ਤੇਲ ਕੀਮਤਾਂ ਵਿਚ ਵਾਧੇ ਵਿਰੁਧ ਇਕਸੁਰ ਹੋਈਆਂ ਵਿਰੋਧੀ ਧਿਰਾਂ, ਕੇਂਦਰ ਸਰਕਾਰ ਨੂੰ ਪੁਛੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਨੇ ਕੀਤਾ ਪ੍ਰਦਰਸ਼ਨ, ਕਾਂਗਰਸ ਆਗੂਆਂ ਨੇ ਸਾਧੇ ਨਿਸ਼ਾਨੇ

Petrol, Diesel price

ਚੰਡੀਗੜ੍ਹ: ਤੇਲ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸਰਕਾਰ ਖਿਲਾਫ ਚੌਤਰਫਾ ਮੋਰਚਾ ਖੋਲ੍ਹ ਦਿੱਤਾ ਹੈ। ਸੋਮਵਾਰ ਨੂੰ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਤੇਲ ਕੀਮਤਾਂ ਵਿਚ ਵਾਧੇ ਖਿਲਾਫ ਸੂਬੇ ਭਰ ਵਿਚ ਜ਼ਿਲ੍ਹਾ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਪਾਰਟੀ ਦੇ ਜ਼ਿਲ੍ਹਾ ਇੰਚਾਰਜਾਂ ਦੀ ਅਗਵਾਈ ਹੇਠ ਕੀਤੇ ਗਏ ਪ੍ਰਦਰਸ਼ਨਾਂ ਵਿਚ ਜ਼ਿਲ੍ਹਾ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਲੰਟੀਅਰਾਂ ਨੇ ਸ਼ਿਰਕਤ ਕੀਤੀ।

ਆਪ ਆਗੂਆਂ ਨੇ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਅਜਿਹਾ ਇਕ ਸੂਬਾ ਹੈ ਜਿੱਥੇ ਉਤਰ ਭਾਰਤ ਦੇ ਸੂਬਿਆਂ ਵਿੱਚੋਂ ਸਭ ਤੋਂ ਜ਼ਿਆਦਾ ਤੇਲ ਦੀਆਂ ਕੀਮਤਾਂ ਹਨ। ਉਤਰ ਭਾਰਤ ਦੇ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਪੈਟਰੋਲ 4.1 ਰੁਪਏ ਮਹਿੰਗਾ ਤੇ ਡੀਜ਼ਲ ਦੀ ਕੀਮਤ 3.1 ਸਭ ਤੋਂ ਜ਼ਿਆਦਾ ਹੈ।  ਆਪ ਆਗੂਆਂ ਮੁਤਾਬਕ  ਪੰਜਾਬ ਦੇ ਲੋਕਾਂ ਨੂੰ ਦੋਹਰੀ ਮਾਰ ਪੈ ਰਹੀ ਹੈ।

ਆਗੂਆਂ ਮੁਤਾਬਕ ਇਕ ਪਾਸੇ ਤਾਂ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਵੱਲੋਂ ਆਪਣੀ ਹੋਂਦ ਨੂੰ ਬਚਾਉਣ ਲਈ ਕੀਤੇ ਜਾ ਰਹੇ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਕਰ ਰਹੀ ਹੈ। ਦੂਜੇ ਪਾਸੇ ਖੇਤੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਬਾਂਹ ਫੜ੍ਹਨ ਦੀ ਬਜਾਏ ਤੇਲ ਉਤੇ ਲਗਾਏ ਜਾ ਰਹੇ ਵਾਧੂ ਟੈਕਸ ਨਾਲ ਲੋਕਾਂ ਦਾ ਕਚਮੂਰ ਕੱਢ ਰਹੇ ਹਨ।

ਇਸੇ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਤੇਲ ਕੀਮਤਾਂ ਵਿਚ ਹੋਏ ਅਥਾਹ ਵਾਧੇ ਲਈ ਕੇਂਦਰ ਸਰਕਾਰ 'ਤੇ ਤਿੱਖੇ ਹਮਲੇ ਕੀਤੇ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਦੀ ਜੇਬ ਖਾਲੀ ਕਰਕੇ ਆਪਣੇ ਮਿੱਤਰਾਂ ਦੀਆਂ ਤਿਜੋਰੀਆਂ ਭਰਨ ਦਾ ਕੰਮ ਕਰ ਰਹੀ ਹੈ। ਟਵੀਟ ਜਾਰੀ ਕਰਦਿਆਂ ਰਾਹੁਲ ਗਾਂਧੀ ਨੇ ਲਿਖਿਆ 'ਪੈਟਰੋਲ ਪੰਪ 'ਤੇ ਗੱਡੀ 'ਚ ਤੇਲ ਪਾਉਂਦਿਆਂ ਸਮੇਂ ਜਦੋਂ ਤੁਹਾਡੀ ਨਜ਼ਰ ਤੇਜ਼ੀ ਨਾਲ ਵਧਦੇ ਮੀਟਰ 'ਤੇ ਪਵੇ ਤਾਂ ਇਹ ਜ਼ਰੂਰ ਯਾਦ ਰੱਖੋ ਕਿ ਕੱਚੇ ਤੇਲ ਦਾ ਭਾਅ ਵਧਿਆ ਨਹੀਂ, ਸਗੋਂ ਘੱਟ ਹੋਇਆ ਹੈ। ਪੈਟਰੋਲ 100 ਰੁਪਏ ਲੀਟਰ ਹੋ ਗਿਆ ਹੈ। ਮੋਦੀ ਸਰਕਾਰ ਤੁਹਾਡੀ ਜੇਬ ਖਾਲੀ ਕਰਕੇ ਮਿੱਤਰਾਂ ਨੂੰ ਦੇਣ ਦਾ ਮਹਾਨ ਕੰਮ ਮੁਫ਼ਤ 'ਚ ਕਰ ਰਹੀ ਹੈ।'

ਇਸੇ ਤਰ੍ਹਾਂ ਰਾਹੁਲ ਗਾਂਧੀ ਦੇ ਜੀਜਾ ਰੌਬਰਟ ਵਾਡਰਾ ਨੇ ਵੀ ਤੇਲ ਕੀਮਤਾਂ ਵਿਚ ਵਾਧੇ ਖਿਲਾਫ ਰੋਸ ਪ੍ਰਗਟਾਉਣ ਲਈ ਸਾਇਕਲ 'ਤੇ ਦਫਤਰ ਜਾਣ ਦਾ ਰਸਤਾ ਚੁਣਿਆ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਤੇਲ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਆਪਣੇ ਤਰਕ ਦਿੱਤੇ ਜਾ ਰਹੇ ਹਨ। ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਮੁਤਾਬਕ ਤੇਲ ਕੀਮਤਾਂ ਵਿਚ ਵਾਧਾ ਅੰਤਰ ਰਾਸ਼ਟਰੀ ਮਾਰਕਿਟ 'ਚ ਈਂਧਨ ਦੇ ਘੱਟ ਉਤਪਾਦਨ ਕਾਰਨ ਹੋ ਰਿਹਾ ਹੈ।