'ਚ ਆਏ ਕਸ਼ਮੀਰੀ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਦੇ ਰਾਖੇ ਬਣ ਕੇ ਪੂਰੀ ਦੁਨੀਆਂ 'ਚ ਚਰਚਾ ਵਿਚ ਹਨ। 

'ਖ਼ਾਲਸਾ ਏਡ' ਨਾਮੀ ਸਿੱਖ ਸੰਸਥਾ ਜੋ ਇਨਸਾਨੀਅਤ ਦੇ ਭਲੇ ਲਈ ਮਸ਼ਹੂਰ ਮੰਨੀ ਜਾਂਦੀ ਹੈ, ਭਾਵੇਂ ਸੀਰੀਆ ਹਮਲਾ ਹੋਵੇ, ਉੜੀਸਾ 'ਚ ਹੜ੍ਹ ਆਏ ਹੋਣ, ਖ਼ਾਲਸਾ ਏਡ ਦੀ ਟੀਮ ਹਰ ਥਾਂ ਮਨੁੱਖਤਾ ਦੀ ਸੇਵਾ ਕਰਨ ਲਈ ਪੁੱਜ ਜਾਂਦੀ ਹੈ। ਖ਼ਾਲਸਾ ਏਡ ਨੇ ਡਰੇ ਸਹਿਮੇ ਕਸ਼ਮੀਰੀਆਂ ਨੂੰ ਪਹਿਲਾਂ ਰਹਿਣ ਬਸੇਰਾ ਦਿਤਾ, ਫਿਰ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਬਕਾਇਦਾ ਸੁਰੱਖਿਅਤ ਕਸ਼ਮੀਰ ਛੱਡਿਆ ਵੀ ਗਿਆ। 

ਸਿੱਖਾਂ ਦੇ ਇਸ ਉਪਰਾਲੇ ਤੋਂ ਖ਼ੁਸ਼ ਹੋ ਕੇ ਕਸ਼ਮੀਰੀਆਂ ਨੇ ਸਿੱਖ ਕੌਮ ਲਈ ਅਪਣੇ ਪਿਆਰ ਦਾ ਪ੍ਰਗਟਾਵਾ ਕੀਤਾ ਹੈ। ਕਸ਼ਮੀਰੀਆਂ ਵਲੋਂ ਸਿੱਖ ਕੌਮ ਦਾ ਧਨਵਾਦ ਕਰਨ ਲਈ ਮੁਫ਼ਤ ਸੇਵਾਵਾਂ ਦੀ ਪੇਸ਼ਕਸ਼ ਕੀਤੀ ਹੈ। ਗੁਲਮਰਗ ਵਿਚ ਬਰਫ਼ 'ਤੇ ਬਾਈਕ ਦੀ ਸਵਾਰੀ ਤੋਂ ਲੈ ਕੇ ਮੁਫ਼ਤ ਡਾਕਟਰੀ ਇਲਾਜ, ਸਿਖਿਆ ਅਤੇ ਹੋਰ ਬਹੁਤ ਚੀਜ਼ਾਂ ਦੀ ਪੇਸ਼ਕਸ਼ ਕੀਤੀ ਹੈ।

ਮਸੀਹਾ ਬਣੇ ਸਿੱਖਾਂ ਲਈ ਇਕ ਕਸ਼ਮੀਰੀ ਕਾਰਟੂਨਿਸਟ ਸੁਹੇਲ ਨਕਸ਼ਬੰਦੀ ਨੇ ਸਿੱਖਾਂ ਦਾ ਧਨਵਾਦ ਕਰਨ ਲਈ ਇਕ ਕਾਰਟੂਨ ਬਣਾਇਆ ਹੈ ਜਿਸ 'ਚ ਇਕ ਕਿਸ਼ਤੀ 'ਚ ਖੜਾ ਸਿੱਖ ਪਾਣੀ 'ਚ ਰੁੜ੍ਹ ਰਹੇ ਕਸ਼ਮੀਰੀ ਨੂੰ ਮਦਦ ਦੀ ਕੀਤੀ ਕਰਦਾ ਦਿਖਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਇਹ ਕਾਰਟੂਨ ਖ਼ੂਬ ਚਰਚਿਤ ਹੋ ਰਿਹਾ ਹੈ। ਇਸ ਤੋਂ ਇਲਾਵਾ ਵੀ ਕਈ ਕਸ਼ਮੀਰੀ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਈਆਂ ਹਨ। ਇਕ ਨੌਜਵਾਨ ਲਿਖਦਾ ਹੈ ਕਿ ਜੇਕਰ ਇਕ ਸਿੱਖ ਉਨ੍ਹਾਂ ਨਾਲ ਖੜਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਡਰ ਨਹੀਂ ਲਗਦਾ। ਇਸ ਤਰ੍ਹਾਂ ਹੋਰ ਕਈਆਂ ਨੇ ਸਿੱਖਾਂ ਲਈ ਕਈ ਵੱਡੇ ਸ਼ਬਦ ਵਰਤੇ ਹਨ।